ਭੰਗੜਚੀ ਮੈਨੇਜਰ
ਪਾਲੀ ਰਾਮ ਬਾਂਸਲ
“ਉਸਤਾਦ ਜੀ, ਆਜੋ ਹੁਣ ਤਾਂ, ਸਟੇਜ ’ਵਾਜਾਂ ਮਾਰਦੀ ਐ।” ਮੇਰੇ ਅਜ਼ੀਜ਼ ਤੇ ਚੋਟੀ ਦੇ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਮੈਨੂੰ ਬਾਂਹ ਤੋਂ ਫੜ ਕੇ ਕੁਰਸੀ ਤੋ ਉਠਾਉਂਦਿਆਂ ਕਿਹਾ।
“ਰੁਕ ਜਾ ਕੁਝ ਦੇਰ, ਕੁਝ ਰਸਮਾਂ ਰਹਿੰਦੀਆਂ ਮੇਰੇ ਕਰਨ ਵਾਲੀਆਂ, ਉਹ ਹੋ ਲੈਣ ਦੇ। ਬਥੇਰਾ ਟਾਈਮ ਪਿਐ ਨੱਚਣ-ਟੱਪਣ ਨੂੰ।” ਮੈਂ ਬਾਂਹ ਛੁਡਾਉਂਦਿਆਂ ਕਿਹਾ।
“ਨੱਚਣ-ਟੱਪਣ ਤੋਂ ਅਹਿਮ ਕਿਹੜੀ ਰਸਮ ਹੁੰਦੀ ਐ ਉਸਤਾਦ ਜੀ ਵਿਆਹ ’ਚ? ਡਾਂਸ ਦੇ ਨਜ਼ਾਰੇ ਲੈਣ ਤੋਂ ਬਾਅਦ ਕਰ ਲਿਓ ਜਿਹੜੀ ਹੋਰ ਰਸਮ ਕਰਨੀ ਐ। ਤੁਸੀਂ ਤਾਂ ਜੀਜੇ ਹੋ ਲਾੜੇ ਦੇ, ਅਸਲੀ ਚੜ੍ਹਤ ਤਾਂ ਤੁਹਾਡੀ ਹੀ ਹੈ ਅੱਜ। ਮੂਡ ਬਣਾਓ ਜ਼ਰਾ ਨੱਚ-ਟੱਪ ਕੇ। ਫੇਰ ਰਸਮ ਸਗੋਂ ਵਧੀਆ ਨਿਭਾਈ ਜਾਊ।” ਗੁਰਚੇਤ ਨੇ ਮੈਨੂੰ ਫੂਕ ਛਕਾਉਂਦਿਆਂ ਅਤੇ ਜੱਫੀ ਪਾ ਕੇ ਸਟੇਜ ਵੱਲ ਲਿਜਾਂਦਿਆਂ ਕਿਹਾ। ਅੰਦਰੋਂ ਮਨ ਤਾਂ ਮੇਰਾ ਵੀ ਸੀ ਨੱਚਣ ਦਾ, ਸਾਢੂ ਨੂੰ ਵੀ ਨਾਲ ਲਿਆ ਤੇ ਸਟੇਜ ’ਤੇ ਚਲੇ ਗਏ। ਗੁਰਚੇਤ ਭੰਗੜਾ ਡਰੈੱਸ ’ਚ ਸਾਡੇ ਨਾਲ ਹੀ ਡਾਂਸ ਕਰ ਰਿਹਾ ਸੀ। ਅਖਾੜਾ ਪੂਰਾ ਜਚਿਆ ਹੋਇਆ ਸੀ। ਪਿੰਡ ਵਾਲੇ ਵੀ ਵੱਡੀ ਗਿਣਤੀ ’ਚ ਪਹੁੰਚੇ ਹੋਏ ਸੀ। ਖੁੱਲ੍ਹੇ ਮੈਦਾਨ ’ਚ ਹੀ ਟੈਂਟ ਲਾਏ ਹੋਏ ਸਨ; ਬੈਠਣ/ਖੜ੍ਹਨ ਦਾ ਪੂਰਾ ਇੰਤਜ਼ਾਮ ਸੀ।
... ਗੱਲ 2003 ਦੀ ਹੈ। ਵੱਡੇ ਸਾਲੇ ਦਾ ਵਿਆਹ ਸੀ ਤੇ ਬਾਜਾਖਾਨੇ ਤੋਂ ਝੁਨੀਰ ਵਿਆਹੁਣ ਗਏ ਸੀ। ਲੜਕੀ ਵਾਲੇ ਪਰਿਵਾਰ, ਖਾਸ ਕਰ ਕੇ ਲੜਕੀ ਦੇ ਪਿਤਾ ਦੀ ਇੱਛਾ ਸੀ ਕਿ ਬਰਾਤ ਧੂਮ-ਧਾਮ ਨਾਲ ਆਵੇ ਤੇ ਕੋਈ ਵਧੀਆ ਕਲਾਕਾਰ ਲਿਆਂਦਾ ਜਾਵੇ। ਗੁਰਚੇਤ ਚਿੱਤਰਕਾਰ ਮੇਰਾ ਗਰਾਈਂ ਹੀ ਸੀ ਤੇ ਮੈਨੂੰ ਉਸਤਾਦ ਕਹਿੰਦਾ ਸੀ। ਉਸ ਸਮੇਂ ਉਹ ਚੋਟੀ ਦਾ ਭੰਗੜਚੀ ਵੀ ਸੀ। ਮੈਂ ਗੁਰਚੇਤ ਨੂੰ ਕਿਹਾ ਕਿ ਸਾਲੇ ਦਾ ਵਿਆਹ ਹੈ, ‘ਬਹਿ ਜਾ ਬਹਿ ਜਾ’ ਕਰਾਉਣੀ ਹੈ।
ਗੁਰਚੇਤ ਵਿਆਹ ਵਾਲੇ ਦਿਨ ਆਪਣੇ ਨਾਲ 3-4 ਆਰਕੈਸਟਰਾ ਵਾਲੀਆਂ ਕੁੜੀਆ ਲੈ ਕੇ ਝੁਨੀਰ ਪਹੁੰਚ ਗਿਆ। ਉਹ ਜਾਣਦਾ ਸੀ ਕਿ ਜਦੋਂ ਭੰਗੜੇ ਵਾਲੇ ਗਾਣੇ ਚੱਲ ਰਹੇ ਹੋਣ ਤਾਂ ਮੇਰੇ ਪੈਰ ਮੱਲੋ-ਮੱਲੀ ਸਟੇਜ ਵੱਲ ਵਧ ਜਾਂਦੇ। ਉਹਨੂੰ ਇਹ ਵੀ ਪਤਾ ਸੀ ਕਿ ਸਟੇਜ ’ਤੇ ਭੰਗੜਾ ਡਰੈੱਸ ਪਾ ਕੇ ਡਾਂਸ ਕਰਨਾ ਮੇਰਾ ਸ਼ੌਕ ਤੇ ਕਮਜ਼ੋਰੀ ਹੈ। ਅੰਦਰੋ-ਅੰਦਰੀ ਤਾਂ ਮੇਰੇ ਅੰਦਰ ਵੀ ਭੰਗੜਾ ਡਰੈੱਸ ਪਾ ਕੇ ਡਾਂਸ ਕਰਨ ਦੇ ਲੱਡੂ ਫੁੱਟ ਰਹੇ ਸੀ ਪਰ ਲਾੜੇ ਦਾ ਜੀਜਾ ਹੋਣ ਕਾਰਨ ਕੁਝ ਸੰਕੋਚ ਵੀ ਕਰ ਰਿਹਾ ਸੀ। ਖ਼ੈਰ, ਸਟੇਜ ਦੇ ਪਿਛਲੇ ਪਾਸੇ ਕਲਾਕਾਰਾਂ ਲਈ ਕੱਪੜੇ ਬਦਲਣ ਵਾਲੇ ਟੈਂਟ ’ਚ ਚਲਾ ਗਿਆ।
“ਕਿਹੜੀ ਡਰੈੱਸ ਪਾਉਣੀ ਐ? ਕਾਲੀ?” ਗੁਰਚੇਤ ਮਜ਼ਾਕ ਦੇ ਮੂਡ ’ਚ ਸੀ।... “ਕਾਲੀ ਡਰੈੱਸ ਰਹਿਣ ਦਿਓ, ਰੰਗ ਨਾਲ ਹੀ ਮਿਲ ਜਾਊ, ਆਹ ਸਰਦਈ ਰੰਗ ਦੀ ਜਚੂ ਉਸਤਾਦ ਦੇ।” ਮੇਰੇ ਜਵਾਬ ਤੋਂ ਪਹਿਲਾਂ ਹੀ ਗੁਰਚੇਤ ਨੇ ਮੇਰੇ ਰੰਗ ’ਤੇ ਟਕੋਰ ਕਰਦਿਆਂ ਆਪ ਹੀ ਜਵਾਬ ਦੇ ਦਿੱਤਾ। ਗੁਰਚੇਤ ਨੇ ਇੱਕ ਆਰਕੈਸਟਰਾ ਕਲਾਕਾਰ ਨੂੰ ਕਿਹਾ, “ਰਜ਼ੀਆ, ਤੂੰ ਉਸਤਾਦ ਨਾਲ ਡਾਂਸ ਕਰਨੈ ਦੋਗਾਣੇ ’ਤੇ।”
“ਸਾਡੇ ਸਟੈੱਪ ਬਗੈਰਾ ਕਿਵੇਂ ਮਿਲਣਗੇ? ਕੋਈ ਰਿਹਰਸਲ ਤਾਂ ਕੀਤੀ ਨਹੀ।” ਰਜ਼ੀਆ ਦਾ ਖ਼ਦਸ਼ਾ ਸੀ।
“ਉਸਤਾਦ ਐ, ਉਸਤਾਦ ਮੇਰਾ! ਸਟੇਜ ਹਿਲਾ ਕੇ ਰੱਖ’ਦੂ।” ਗੁਰਚੇਤ ਨੇ ਮੇਰੇ ਅੰਦਰ ਛੁਪੇ ਭੰਗੜਚੀ ਨੂੰ ਹੁੱਝ ਮਾਰੀ।
“ਉਸਤਾਦਾ, ਗਾਣਾ ਕਿਹੜਾ ਲਵਾਈਏ ਫਿਰ?” ਉਹ ਮੈਨੂੰ ਭੰਗੜਾ ਡਰੈੱਸ ’ਚ ਦੇਖ ਕੇ ਬਾਗੋ-ਬਾਗ ਸੀ।
“ਲੱਕ ਹਿੱਲੇ ਮਜਾਜਣ ਜਾਂਦੀ ਦਾ, ਹੀ ਠੀਕ ਰਹੂ।”
ਮੈਂ ਤੇ ਰਜ਼ੀਆ ਸਟੇਜ ’ਤੇ ਆ ਗਏ ਅਤੇ ਗਾਣੇ ’ਤੇ ਖੂਬ ਡਾਂਸ ਕੀਤਾ। ਕੁਦਰਤੀ ਡਾਂਸ ਹੋਇਆ ਵੀ ਬਹੁਤ ਜ਼ਬਰਦਸਤ। ਬਰਾਤੀਆ ਨੇ ਸਾਡੇ ਉਪਰ ਨੋਟਾਂ ਦੀ ਵਾਛੜ ਕਰ ਦਿੱਤੀ।
“ਗੁਰਚੇਤ, ਮੰਨ ਗਏ ਤੇਰੇ ਉਸਤਾਦ ਨੂੰ, ਐਨੇ ਜੋਸ਼ ਤੇ ਜ਼ੋਰ ਨਾਲ ਨੱਚੇ ਕਿ ਮੈਨੂੰ ਤਾਂ ਬਰਾਬਰੀ ਕਰਨੀ ਹੀ ਔਖੀ ਹੋ ਗਈ ਸੀ।” ਰਜ਼ੀਆ ਨੇ ਮੇਰੀ ਤਾਰੀਫ ਕੀਤੀ। ਇਸ ਤੋਂ ਬਾਅਦ 2-3 ਹੋਰ ਦੋਗਾਣਿਆਂ ’ਤੇ ਇੱਦਾਂ ਹੀ ਡਾਂਸ ਕੀਤਾ।
“ਜੀਜਾ ਜੀ, ਖੱਟ ’ਤੇ ਬੁਲਾ ਰਹੇ ਤੁਹਾਨੂੰ।” ਛੋਟੇ ਸਾਲੇ ਦਾ ਸੁਨੇਹਾ ਸੀ। ਖੱਟ ਉਹ ਰਸਮ ਹੈ ਜਿਸ ’ਚ ਲਾੜੀ ਦਾ ਪਰਿਵਾਰ ਲਾੜੇ ਦੇ ਰਿਸ਼ਤੇਦਾਰਾਂ, ਖਾਸਕਰ ਜੀਜੇ ਨੂੰ ਕੁਝ ਤੋਹਫੇ ਦਿੰਦਾ ਹੈ।
ਮੈਂ ਭੰਗੜਾ ਡਰੈੱਸ ਉਤਾਰੀ ਤੇ ਪੈਂਟ-ਕਮੀਜ਼ ਪਾ ਕੇ ਖੱਟ ਦੀ ਰਸਮ ਵਾਲੀ ਸਥਾਨ, ਜੋ ਸਟੇਜ ਦੇ ਨੇੜੇ ਹੀ ਸੀ, ’ਤੇ ਚਲਿਆ ਗਿਆ। ਮੇਰੇ ਸਹੁਰਾ ਸਾਹਿਬ ਨੇ ਮੈਨੂੰ ਕੁਰਸੀ ’ਤੇ ਬੈਠਣ ਲਈ ਕਿਹਾ ਤੇ ਲੜਕੀ ਦੇ ਪਿਤਾ ਨੂੰ ਕਿਹਾ, “ਆਹ ਆ ਗਏ ਜੀ ਸਾਡੇ ਵੱਡੇ ਜਵਾਈ।”
“ਕਿਉਂ ਮਜ਼ਾਕ ਕਰਦੇ ਓ ਜੀ। ਅਸਲੀ ਪ੍ਰਾਹੁਣੇ ਨੂੰ ਬਿਠਾਓ ਕੁਰਸੀ ’ਤੇ।” ਲੜਕੀ ਵਾਲਿਆਂ ਦੇ ਇੱਕ ਬਜ਼ੁਰਗ (ਜਿਸ ਨੇ ਸ਼ਾਇਦ ਮੈਨੂੰ ਸਟੇਜ ’ਤੇ ਭੰਗੜਾ ਡਰੈੱਸ ’ਚ ਡਾਂਸ ਕਰਦਿਆ ਦੇਖ ਲਿਆ ਸੀ) ਨੇ ਮੇਰੇ ਸਹੁਰਾ ਸਾਹਿਬ ਨੂੰ ਕਿਹਾ।
“ਇਹੀ ਨੇ ਜੀ ਸਾਡੇ ਵੱਡੇ ਜਵਾਈ ਸੰਗਰੂਰ ਵਾਲੇ।”
“ਤੁਸੀਂ ਤਾਂ ਕਹਿੰਦੇ ਸੀ ਕਿ ਸਾਡਾ ਵੱਡਾ ਜਵਾਈ ਬੈਂਕ ਮੈਨੇਜਰ ਐ ਪਰ ਇਹ ਤਾਂ ਭੰਗੜਾ ਟੀਮ ਨਾਲ ਆਇਆ ਹੋਇਐ।” ਬਜ਼ੁਰਗ ਅਜੇ ਵੀ ਦੁਬਿਧਾ ਵਿੱਚ ਸੀ।
“ਹੈ ਤਾਂ ਜੀ ਬੈਂਕ ਮੈਨੇਜਰ ਹੀ ਪਰ ਨੱਚਣ-ਟੱਪਣ ਦਾ ਸ਼ੌਕੀਨ ਐ।” ਮੇਰੇ ਸਹੁਰਾ ਸਾਹਿਬ ਨੇ ਹੱਸਦਿਆਂ ਕਿਹਾ।
ਸਾਰੇ ਪਾਸੇ ਹਾਸੜ ਪੈ ਗਿਆ। ਮੈਂ ਨਿਮੋਝੂਣਾ ਜਿਹਾ ਹੋ ਕੇ ਆਪ ਵੀ ਹਾਸੜ ਵਿੱਚ ਸ਼ਾਮਿਲ ਹੋ ਗਿਆ।
“ਹੋਰ ਨੱਚੋ, ਹੋਰ ਮਾਰੋ ਟਪੂਸੀਆਂ ਸਟੇਜ ’ਤੇ। ਨਜ਼ਾਰਾ ਆ ਗਿਆ ਸਾਨੂੰ ਤਾਂ ਅੱਜ।” ਸਾਲੀਆਂ ਨੇ ਵੀ ਚੁਟਕੀ ਲਈ।
ਅੱਜ ਵੀ ਜਦੋਂ ਉਹ ਗੱਲ ਯਾਦ ਆ ਜਾਂਦੀ ਹੈ, ਖਾਸ ਕਰ ਕੇ ਜਦੋਂ ਵੱਡੀ ਸਾਲੇਹਾਰ ਤੇ ਸਾਲੀਆਂ ‘ਆਰਕੈਸਟਰਾ ਵਾਲੇ ਮੈਨੇਜਰ ਸਾਹਿਬ’ ਕਹਿ ਕੇ ਤਨਜ਼ ਕੱਸਦੀਆਂ ਹਨ ਤਾਂ ਮੱਲੋ-ਮੱਲੀ ਹਾਸਾ ਆ ਜਾਂਦਾ ਹੈ।
ਸੰਪਰਕ: 81465-80919