ਹਤਿੰਦਰ ਮਹਿਤਾਜਲੰਧਰ, 24 ਫਰਵਰੀਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਵਿੱਢੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਜ਼ਮੀਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਜਾਇਜ਼ਾ ਲੈਣ ਅਤੇ ਨਿਰਵਿਘਨ ਪ੍ਰਾਪਰਟੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਸਬ ਰਜਿਸਟਰਾਰ ਦਫ਼ਤਰ ਜਲੰਧਰ ਦਾ ਨਿਰੀਖਣ ਕੀਤਾ ਗਿਆ। ਇਸ ਤੋਂ ਇਲਾਵਾ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਐੱਸ.ਡੀ.ਐੱਮਜ਼. ਵੱਲੋਂ ਵੀ ਸਬੰਧਿਤ ਤਹਿਸੀਲਾਂ ਦੀ ਚੈਕਿੰਗ ਕੀਤੀ ਗਈ। ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਸਬ ਰਜਿਸਟਰਾਰਾਂ ਨੂੰ ਜਾਇਦਾਦ ਦੀ ਰਜਿਸਟ੍ਰੇਸ਼ਨ ਨਾਲ ਸਬੰਧਿਤ ਮਾਮਲਿਆਂ ਵਿੱਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ਼ ਪਹਿਲਾਂ ਹੀ ਜੰਗ ਵਿੱਢੀ ਹੋਈ ਹੈ, ਇਸ ਲਈ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਤਹਿਸੀਲਾਂ ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਬਿਨੈਕਾਰਾਂ ਨੂੰ ਕੋਈ ਦਿੱਕਤ ਨਾ ਆਵੇ। ਡਾ. ਅਗਰਵਾਲ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਰਜਿਸਟ੍ਰੇਸ਼ਨ ਦੀ ਪੂਰੀ ਪ੍ਰਕਿਰਿਆ ਹੁਣ ਆਨਲਾਈਨ ਅਪਾਇੰਟਮੈਂਟ-ਆਧਾਰਿਤ ਪ੍ਰਣਾਲੀ ਰਾਹੀਂ ਸੰਚਾਲਿਤ ਕੀਤੀ ਜਾਂਦੀ ਹੈ, ਜਿਸ ਸਦਕਾ ਬਿਨੈਕਾਰਾਂ ਲਈ ਉਡੀਕ ਸਮੇਂ ਵਿੱਚ ਕਮੀ ਆਈ ਹੈ। ਰਜਿਸਟ੍ਰੇਸ਼ਨ ਨੂੰ ਹੋਰ ਬਿਹਤਰ ਬਣਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਵੱਲੋਂ ਇਸ ਪ੍ਰਕਿਰਿਆ ਸਬੰਧੀ ਫੀਡਬੈਕ ਇਕੱਤਰ ਕਰਨ ਲਈ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਰਜਿਸਟ੍ਰੇਸ਼ਨ ਲਈ ਆਉਣ ਵਾਲੇ ਲੋਕਾਂ ਲਈ ਬੈਠਣ ਦੇ ਢੁੱਕਵੇਂ ਪ੍ਰਬੰਧ, ਪੀਣ ਵਾਲੇ ਪਾਣੀ ਦੀ ਉਪਲਬਧਤਾ ਅਤੇ ਆਰਾਮਦਾਇਕ ਵੇਟਿੰਗ ਏਰੀਏ ਦਾ ਪ੍ਰਬੰਧ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਜ਼ਮੀਨ ਦੀ ਰਜਿਸਟਰੀ ਸਬੰਧੀ ਆਪਣੇ ਤਜ਼ਰਬੇ ਅਤੇ ਦਿੱਕਤਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਾਂਝਾ ਕਰਨ ਦੀ ਅਪੀਲ ਕੀਤੀ, ਤਾਂ ਜੋ ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ। ਇਸ ਦੌਰਾਨ ਐੱਸ.ਡੀ.ਐੱਮ.-1 ਰਣਦੀਪ ਸਿੰਘ ਹੀਰ, ਐੱਸ.ਡੀ.ਐੱਮ.-2 ਬਲਬੀਰ ਰਾਜ ਸਿੰਘ, ਐੱਸ.ਡੀ.ਐੱਮ. ਆਦਮਪੁਰ ਵਿਵੇਕ ਮੋਦੀ, ਐੱਸ.ਡੀ.ਐੱਮ. ਫਿਲੌਰ ਅਮਨਪਾਲ ਸਿੰਘ, ਐਸ.ਡੀ.ਐਮ. ਸ਼ਾਹਕੋਟ ਸ਼ੁਭੀ ਆਂਗਰਾ, ਐੱਸ.ਡੀ.ਐੱਮ. ਨਕੋਦਰ ਲਾਲ ਵਿਸ਼ਵਾਸ ਬੈਂਸ ਵੱਲੋਂ ਵੀ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਤਹਿਸੀਲਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ।