ਭ੍ਰਿਸ਼ਟਾਚਾਰ ਮਾਮਲੇ ’ਚ ਮੁਅੱਤਲ ਖੇਤੀਬਾੜੀ ਅਫ਼ਸਰ ਨੂੰ ਬਰਖਾਸਤ ਕਰਨ ਦੀ ਮੰਗ
ਪੱਤਰ ਪ੍ਰੇਰਕ
ਪਾਇਲ, 9 ਜੂਨ
ਖੇਤੀਬਾੜੀ ਵਿਭਾਗ ਦੇ ਮੁਅੱਤਲ ਅਫ਼ਸਰ ਰਾਮ ਸਿੰਘ ਪਾਲ ਨੂੰ ਨੌਕਰੀ ਤੋਂ ਤੁਰੰਤ ਬਰਖਾਸਤ ਕਰਨ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਵਧੇਰੀ ਜਾਂਚ ਦੀ ਮੰਗ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐੱਸਡੀਐਮ ਪਾਇਲ ਪ੍ਰਦੀਪ ਬੈਂਸ ਹੀਂ ਮੰਗ ਪੱਤਰ ਭੇਜਿਆ ਹੈ। ਇਸ ਮੰਗ ਪੱਤਰ ਦੀ ਕਾਪੀ ਖੇਤੀਬਾੜੀ ਮੰਤਰੀ, ਪ੍ਰਬੰਧਕੀ ਸਕੱਤਰ ਅਤੇ ਡਾਇਰੈਕਟਰ ਖੇਤੀਬਾੜੀ ਵਿਭਾਗ ਨੂੰ ਵੀ ਭੇਜੀ ਗਈ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਰਾਮ ਸਿੰਘ ਪਾਲ, ਜੋ ਦੋਰਾਹਾ ਵਿੱਚ ਤਾਇਨਾਤ ਸੀ, ਨੂੰ ਵਿਜੀਲੈਂਸ ਵਿਭਾਗ ਨੇ 5 ਮਈ 2025 ਨੂੰ ਫਤਹਿਗੜ੍ਹ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਵਿਰੁੱਧ 16 ਅਗਸਤ 2023 ਨੂੰ ਮੁਕੱਦਮਾ ਨੰਬਰ 28 ਤਹਿਤ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਹੇਠ ਪਟਿਆਲਾ ਰੇਂਜ ਵਿਖੇ ਮਾਮਲਾ ਦਰਜ ਹੋਇਆ ਸੀ। ਨਮੂਨੇ ਗਾਇਬ ਕਰਨਾ, ਸਰਕਾਰੀ ਰਿਕਾਰਡ ਵਿੱਚ ਛੇੜਛਾੜ ਕਰਨਾ ਅਤੇ ਮਹੱਤਵਪੂਰਨ ਸਬੂਤਾਂ ਨੂੰ ਨਸ਼ਟ ਕਰਨਾ ਦੋਸ਼ ਲੱਗੇ ਹਨ।
ਕਿਸਾਨ ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਲਹਿਲ (ਜ਼ਿਲ੍ਹਾ ਆਗੂ), ਗੁਰਪ੍ਰੀਤ ਸਿੰਘ (ਜ਼ਿਲ੍ਹਾ ਜਨਰਲ ਸਕੱਤਰ) ਅਤੇ ਗਗਨਪ੍ਰੀਤ ਸਿੰਘ (ਬਲਾਕ ਪ੍ਰਧਾਨ, ਦੋਰਾਹਾ) ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਨੇ ਸਾਰੇ ਖੇਤੀਬਾੜੀ ਵਿਭਾਗ ਦੀ ਭਰੋਸੇਯੋਗਤਾ ਨੂੰ ਝਟਕਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਰਾਮ ਸਿੰਘ ਪਾਲ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਵਿਜੀਲੈਂਸ ਰਾਹੀਂ ਉਸ ਦੀ ਚੱਲ-ਅਚੱਲ ਜਾਇਦਾਦ ਦੀ ਪੂਰੀ ਜਾਂਚ ਕਰਵਾਈ ਜਾਵੇ। ਜਦ ਤੱਕ ਅਦਾਲਤ ਵੱਲੋਂ ਕਲੀਨ ਚਿੱਟ ਨਾ ਮਿਲੇ, ਉਸ ਨੂੰ ਕਿਸੇ ਵੀ ਫੀਲਡ ਪੋਸਟ ’ਤੇ ਨਾ ਲਾਇਆ ਜਾਵੇ। ਜੇਕਰ ਉਸ ਨੂੰ ਦੁਬਾਰਾ ਤਾਇਨਾਤ ਕੀਤਾ ਗਿਆ, ਤਾਂ ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਮਾਮਲੇ ’ਤੇ ਐੱਸਡੀਐੱਮ ਪਾਇਲ ਪ੍ਰਦੀਪ ਸਿੰਘ ਬੈਂਸ ਨੇ ਕਿਹਾ ਕਿ ਜਥੇਬੰਦੀ ਵੱਲੋਂ ਦਿੱਤੇ ਮੰਗ ਪੱਤਰ ਨੂੰ ਮੁੱਖ ਮੰਤਰੀ ਪੰਜਾਬ ਅਤੇ ਮਹਿਕਮੇ ਦੇ ਅਧਿਕਾਰੀਆਂ ਨੂੰ ਅੱਗੇ ਭੇਜਿਆ ਜਾਵੇਗਾ।