ਬਲਵਿੰਦਰ ਸਿੰਘ ਭੰਗੂਭੋਗਪੁਰ, 11 ਅਪਰੈਲਭਾਵੇਂ ਸਰਕਾਰ ਨੇ ਕਣਕ ਦੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਦਾਣਾ ਮੰਡੀ ਭੋਗਪੁਰ ਵਿੱਚ ਕਣਕ ਦੀ ਖਰੀਦ - ਵੇਚ ਦੀ ਰਫ਼ਤਾਰ ਬਹੁਤ ਮੱਠੀ ਚੱਲ ਹੈ। ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਏਡੀਸੀ ਜਲੰਧਰ ਅਰਪਨਾ ਸ਼ਰਮਾ ਅਤੇ ਐੱਸਡੀਐੱਮ ਵਿਵੇਕ ਮੋਦੀ ਨੇ ਦਾਣਾ ਮੰਡੀ ਭੋਗਪੁਰ ਦਾ ਦੌਰਾ ਕੀਤਾ। ਸਰਕਾਰੀ ਅਧਿਕਾਰੀਆਂ ਨੇ ਮਾਰਕੀਟ ਕਮੇਟੀ ਭੋਗਪੁਰ ਦੇ ਦਫ਼ਤਰ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਬਰਕਤ ਰਾਮ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਰਾਜਾ, ਸੈਕਟਰੀ ਕਰਮਜੀਤ ਸਿੰਘ, ਡੀਐੱਮਓ ਅਰਵਿੰਦਰ ਸਿੰਘ, ਡੀਐੱਫਐੱਸਓ ਮਨੀਸ਼ ਕੁਮਾਰ, ਮਾਰਕਫੈੱਡ ਦੇ ਡੀ ਐਮ ਇੰਦਰਜੀਤ ਸਿੰਘ, ਵਿਕਾਸ ਰਾਣਾ ਜਸਵਿੰਦਰ ਸਿੰਘ, ਸੁਨੀਲ ਦੱਤ ਨਾਲ ਮੀਟਿੰਗ ਕਰਕੇ ਕਿਹਾ ਕਿ ਕਣਕ ਦੀ ਖਰੀਦ-ਵੇਚਣ ਸਮੇਂ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।ਏਡੀਸੀ ਅਰਪਨਾ ਸ਼ਰਮਾ ਅਤੇ ਐੱਸਡੀਐੱਮ ਵਿਵੇਕ ਮੋਦੀ ਨੇ ਦਾਣਾ ਮੰਡੀ ਦਾ ਦੌਰਾ ਕਰਕੇ ਪੀਣ ਵਾਲੇ ਪਾਣੀ ਦਾ, ਬੋਰਿਆਂ ਦੀ ਸਟੋਰੇਜ, ਫੜਾਂ ਦੀ ਸਫਾਈ, ਅਵਾਜਾਈ ਦੇ ਪ੍ਰਬੰਧਾਂ ਅਤੇ ਬਿਜਲੀ ਸਪਲਾਈ ਦਾ ਜਾਇਜ਼ ਲਿਆ। ਬਾਅਦ ਵਿੱਚ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਧਿਰ ਨੂੰ ਕੋਈ ਮੁਸ਼ਕਲ ਆਵੇ ਤਾਂ ਤਰੁੰਤ ਸਰਕਾਰ ਦੇ ਨੋਟਿਸ ਵਿੱਚ ਲਿਆਂਦੀ ਜਾਵੇ।