ਭੈਰੋਮਾਜਰਾ ਵਿਖੇ ਤਿੰਨ ਰੋਜ਼ਾ ਬਰਸੀ ਸਮਾਗਮ ਸ਼ੁਰੂ
ਸੰਜੀਵ ਬੱਬੀ
ਚਮਕੌਰ ਸਾਹਿਬ,1 ਫਰਵਰੀ
ਸੰਤ ਬਾਬਾ ਕਰਤਾਰ ਸਿੰਘ ਅਤੇ ਸੰਤ ਬਾਬਾ ਸਰਦੂਲ ਸਿੰਘ ਭੈਰੋਮਾਜਰਾ ਵਾਲਿਆਂ ਦੀ ਯਾਦ ਵਿਚ ਅੱਜ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਪਿੰਡ ਭੈਰੋਮਾਜਰਾ ਵਿਖੇ ਅਖੰਡ ਪਾਠ ਦੀ ਅਰੰਭਤਾ ਤੋਂ ਬਾਅਦ ਸਜਾਏ ਨਗਰ ਕੀਰਤਨ ਨਾਲ ਤਿੰਨ ਦਿਨਾਂ ਬਰਸੀ ਸਮਾਗਮ ਅੱਜ ਸ਼ੁਰੂ ਹੋ ਗਏ ਹਨ। ਗੁਰੁ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਇਸ ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਸੰਤ ਭੁਪਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਨਗਰ ਕੀਰਤਨ ਅੱਗੇ ਰਾਮ ਰਾਏ ਪਬਲਿਕ ਸਕੂਲ ਚਮਕੌਰ ਸਾਹਿਬ ਅਤੇ ਹਿਮਾਲਿਆ ਪਬਲਿਕ ਸਕੂਲ ਮੁਜਾਫਤ ਦੇ ਵਿਦਿਆਰਥੀ ਕੀਰਤਨ ਕਰਦੇ ਅਤੇ ਗਤਕਾਂ ਪਾਰਟੀਆਂ ਗਤਕੇ ਦਾ ਪ੍ਰਦਰਸ਼ਨ ਕਰਦੀਆਂ ਚੱਲ ਰਹੀਆਂ ਸਨ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਤੋਂ ਅਰੰਭ ਹੋ ਕੇ ਗੁਰਦੁਆਰਾ ਸ੍ਰੀ ਜੰਗਗੜ੍ਹ ਸਾਹਿਬ ਵਿਖੇ ਪੁੱਜਾ। ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਨੇ ਚੱਲ ਰਹੇ ਢਾਡੀ ਦਰਬਾਰ ਦਾ ਅਨੰਦ ਮਾਣਿਆ। ਇਥੇ ਕੁੱਝ ਸਮੇਂ ਦੇ ਪੜਾਅ ਉਪਰੰਤ ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਵਿਖੇ ਸੰਪੰਨ ਹੋਇਆ। ਇਸ ਨਗਰ ਕੀਰਤਨ ਵਿੱਚ ਮੌਜੂਦਾ ਸੰਤ ਸੁਖਪਾਲ ਸਿੰਘ, ਸਾਬਕਾ ਸਰਪੰਚ ਗੁਰਮੁੱਖ ਸਿੰਘ ਲੌਗੀਆਂ, ਸਾਬਕਾ ਪੁਲੀਸ ਅਧਿਕਾਰੀ ਜਸਦੇਵ ਸਿੰਘ ਸਿੱਧੂ, ਸਰਪੰਚ ਰਾਜਿੰਦਰ ਸਿੰਘ, ਤੇਜਪਾਲ ਸਿੰਘ ,ਅਵਤਾਰ ਸਿੰਘ ਘੁੰਮਣ ,ਪੰਚ ਗੁਰਮੀਤ ਸਿੰਘ ਅਤੇ ਗੁਰਦਿੱਤ ਸਿੰਘ ਹਾਜ਼ਰ ਸਨ । ਦੂਜੇ ਪਾਸੇ ਸ੍ਰੀਮਾਨ ਸੰਤ ਕਰਤਾਰ ਸਿੰਘ ਮਹਾਰਾਜ ਚੈਰੀਟੇਬਲ ਟਰੱਸਟ ਦੇ ਮੈਂਬਰ ਸੀਨੀਅਰ ਵਾਇਸ ਪ੍ਰਧਾਨ ਪਰਮਜੀਤ ਸਿੰਘ ਗਿੱਲ, ਜਨਰਲ ਸਕੱਤਰ ਜਰਨੈਲ ਸਿੰਘ, ਖ਼ਜ਼ਾਨਚੀ ਅਜੀਤ ਸਿੰਘ ਲੌਂਗੀਆਂ, ਨਰਪਿੰਦਰ ਸਿੰਘ ਭਿੰਦਾ ਅਤੇ ਹਰਕਰਨ ਸਿੰਘ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਤਿੰਨੋ ਦਿਨ ਸਮਾਗਮ ਦੌਰਾਨ ਭੈਰੋਮਾਜਰਾ ਵਿਖੇ ਨਤਮਸਤਕ ਹੋਣ ਅਤੇ ਅੰਮ੍ਰਿਤਪਾਨ ਕਰਕੇ ਗੁਰੂ ਦੇ ਲੜ ਲੱਗਣ।