ਭੈਰੋਮਾਜਰਾ ’ਚ ਦੂਜੇ ਦਿਨ ਵੱਡੀ ਗਿਣਤੀ ਸੰਗਤ ਨਤਮਸਤਕ
ਸੰਜੀਵ ਬੱਬੀ
ਚਮਕੌਰ ਸਾਹਿਬ, 2 ਫਰਵਰੀ
ਸੰਤ ਕਰਤਾਰ ਸਿੰਘ ਅਤੇ ਸੰਤ ਸਰਦੂਲ ਸਿੰਘ ਭੈਰੋਮਾਜਰਾ ਵਾਲਿਆਂ ਦੀ ਯਾਦ ਵਿੱਚ ਸ਼ੁਰੂ ਹੋਏ ਤਿੰਨ ਦਿਨਾਂ ਧਾਰਮਿਕ ਸਮਾਗਮ ਦੇ ਅੱਜ ਦੂਜੇ ਦਿਨ ਪਿੰਡ ਕਲਾਰਾਂ ਤੋਂ ਪਿੰਡ ਦੀ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਪਿੰਡ ਕਲਾਰਾਂ ਤੋਂ ਸ਼ੁਰੂ ਹੋ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪਿੰਡ ਭੈਰੋਮਾਜਰਾ ਪਹੁੰਚਿਆ। ਇਸ ਨਗਰ ਕੀਰਤਨ ਦੇ ਅੱਗੇ ਵੱਖ ਵੱਖ ਬੈਂਡ ਪਾਰਟੀਆਂ ਅਤੇ ਗਤਕਾਂ ਪਾਰਟੀਆਂ ਖਾਲਸਾਈ ਸਸ਼ਤਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਆ ਰਹੇ ਸਨ ਅਤੇ ਇਸ ਨਗਰ ਕੀਰਤਨ ਦਾ ਥਾਂ-ਥਾਂ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮੌਜੂਦਾ ਸੰਤ ਸੁਖਪਾਲ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮ ਦੌਰਾਨ ਬੀਤੇ ਦਿਨ ਤੋਂ ਹੀ ਵੱਡੀ ਗਿਣਤੀ ਸੰਗਤ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਗਏ ਸਨ ਅਤੇ ਬਰਸੀ ਸਮਾਗਮ ਦੇ ਅੰਤਿਮ ਦਿਨ 3 ਫਰਵਰੀ ਨੂੰ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਭੈਰੋਮਾਜਰਾ ਵਿਖੇ ਆਉਣ ਲਈ ਸੰਗਤ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਸ਼ਰਧਾਲੂਆਂ ਵੱਲੋਂ ਚਮਕੌਰ ਸਾਹਿਬ ਤੋਂ ਮੁਫ਼ਤ ਗੱਡੀਆਂ ਦੀ ਸਹੂਲਤ ਤਿੰਨ ਦਿਨ ਦਿੱਤੀ ਜਾ ਰਹੀ ਹੈ। ਇਸ ਮੌਕੇ ਸਾਬਕਾ ਸਰਪੰਚ ਗੁਰਮੁੱਖ ਸਿੰਘ ਲੌਂਗੀਆਂ, ਸਾਬਕਾ ਪੁਲੀਸ ਅਧਿਕਾਰੀ ਜਸਦੇਵ ਸਿੰਘ, ਸਰਪੰਚ ਰਾਜਿੰਦਰ ਸਿੰਘ ਅਤੇ ਗੁਰਦਿੱਤ ਸਿੰਘ ਹਾਜ਼ਰ ਸਨ।
ਦੂਜੇ ਪਾਸੇ ਸ੍ਰੀਮਾਨ ਸੰਤ ਕਰਤਾਰ ਸਿੰਘ ਮਹਾਰਾਜ ਚੈਰੀਟੇਬਲ ਟਰੱਸਟ ਦੇ ਮੈਂਬਰ ਸੀਨੀਅਰ ਵਾਇਸ ਪ੍ਰਧਾਨ ਪਰਮਜੀਤ ਸਿੰਘ ਗਿੱਲ, ਜਨਰਲ ਸਕੱਤਰ ਜਰਨੈਲ ਸਿੰਘ, ਕੈਸੀਅਰ ਅਜੀਤ ਸਿੰਘ ਲੌਂਗੀਆਂ, ਨਰਪਿੰਦਰ ਸਿੰਘ ਭਿੰਦਾ ਅਤੇ ਹਰਕਰਨ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮਾਗਮ ਦੌਰਾਨ ਭੈਰੋਮਾਜਰਾ ਵਿਖੇ ਨਤਮਸਤਕ ਹੋਣ।