ਭੈਰੋਮਾਜਰਾ ’ਚ ਤਿੰਨ ਰੋਜ਼ਾ ਬਰਸੀ ਸਮਾਗਮ ਸਮਾਪਤ
ਸੰਜੀਵ ਬੱਬੀ
ਚਮਕੌਰ ਸਾਹਿਬ, 3 ਫਰਵਰੀ
ਪਿੰਡ ਭੈਰੋਮਾਜਰਾ ਵਿੱਚ ਸੰਤ ਕਰਤਾਰ ਸਿੰਘ ਅਤੇ ਸੰਤ ਬਾਬਾ ਸਰਦੂਲ ਸਿੰਘ ਭੈਰੋਮਾਜਰਾ ਵਾਲਿਆ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਬਰਸੀ ਸਮਾਗਮ ਅੱਜ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਸਮਾਪਤ ਹੋ ਗਏ ਹਨ।
ਸਮਾਗਮ ਦੇ ਅੱਜ ਅੰਤਿਮ ਦਿਨ ਵੱਡੀ ਗਿਣਤ ਸੰਗਤ ਨਤਮਸਤਕ ਹੋਈ। ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਕੀਰਤਨ ਦਰਬਾਰ ਸਜਾਇਆ ਗਿਆ, ਜਿੱਥੇ ਰਾਗੀ ਜਥਿਆਂ, ਕਥਾਵਾਚਕਾਂ ਤੇ ਹੋਰ ਸੰਤ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ।
ਇਸੇ ਦੌਰਾਨ ਪ੍ਰਬੰਧਕਾਂ ਵੱਲੋਂ ਲਗਾਏ ਮੈਡੀਕਲ ਕੈਂਪ ਦੌਰਾਨ ਦਰਜਨਾਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਖੂਨਦਾਨ ਕੈਂਪ ਵਿੱਚ 240 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ ਅਤੇ ਖੂਨਦਾਨੀਆਂ ਨੂੰ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਸਮਾਗਮ ਦੌਰਾਨ ਪਿੰਡ ਕਲਾਰਾਂ ਅਤੇ ਪਿੰਡ ਪਪਰਾਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਪੁੱਜਣ ’ਤੇ ਸੰਤ ਸੁੱਖਪਾਲ ਸਿੰਘ, ਗੁਰਮੁੱਖ ਸਿੰਘ ਲੌਂਗੀਆਂ, ਸਰਪੰਚ ਰਜਿੰਦਰ ਸਿੰਘ ਸਣੇ ਵੱਡੀ ਗਿਣਤੀ ਵਿੱਚ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਹੀ ਸਮਾਗਮ ਦੌਰਾਨ ਸੰਤ ਪ੍ਰਿਤਪਾਲ ਸਿੰਘ ਝੀਲ ਵਾਲਿਆਂ ਨੇ ਗੁਰਮਤਿ ਵਿਚਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਤਿੰਨੋਂ ਹੀ ਦਿਨ ਜਿੱਥੇ ਭੈਰੋਮਾਜਰਾ ਵਿਖੇ ਦੇਸ਼ ਵਿਦੇਸ਼ ਤੋਂ ਸੈਂਕੜੇ ਸੰਗਤ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੀਆਂ, ਉੱਥੇ ਹੀ ਭੈਰੋਮਾਜਰਾ ਵਿਖੇ ਆਉਣ ਲਈ ਸੰਗਤਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਸਰਧਾਲੂਆਂ ਵੱਲੋ ਚਮਕੌਰ ਸਾਹਿਬ ਤੋਂ ਮੁਫ਼ਤ ਗੱਡੀਆਂ ਦੀ ਸਹੂਲਤ ਦਿੱਤੀ ਗਈ। ਇਸ ਮੌਕੇ ਨਗਰ ਕੌਂਸਲ ਦੇ ਵਾਇਸ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆਂ, ਸ੍ਰੀਮਾਨ ਸੰਤ ਕਰਤਾਰ ਸਿੰਘ ਮਹਾਰਾਜ ਚੈਰੀਟੇਬਲ ਟਰੱਸਟ ਦੇ ਮੈਂਬਰ ਸੀਨੀਅਰ ਵਾਇਸ ਪ੍ਰਧਾਨ ਪਰਮਜੀਤ ਸਿੰਘ ਗਿੱਲ, ਜਨਰਲ ਸਕੱਤਰ ਜਰਨੈਲ ਸਿੰਘ, ਕੈਸੀਅਰ ਅਜੀਤ ਸਿੰਘ ਲੌਂਗੀਆਂ, ਨਰਪਿੰਦਰ ਸਿੰਘ ਭਿੰਦਾ ਅਤੇ ਹਰਕਰਨ ਸਿੰਘ ਹਾਜ਼ਰ ਸਨ।