ਭੇਤ-ਭਰੇ ਹਾਲਾਤ ਵਿੱਚ ਕਰਿਆਨਾ ਵਪਾਰੀ ਦੀ ਮੌਤ

ਸਰਬਜੀਤ ਸਿੰਘ ਸੱਬਾ ਦਾ ਭਰਾ ਅਤੇ ਹੋਰ ਪਰਿਵਾਰਕ ਮੈਂਬਰ ਜਾਣਕਾਰੀ ਦਿੰਦੇ ਹੋਏ

ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 12 ਅਗਸਤ
ਪਿੰਡ ਧੂੰਦਾ ਵਿਚ ਬੀਤੀ ਰਾਤ ਕਰਿਆਨੇ ਦਾ ਵਪਾਰ ਕਰਦੇ ਵਿਅਕਤੀ ਦੀ ਘਰ ਵਿੱਚ ਹੀ ਭੇਤ-ਭਰੇ ਹਾਲਾਤ ਵਿੱਚ ਮੌਤ ਹੋ ਗਈ। ਸਰਬਜੀਤ ਸਿੰਘ ਸ਼ੱਬਾ ਪੁੱਤਰ ਹਰਬੰਸ ਸਿੰਘ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ ਅਤੇ ਦੋ ਬੱਚਿਆਂ ਦਾ ਬਾਪ ਸੀ। ਉਸ ਦੇ ਪਰਿਵਾਰਕ ਮੈਂਬਰ ਇਸ ਨੂੰ ਸਿੱਧੇ ਤੌਰ ’ਤੇ ਕਤਲ ਦੱਸ ਰਹੇ ਹਨ। ਸਰਬਜੀਤ ਸਿੰਘ ਸ਼ੱਬਾ ਦੇ ਵੱਡੇ ਭਰਾ ਅਮਰਜੀਤ ਸਿੰਘ,ਛੋਟੇ ਭਰਾ ਸੁਖਦੇਵ ਸਿੰਘ,ਚਾਚੇ ਹਰਮੀਤ ਸਿੰਘ ਅਤੇ ਰਸ਼ਪਾਲ ਸਿੰਘ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦਾ ਕਥਿਤ ਕਤਲ ਉਸ ਦੀ ਪਤਨੀ ਮਨਜੀਤ ਕੌਰ ਵੱਲੋ ਆਪਣੇ ਭਰਾ ਅਤੇ ਜੀਜੇ ਨਾਲ ਮਿਲ ਕੇ ਕੀਤਾ ਗਿਆ ਹੈ। ਜਿਸ ਦਾ

ਸਰਬਜੀਤ ਸਿੰਘ ਦੀ ਫਾਈਲ ਫੋਟੋ ।

ਕਾਰਨ ਸਰਬਜੀਤ ਸਿੰਘ ਸੱਬਾ ਵੱਲੋ ਆਪਣੇ ਸਹੁਰਾ ਪਰਿਵਾਰ ਕੋਲੋਂ ਡੇਢ ਲੱਖ ਰੁਪਏ ਦੀ ਰਕਮ ਲੈਣ ਨੂੰ ਕਿਹਾ ਜਾ ਰਿਹਾ ਹੈ। ਉਸ ਦੇ ਵੱਡੇ ਭਰਾ ਅਮਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਐਤਵਾਰ ਸਰਬਜੀਤ ਸਿੰਘ ਸੱਬਾ ਰਾਤ ਦਸ ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਜਿਸ ਦੀ ਮੌਤ ਦੀ ਖਬਰ ਉਸ ਦੇ ਸਾਲੇ ਨੇ ਉਨ੍ਹਾਂ ਨੂੰ ਫੋਨ ’ਤੇ ਰਾਤ ਇੱਕ ਵਜੇ ਦੇ ਕਰੀਬ ਦਿੱਤੀ ਕਿ ਉਸ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ ਜਦਕਿ ਸਰਬਜੀਤ ਸਿੰਘ ਦੇ ਘਰ ਨਾਲ ਉਸਦੇ ਘਰ ਦੀ ਕੰਧ ਸਾਂਝੀ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਜਾ ਕੇ ਦੇਖਿਆ ਤਾਂ ਸਰਬਜੀਤ ਸਿੰਘ ਸੱਬਾ ਨੰਗਾ ਆਪਣੇ ਘਰ ਵਿੱਚ ਮਿਰਤਕ ਪਿਆ ਸੀ ਜਿਸ ਦਾ ਧੜ ਤੋਂ ਥੱਲੇ ਦਾ ਹਿੱਸਾ ਬੁਰੀ ਤਰ੍ਹਾਂ ਸੜਿਆ ਹੋਇਆਂ ਸੀ ਅਤੇ ਉਸ ਦੀ ਪਤਨੀ ਮਨਜੀਤ ਕੌਰ ਵੀ ਘਰ ਨਹੀਂ ਸੀ। ਉਨ੍ਹਾਂ ਤੁਰੰਤ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਵੱਲੋ ਸਰਬਜੀਤ ਸਿੰਘ ਸ਼ੱਬਾ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ। ਥਾਣਾ ਮੁਖੀ ਹਰਵਿੰਦਰ ਕੌਰ ਨੇ ਦੱਸਿਆ ਕਿ ਘਟਨਾ ਸਬੰਧੀ ਸਰਬਜੀਤ ਸਿੰਘ ਸ਼ੱਬਾ ਦੀ ਪਤਨੀ ਮਨਜੀਤ ਕੌਰ ਵੱਲੋ ਸ਼ਿਕਾਇਤ ਆਈ ਹੈ ਕਿ ਉਸ ਦੇ ਪਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ ਪਰ ਮਾਮਲਾ ਸ਼ੱਕੀ ਹੋਣ ਕਾਰਨ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਗਏ ਹਨ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।