‘ਭੂਲ ਚੂਕ ਮਾਫ਼’ ’ਚ ਨਜ਼ਰ ਆਉਣਗੇ ਰਾਜ ਕੁਮਾਰ ਰਾਓ ਤੇ ਵਾਮਿਕਾ ਗਾਬੀ
ਮੁੰਬਈ: ਮੈਡੌਕ ਫਿਲਮਜ਼ ਨੇ ਐਲਾਨ ਕੀਤਾ ਹੈ ਕਿ ਰੋਮਾਂਟਿਕ ਕਾਮੇਡੀ ‘ਭੂਲ ਚੂਕ ਮਾਫ਼’ ਨੌਂ ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਵਿੱਚ ਰਾਜ ਕੁਮਾਰ ਰਾਓ ਅਤੇ ਵਾਮਿਕਾ ਗਾਬੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਪਹਿਲਾਂ ਇਸ ਫਿਲਮ ਨੂੰ ਅਪਰੈਲ ਵਿੱਚ ਰਿਲੀਜ਼ ਕੀਤਾ ਜਾਣਾ ਸੀ ਪਰ ਕਿਸੇ ਕਾਰਨ ਹੁਣ ਇਸ ਨੂੰ ਮਈ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਕਰਨ ਸ਼ਰਮਾ ਹਨ। ਇਸ ਫਿਲਮ ਵਿੱਚ ਪਹਿਲੀ ਵਾਰ ਰਾਜ ਕੁਮਾਰ ਰਾਓ ਅਤੇ ਵਾਮਿਕਾ ਸਕਰੀਨ ’ਤੇ ਇਕੱਠੇ ਨਜ਼ਰ ਆਉਣਗੇ। ਇਸ ਫਿਲਮ ਦਾ ਟੀਜ਼ਰ ਫਰਵਰੀ ਵਿੱਚ ਜਾਰੀ ਕੀਤਾ ਗਿਆ ਸੀ। ਇਸ ਵਿੱਚ ਟਾਈਮ ਲੂਪ ਰੋਮਾਂਸ ਦਿਖਾਇਆ ਗਿਆ ਸੀ। ਦੋਵੇਂ ਮੁੱਖ ਕਿਰਦਾਰ ਖ਼ੁਦ ਨੂੰ ਮੁੜ-ਮੁੜ ਇੱਕੋ ਦਿਨ ’ਚ ਰਹਿੰਦਿਆਂ ਪਾਉਂਦੇ ਹਨ। ਮੈਡੌਕ ਫਿਲਮਜ਼ ਵੱਲੋਂ ਹਾਲ ਹੀ ਵਿੱਚ ਇਸ ਫਿਲਮ ਦਾ ਪੋਸਟਰ ਸਾਂਝਾ ਕੀਤਾ ਗਿਆ ਸੀ। ਇਸ ਵਿੱਚੋਂ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦੀ ਝਲਕ ਪੈਂਦੀ ਹੈ। ਇਸ ਨਾਲ ਕੈਪਸ਼ਨ ਵਿੱਚ ਲਿਖਿਆ ਸੀ ‘‘ਵਾਰ ਵਾਰ ਵਹੀ ਦਿਨ, ਵਹੀ ਹਲਦੀ! ਕਭ ਔਰ ਕੈਸੇ ਹੋਗੀ ਰੰਜਨ ਔਰ ਤਿਤਲੀ ਕੀ ਸ਼ਾਦੀ? ਪਤਾ ਚਲੇਗਾ ਨੌਂ ਮਈ ਕੋ! #ਭੂਲ ਚੂਕ ਮਾਫ਼ ਸਭੀ ਸਿਨੇਮਾ ਘਰੋਂ ਮੇਂ।’’ ਇਸ ਫਿਲਮ ਨੂੰ ਮੈਡੌਕ ਫਿਲਮਜ਼ ਅਤੇ ਐਮਾਜ਼ੋਨ ਐੱਮਜੀਐੱਮ ਸਟੂਡੀਓਜ਼ ਨੇ ਪੇਸ਼ ਕੀਤਾ ਹੈ। -ਏਐੱਨਆਈ