For the best experience, open
https://m.punjabitribuneonline.com
on your mobile browser.
Advertisement

ਭੂਰੇ ਨੇ ਪੁਆਈਆਂ ਭਾਜੜਾਂ...

04:52 AM Apr 03, 2025 IST
ਭੂਰੇ ਨੇ ਪੁਆਈਆਂ ਭਾਜੜਾਂ
Advertisement
ਕੁਲਦੀਪ ਧਨੌਲਾ
Advertisement

ਇਹ ਗੱਲ ਉਨ੍ਹਾਂ ਦਹਾਕਿਆਂ ਦੀ ਹੈ, ਜਦੋਂ ਪੰਜਾਬ ਵਿੱਚ ਅਤਿਵਾਦ, ਵੱਖਵਾਦ, ਖਾੜਕੂਵਾਦ, ਝੂਠੇ ਪੁਲੀਸ ਮੁਕਾਬਲੇ ਜਾਂ ਖ਼ਾਲਿਸਤਾਨ ਵਰਗੇ ਸ਼ਬਦਾਂ ਵਾਲਾ ਵਰਤਾਰਾ ਉੱਕਾ ਹੀ ਨਹੀਂ ਸੀ ਹੁੰਦਾ। ਉਦੋਂ ਇਕੱਲੇ ਥਾਣੇਦਾਰ ਕੋਲ ਬੋਲਟ ਮੋਟਰਸਾਈਕਲ ਹੁੰਦਾ ਸੀ, ਬਾਕੀ ਥਾਣੇ ਦਾ ਲਾਣਾ ਸਾਈਕਲਾਂ ਉੱਤੇ ਡੰਡੇ ਵਜਾਉਂਦਾ ਫਿਰਦਾ ਹੁੰਦਾ ਸੀ। ਅੱਜ ਕੱਲ੍ਹ ਤਾਂ ਆਮ ਪੁਲੀਸ ਮੁਲਾਜ਼ਮ ਵੀ ਕਾਰਾਂ, ਗੱਡੀਆਂ ਲਈ ਫਿਰਦੇ; ਥਾਣੇਦਾਰਾਂ ਦੀ ਤਾਂ ਗੱਲ ਹੀ ਛੱਡੋ, ਉਹ ਜਿਪਸੀਆਂ ਗੰਨਮੈਨ ਨਾਲ ਲਈ ਫਿਰਦੇ ਹਨ।

Advertisement
Advertisement

ਧਨੌਲੇ ਦਾ ਥਾਣਾ ਨਾਭੇ ਵਾਲੇ ਰਾਜੇ ਦੇ ਕਿਲ੍ਹੇ ਵਿੱਚ ਹੈ। ਇਹ ਕਿਲ੍ਹਾ ਸ਼ਹਿਰ ਦੀ ਸਭ ਤੋਂ ਉੱਚੀ ਥਾਂ ਬਣਿਆ ਹੋਇਆ ਹੈ। ਸੱਥ ਵਿੱਚ ਬੈਠੇ ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ ਕਿ ਪੁਲੀਸ ਦਾ ਫੜਿਆ ਬੰਦਾ ਪਹਿਲਾਂ ਤਾਂ ਪੁਲੀਸ ਵਾਲਿਆਂ ਨਾਲ ਆਰਾਮ ਨਾਲ ਤੁਰਿਆ ਜਾਂਦਾ ਸੀ ਪਰ ਜਦੋਂ ਥਾਣੇ (ਕਿਲ੍ਹੇ) ਦਾ ਮੁੱਖ ਗੇਟ ਦਿਸਦਾ ਤੇ ਚੜ੍ਹਾਈ ਸ਼ੁਰੂ ਹੋ ਜਾਂਦੀ ਤਾਂ ਉਹਦੇ ਕੋਲੋਂ ਪੈਰ ਨਹੀਂ ਪੁੱਟਿਆ ਜਾਂਦਾ ਸੀ। ਇਕ ਤਾਂ ਪੁਲੀਸ ਦੀ ਦਹਿਸ਼ਤ ਹੁੰਦੀ, ਤੇ ਦੂਜੀ ਚੜ੍ਹਾਈ। ਉਨ੍ਹਾਂ ਦਿਨਾਂ ਵਿੱਚ ਉੱਥੇ ਵਿਦਿਆ ਸਾਗਰ ਥਾਣੇਦਾਰ ਹੁੰਦਾ ਸੀ। ਜਦੋਂ ਉਹ ਤੁਰ੍ਹਲੇ ਅਤੇ ਟੌਰੇ ਵਾਲੀ ਪੱਗ ਬੰਨ੍ਹ ਕੇ ਦੁੱਗ-ਦੁੱਗ ਕਰਦੇ ਬੋਲਟ ਮੋਟਰਸਾਈਕਲ ਉੱਤੇ ਆਉਂਦਾ ਤਾਂ ਲੋਕ ਬੜੇ ਹੈਰਾਨੀ ਨਾਲ ਤੱਕਦੇ।

ਹੋਇਆ ਇਹ ਕਿ ਨੇੜਲੇ ਪਿੰਡ ਦਾਨਗੜ੍ਹ ਦੇ ਕਾਮੇ ਰੂੜੀ ਤੋਂ ਟਰਾਲੀ ਭਰੀ ਜਾਂਦੇ ਸੀ ਤਾਂ ਉੱਥੇ ਭੂਰਾ ਸਿੰਘ ਨੇ ਕੋਲ ਦੀ ਲੰਘੀ ਜਾਂਦੀ ਭਰਜਾਈ ਨੂੰ ਟਿੱਚਰ ਕਰ ਦਿੱਤੀ। ਅੱਗਿਓਂ ਭਰਜਾਈ ਨੇ ਅਜਿਹਾ ਜਵਾਬ ਦਿੱਤਾ ਕਿ ਭੂਰਾ ਸਿੰਘ ਨੂੰ ਬਹੁਤ ਵੱਟ ਚੜ੍ਹਿਆ। ਉਸ ਵਕਤ ਉਹਦੇ ਹੱਥ ਕਹੀ ਸੀ ਅਤੇ ਗੁੱਸੇ ਵਿੱਚ ਆਏ ਨੇ ਉਸ ਉੱਤੇ ਕਹੀ ਦਾ ਵਾਰ ਕਰ ਦਿੱਤਾ। ਗੱਲ ਵਧਦੀ-ਵਧਦੀ ਥਾਣੇ ਜਾ ਪਹੁੰਚੀ ਤੇ ਭੂਰਾ ਸਿੰਘ ਨੂੰ ਪੁਲੀਸ ਲੈ ਗਈ।

ਉਹ ਵਿਚਾਰਾ ਦਰਵੇਸ਼ ਬੰਦਾ! ਉਹਨੇ ਤਾਂ ਕਦੇ ਕੁੱਤੇ ਦੇ ਵੀ ਸੋਟੀ ਨਹੀਂ ਸੀ ਮਾਰੀ। ਥਾਣੇਦਾਰ ਵਿਦਿਆ ਸਾਗਰ ਭੂਰੇ ਨੂੰ ਕੁੱਟਣ ਦੀ ਝੁੱਟੀ ਲਾ ਕੇ ਕਹਿੰਦਾ- “ਤੈਨੂੰ ਜਿਊਂਦਾ ਨਹੀਂ ਛੱਡਦਾ, ਤੇਰੀ ਹਿੰਮਤ ਕਿਵੇਂ ਹੋਈ ਕਹੀ ਮਾਰਨ ਦੀ?” ਉਦੋਂ ਮੁਲਜ਼ਮ ਨੂੰ ਜਾਂਦੇ ਸਾਰ ਅੱਜ ਕੱਲ੍ਹ ਵਾਂਗ ਹਵਾਲਾਤ ਵਿੱਚ ਘੱਟ ਹੀ ਬੰਦ ਕਰਦੇ ਸਨ। ਥਾਣੇਦਾਰ ਦੀ ਧਮਕੀ ਤੋਂ ਬੁਰੀ ਤਰ੍ਹਾਂ ਘਬਰਾਇਆ ਭੂਰਾ ਸਿੰਘ ਡਰਦਾ ਪਿੰਡ ਭੱਠਲਾਂ ਦੀ ਥਾਣੇ ਆਈ ਪੰਚਾਇਤ ਨਾਲ ਮਲਕ ਦੇਣੇ ਖਿਸਕ ਗਿਆ।

ਉੱਧਰ, ਸਾਰੇ ਪਿੰਡ ਵਿੱਚ ਗੱਲ ਫੈਲ ਗਈ ਸੀ ਕਿ ਭੂਰਾ ਸਿੰਘ ਨੂੰ ਪੁਲੀਸ ਲੈ ਗਈ ਹੈ। ਜਦੋਂ ਪੰਚਾਇਤ ਥਾਣੇ ਪਹੁੰਚੀ ਤਾਂ ਥਾਣੇਦਾਰ ਕਹਿੰਦਾ- “ਮੈਂ ਤਾਂ ਤੁਹਾਡਾ ਬੰਦਾ ਛੱਡ’ਤਾ” ਪਰ ਪੰਚਾਇਤ ਵਾਲੇ ਕਹਿੰਦੇ- “ਦੱਸੋ ਕੀਹਦੇ ਨਾਲ ਤੋਰਿਐ, ਉਹ ਤਾਂ ਪਿੰਡ ਪਹੁੰਚਿਆ ਨਹੀਂ।” ਹੁਣ ਥਾਣੇਦਾਰ ਤਾਂ ਦੱਸੇ ਜੇ ਉਹਨੇ ਕਿਸੇ ਨਾਲ ਤੋਰਿਆ ਹੋਵੇ!

ਉਨ੍ਹਾਂ ਦਿਨਾਂ ਵਿੱਚ ਕਾਮਰੇਡ ਪਿੰਡਾਂ ਵਿੱਚ ਜਲਸੇ, ਡਰਾਮੇ ਕਰਦੇ ਹੁੰਦੇ ਸਨ। ਇਨ੍ਹਾਂ ਦਾ ਮੁੱਖ ਵਿਸ਼ਾ ਸਿਆਸਤਦਾਨਾਂ ਵੱਲੋਂ ਬਣਾਈਆਂ ਜਾਇਦਾਦਾਂ ਅਤੇ ਪੁਲੀਸ ਦੀਆਂ ਧੱਕੇਸ਼ਾਹੀਆਂ ਹੁੰਦਾ ਸੀ। ਧਨੌਲਾ ਕਸਬਾ ਇਨ੍ਹਾਂ ਡਰਾਮਿਆਂ ਦਾ ਗੜ੍ਹ ਹੁੰਦਾ ਸੀ। ਆਲੇ-ਦੁਆਲੇ ਦੇ ਲਗਭਗ ਅੱਧੀ ਦਰਜਨ ਪਿੰਡਾਂ ਦੇ ਲੋਕ ਡਰਾਮੇ ਦੇਖਣ ਆਉਂਦੇ ਸਨ ਕਿਉਂਕਿ ਉਦੋਂ ਰੇਡੀਓ ਤੋਂ ਬਿਨਾਂ ਮਨੋਰੰਜਨ ਦਾ ਕੋਈ ਹੋਰ ਵਸੀਲਾ ਨਹੀਂ ਸੀ ਹੁੰਦਾ।... ਖ਼ੈਰ! ਥਾਣੇਦਾਰ ਦੀ ਗੱਲ ਲੋਕਾਂ ਨੂੰ ਸੱਚੀ ਨਾ ਲੱਗੀ; ਉਹ ਕਹਿੰਦੇ, “ਭੂਰਾ ਸਿੰਘ ਜੇ ਛੱਡਿਆ ਹੁੰਦਾ ਤਾਂ ਪਿੰਡ ਹੀ ਜਾਂਦਾ।” ਪੁਲੀਸ ਨੇ ਥਾਣੇ ਦੇ ਖੱਲ-ਖੂੰਜੇ ਛਾਣ ਮਾਰੇ ਪਰ ਭੂਰਾ ਸਿੰਘ ਕਿਤਿਓਂ ਨਾ ਮਿਲਿਆ। ਉੱਧਰ, ਪਿੰਡ ਦੇ ਗੁਰਦੁਆਰੇ ਦੇ ਸਪੀਕਰ ਵਿੱਚ ਬੋਲ ਦਿੱਤਾ ਗਿਆ ਕਿ ਭੂਰਾ ਸਿੰਘ ਪੁਲੀਸ ਨੇ ਥਾਣੇ ਵਿੱਚ ਮਾਰ ਦਿੱਤਾ ਹੈ ਤੇ ਰਾਤ ਨੂੰ ਉਹਦੀ ਲਾਸ਼ ਹਰੀਗੜ੍ਹ ਨਹਿਰ ਵਿੱਚ ਸੁੱਟਣ ਜਾਵੇਗੀ।... ਇੰਨਾ ਕਹਿਣ-ਸੁਣਨ ਦੀ ਦੇਰ ਸੀ, ਥਾਣੇ ਦਾ ਮੁੱਖ ਗੇਟ ਲੋਕਾਂ ਨੇ ਟਰੈਕਟਰ-ਟਰਾਲੀਆਂ ਨਾਲ ਘੇਰ ਲਿਆ। ਥਾਣੇਦਾਰ ਵਿਦਿਆ ਸਾਗਰ ਨੂੰ ਮਾਘ ਦੇ ਮਹੀਨੇ ਵੀ ਤਰੇਲੀਆਂ ਆਉਣ ਲੱਗੀਆਂ। ਉਹਦੀ ਨੌਕਰੀ ਦਾ ਸਵਾਲ ਸੀ ਪਰ ਉਹ ਪਿੰਡ ਵਾਸੀਆਂ ਨੂੰ ਭੂਰਾ ਸਿੰਘ ਕਿੱਥੋਂ ਦੇਵੇ? ਉਹਨੇ ਪਿੰਡ ਵਾਲਿਆਂ ਨਾਲ ਜਦੋਂ ਸਮਝੌਤੇ ਦੀ ਗੱਲ ਤੋਰੀ ਤਾਂ ਲੋਕਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਉਹਦੀ ਅਲਖ ਮੁਕਾ ਦਿੱਤੀ ਗਈ ਹੈ। ਅਖ਼ਬਾਰਾਂ ਵਿੱਚ ਖ਼ਬਰਾਂ ਛਪ ਗਈਆਂ- ਧਨੌਲਾ ਥਾਣੇ ਵਿੱਚੋਂ ਦਾਨਗੜ੍ਹ ਦਾ ਭੂਰਾ ਸਿੰਘ ਗੁੰਮ।

ਵੱਡੇ ਅਧਿਕਾਰੀ ਮੌਕਾ ਦੇਖਣ ਆਏ। ਪੁਲੀਸ ਵਾਲਿਆਂ ਨੇ ਭੂਰਾ ਸਿੰਘ ਦੇ ਭੱਜਣ ਦਾ ਪੱਜ ਬਣਾਉਣ ਲਈ ਕਿਲ੍ਹੇ ਦੀਆਂ ਕੰਧਾਂ ਵਿੱਚ ਖੜ੍ਹੇ ਪਿੱਪਲ ਦੇ ਟਾਹਣੇ ਨਾਲ ਪਰਨਾ ਬੰਨ੍ਹ ਕੇ ਲਮਕਾ ਦਿੱਤਾ ਕਿ ਉਹ ਪਿਛਲੇ ਪਾਸੇ ਛਾਲ ਮਾਰ ਗਿਆ। ਔਖੇ ਬੈਠੇ ਲੋਕਾਂ ਨੇ ਪੁਲੀਸ ਅਧਿਕਾਰੀਆਂ ਨੂੰ ਸਵਾਲ ਕਰ ਦਿੱਤਾ- “ਤੁਹਾਡਾ ਇਕ ਵੀ ਮੁਲਾਜ਼ਮ ਇਸ ਪਰਨੇ ਰਾਹੀਂ ਥੱਲੇ ਉਤਰ ਕੇ ਦਿਖਾਵੇ, ਅਸੀਂ ਮੰਨ ਜਾਵਾਂਗੇ ਕਿ ਉਹ ਭੱਜ ਗਿਆ।”

ਕਿਲ੍ਹੇ ਦੀ ਇੰਨੀ ਉੱਚੀ ਕੰਧ! ਹੁਣ ਅੱਧ ਅਸਮਾਨ ਤੋਂ ਛਾਲ ਕਿਹੜਾ ਮਾਰੇ? ਅਧਿਕਾਰੀਆਂ ਦੇ ਮੂੰਹ ਵੀ ਸਿਉਂਤੇ ਗਏ।

ਪਿੰਡ ਵਾਸੀਆਂ ਅਤੇ ਪੁਲੀਸ ਨੂੰ ਕਈ ਦਿਨ ਭਾਜੜਾਂ ਪਾਉਣ ਵਾਲਾ ਭੂਰਾ ਸਿੰਘ ਪਿੰਡ ਜਾਣ ਦੀ ਥਾਂ ਜਲੰਧਰ ਕਾਮਰੇਡਾਂ ਦੇ ਦਫ਼ਤਰ ਪਹੁੰਚ ਗਿਆ ਸੀ। ਉਹਦੇ ਪਿੰਡ ਪਹੁੰਚਣ ਬਾਅਦ ਹੀ ਪੁਲੀਸ ਤੇ ਪਿੰਡ ਨੂੰ ਚੈਨ ਆਈ।

ਹੁਣ ਤਾਂ ਹਰ ਪਾਸੇ ਝੱਟ ਫੋਨ ਖੜਕ ਜਾਂਦੇ...।

ਸੰਪਰਕ: 94642-91023

Advertisement
Author Image

Jasvir Samar

View all posts

Advertisement