ਭੂਟਾਨ ਨਰੇਸ਼ ਨੇ ਸੰਗਮ ’ਚ ਕੀਤਾ ਇਸ਼ਨਾਨ
ਪ੍ਰਯਾਗਰਾਜ, 4 ਫਰਵਰੀ
ਭੂਟਾਨ ਨਰੇਸ਼ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਨੇ ਅੱਜ ਮਹਾਂਕੁੰਭ ’ਚ ਤ੍ਰਿਵੈਣੀ ਸੰਗਮ ’ਚ ਇਸ਼ਨਾਨ ਕੀਤਾ। ਉਨ੍ਹਾਂ ਇਸ਼ਨਾਨ ਕਰਨ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਸੂਰਜ ਨੂੰ ਅਰਘ ਦਿੱਤਾ।
ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਵਾਂਗਚੁਕ ਦੇ ਹਵਾਈ ਅੱਡੇ ’ਤੇ ਪਹੁੰਚਣ ’ਤੇ ਮੁੱਖ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਤੇ ਸਨਮਾਨ ਕੀਤਾ। ਬਾਅਦ ਵਿੱਚ ਭੂਟਾਨ ਨਰੇਸ਼ ਨੇ ਸੰਗਮ ’ਚ ਇਸ਼ਨਾਨ ਕੀਤਾ। ਸਰਕਾਰ ਵੱਲੋਂ ਜਾਰੀ ਤਸਵੀਰਾਂ ਅਨੁਸਾਰ ਵਾਂਗਚੁਕ ਨਾਲ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ ਸਵਤੰਤਰ ਦੇਵ ਸਿੰਘ, ਨੰਦ ਗੋਪਾਲ ਗੁਪਤਾ ਨੰਦੀ ਅਤੇ ਸੰਤੋਸ਼ ਦਾਸ ‘ਸਤੁਆ ਬਾਬਾ’ ਨੇ ਵੀ ਇਸ਼ਨਾਨ ਕੀਤਾ। ਸੰਗਮ ’ਚ ਇਸ਼ਨਾਨ ਮਗਰੋਂ ਭੂਟਾਨ ਨਰਸ਼ ਅਕਸ਼ੈਵਟ ਅਤੇ ਬੜੇ ਹਨੂਮਾਨ ਮੰਦਰ ’ਚ ਵੀ ਦਰਸ਼ਨ ਕਰਨ ਲਈ ਗਏ। ਇਸ ਮਗਰੋਂ ਵਾਂਗਚੁਕ ਅਤੇ ਮੁੱਖ ਮੰਤਰੀ ਡਿਜੀਟਲ ਮਹਾਂਕੁੰਭ ਕੇਂਦਰ ਪੁੱਜੇ। ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਭੂਟਾਨ ਨਰੇਸ਼ ਬੀਤੇ ਦਿਨ ਲਖਨਊ ਪੁੱਜੇ ਸਨ ਜਿੱਥੇ ਕਲਾਕਾਰਾਂ ਨੇ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। -ਪੀਟੀਆਈ
ਮੋਦੀ ਦੇ ਸੱਦੇ ’ਤੇ ਭਾਰਤ ਦੌਰੇ ’ਤੇ ਆਏ ਹਨ ਭੂਟਾਨ ਨਰੇਸ਼
ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭੂਟਾਨ ਨਰੇਸ਼ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਪ੍ਰਯਾਗਰਾਜ ਵਿੱਚ ਮਹਾਂਕੁੰਭ ਮੇਲੇ ’ਚ ਹਿੱਸਾ ਲੈਣ ਲਈ ਭਾਰਤ ਦੀ ਵਿਸ਼ੇਸ਼ ਯਾਤਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਭੂਟਾਨ ਵਿਚਾਲੇ ਮਜ਼ਬੂਤ ਅਤੇ ਡੂੰਘੇ ਦੋਸਤਾਨਾ ਸਬੰਧ ਹਨ। ਇਸ ਦੌਰਾਨ ਉਨ੍ਹਾਂ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਦੇ ਸੱਦੇ ’ਤੇ ਰਾਤਰੀ ਭੋਜ ਵੀ ਕੀਤਾ। -ਪੀਟੀਆਈ