ਭੀਖੀ ਬਲਾਕ ਤੋੜਨ ਖ਼ਿਲਾਫ਼ ਸੰਘਰਸ਼ ’ਤੇ ਡਟੇ ਲੋਕ
ਜੋਗਿੰਦਰ ਸਿੰਘ ਮਾਨ
ਭੀਖੀ (ਮਾਨਸਾ), 3 ਜੁਲਾਈ
ਭੀਖੀ ਬਲਾਕ ਤੋੜਨ ਵਿਰੁੱਧ ਸਰਕਾਰ ਖਿਲਾਫ਼ ਚੱਲ ਰਿਹਾ ਧਰਨਾ ਅੱਜ 18ਵੇਂ ਦਿਨ ਵੀ ਜਾ ਰਹੀ ਰਿਹਾ। ਧਰਨਾਕਾਰੀਆਂ ਨੇ ਮੰਚ ਤੋਂ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਬਲਾਕ ਦਫ਼ਤਰ ਨੂੰ ਤੋੜਨਾ ਦਾ ਫੈਸਲਾ ਵਾਪਸ ਨਾ ਲਿਆ ਤਾਂ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ 7 ਜੁਲਾਈ ਨੂੰ ਭੀਖੀ ਵਿੱਚ ਵੱਡਾ ਇਕੱਠ ਕਰਕੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
ਪੰਜਾਬ ਕਿਸਾਨ ਯੂਨੀਅਨ ਦੇ ਆਗੂ ਅਮਰੀਕ ਸਿੰਘ ਭੀਖੀ ਅਤੇ ਅਮਲੋਕ ਸਿੰਘ ਖੀਵਾ ਨੇ ਕਿਹਾ ਕਿ ਸਰਕਾਰ ਕੇਂਦਰੀ ਲੋਕ ਵਿਰੋਧੀ ਨੀਤੀਆਂ ਦੇ ਦਬਾਅ ਹੇਠ ਜਨਤਾ ਦੇ ਬਣਾਏ ਅਦਾਰੇ ਖ਼ਤਮ ਕਰਨ ਦੀ ਲੋਕ ਵਿਰੋਧੀ ਨੀਤੀ ’ਤੇ ਨਾ ਚੱਲੇ, ਸਗੋਂ ਲੋਕਾਂ ਲਈ ਸਰਕਾਰੀ ਸਹੂਲਤਾਂ ਤੇ ਰੁਜ਼ਗਾਰ ਵਿੱਚ ਵਾਧਾ ਕਰੇ। ਉਨ੍ਹਾਂ ਕਿਹਾ ਕਿ ਭੀਖੀ ਬਲਾਕ ਦੇ ਟੁੱਟਣ ਨਾਲ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਰੋਜ਼ਾਨਾ ਦੇ ਸਰਕਾਰੀ ਕੰਮ-ਕਾਜ ਲਈ ਖੱਜਲ-ਖੁਆਰ ਹੋਣਾ ਪਵੇਗਾ, ਉਥੇ ਹੀ ਇਸ ਬਲਾਕ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਭਾਰੀ ਮਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕੇਂਦਰੀ ਨੀਤੀਆਂ ਦੇ ਦਬਾਅ ਥੱਲੇ ਲੋਕ ਵਿਰੋਧੀ ਤੇ ਰੁਜ਼ਗਾਰ ਖ਼ਤਮ ਕਰਨ ਦੇ ਫੈਸਲੇ ਵਾਪਸ ਲਵੇ।
ਇਸ ਮੌਕੇ ਬਲਜੀਤ ਸ਼ਰਮਾ, ਕੇਵਲ ਸਿੰਘ ਸਮਾਓਂ, ਲਾਭ ਸਿੰਘ ਅਤਲਾ, ਛੱਜੂ ਰਾਮ ਰਿਸ਼ੀ, ਮੰਗਤ ਰਾਏ, ਜਗਦੇਵ ਸਿੰਘ ਭੁਪਾਲ, ਨਿਰਮਲ ਸਿੰਘ ਖੀਵਾ, ਬਲਮ ਸਿੰਘ ਢੈਪਈ, ਭੂੁਰਾ ਸਿੰਘ ਸਮਾਓਂ, ਸੁਖਦੇਵ ਸਿੰਘ ਸਮਾਓਂ, ਰੂਪ ਸਿੰਘ, ਦਿਨੇਸ਼ ਸੋਨੀ ਤੇ ਕਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ।