ਭਾਰਤ ਮੁਕਤੀ ਮੋਰਚਾ ਤੇ ਬਹੁਜਨ ਮੁਕਤੀ ਪਾਰਟੀ ਵੱਲੋਂ ਭਾਰਤ ਬੰਦ ਦੀ ਹਮਾਇਤ
ਪੱਤਰ ਪ੍ਰੇਰਕ
ਮਾਨਸਾ, 3 ਜੁਲਾਈ
ਭਾਰਤੀ ਮੁਕਤੀ ਮੋਰਚਾ, ਪੱਛੜਾ ਵਰਗ ਮੋਰਚਾ ਅਤੇ ਬਹੁਜਨ ਮੁਕਤੀ ਪਾਰਟੀ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸੇ ਤਹਿਤ ਮਾਨਸਾ ਵਿੱਚ ਥਾਣਾ ਸਿਟੀ-1 ਮਾਨਸਾ ਅੱਗੇ ਦੋ ਘੰਟੇ ਧਰਨਾ ਦੇ ਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਭਾਰਤ ਮੁਕਤੀ ਮੋਰਚਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦਲਵਿੰਦਰ ਸਿੰਘ ਨੇ ਕਿਹਾ ਕਿ ਓਬੀਸੀ ਦੀ ਜਾਤੀ ਆਧਾਰਿਤ ਜਨਗਣਨਾ ਕੀਤੀ ਜਾਵੇ, ਈਵੀਐੱਮ ਮਸ਼ੀਨਾਂ ਬੰਦ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤੇ ਮਨਰੇਗਾ ਮਜ਼ਦੂਰਾਂ ਨੂੰ 300 ਦਿਨਾਂ ਦਾ ਕੰਮ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਵਿੱਚ ਨਿੱਜੀਕਰਨ ਬੰਦ ਕੀਤਾ ਜਾਵੇ, ਕਿਸਾਨਾਂ ਨੂੰ ਐੱਮਐੱਸਪੀ ਦਿੱਤੀ ਜਾਵੇ, ਬਹੁਜਨ ਸਮਾਜ ਉੱਪਰ ਹੋਏ ਅੱਤਿਆਚਾਰ (ਮੁਸਲਮਾਨ, ਬੋਧੀ, ਇਸਾਈ, ਜੈਨੀ, ਕ੍ਰਿ਼ਸ਼ਚਨ, ਐੱਸਸੀ ਭਾਈਚਾਰਾ) ਨੂੰ ਬੰਦ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਪਛੜਾ ਵਰਗ ਮੋਰਚਾ ਦੇ ਆਗੂ ਸਿਕੰਦਰ ਸਿੰਘ ਘਰਾਂਗਣਾ ਅਤੇ ਕੇਵਲ ਸਿੰਘ ਨੇ ਦੱਸਿਆ ਕਿ ਪਛੜੀਆਂ ਸ੍ਰੇਣੀਆਂ ਨਾਲ ਦੇਸ਼ ਅੰਦਰ ਇਨਸਾਫ਼ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਭਰਤੀਆਂ ਵਿੱਚ ਵੀ ਉਨ੍ਹਾਂ ਨਾਲ ਸ਼ੇਰਆਮ ਧੱਕਾ ਕੀਤਾ ਜਾਂਦਾ ਹੈ। ਇਸ ਮੌਕੇ ਅੰਗਰੇਜ਼ ਸਿੰਘ ਜਟਾਣਾ, ਬਿੱਕਰ ਸਿੰਘ,ਸੁਰਿੰਦਰ ਸਿੰਘ, ਸੈਮੂਅਲ ਸਿੱਧੂ, ਰਣਜੀਤ ਸਿੰਘ, ਭੀਮ ਸਿੰਘ, ਹਰਦੇਵ ਸਿੰਘ ਸਹਾਰਨਾ, ਅੰਮ੍ਰਿਤਪਾਲ ਗੋਗਾ, ਮਲਕੀਤ ਸਿੰਘ, ਜਰਨੈਲ ਸਿੰਘ ਤੇ ਲਾਭ ਸਿੰਘ ਨੇ ਵੀ ਸੰਬੋਧਨ ਕੀਤਾ।