ਭਾਰਤ ਮਹਿਲਾ ਅੰਡਰ-19 ਵਿਸ਼ਵ ਕੱਪ ਦੇ ਸੁਪਰ-6 ’ਚ
ਕੁਆਲਾਲੰਪੁਰ, 24 ਜਨਵਰੀ
ਸਲਾਮੀ ਬੱਲੇਬਾਜ਼ ਜੀ. ਤ੍ਰਿਸ਼ਾ ਦੀ 49 ਦੌੜਾਂ ਦੀ ਪਾਰੀ ਅਤੇ ਤੇਜ਼ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਸ੍ਰੀਲੰਕਾ ਨੂੰ 60 ਦੌੜਾਂ ਨਾਲ ਹਰਾ ਕੇ ਗਰੁੱਪ ਏ ਵਿੱਚ ਸਿਖਰ ’ਤੇ ਰਹਿੰਦਿਆਂ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦੇ ਸੁਪਰ-6 ਵਿੱਚ ਜਗ੍ਹਾ ਬਣਾ ਲਈ ਹੈ। ਬੱਲੇਬਾਜ਼ੀ ਲਈ ਮੁਸ਼ਕਲ ਹਾਲਾਤ ਵਿੱਚ ਤ੍ਰਿਸ਼ਾ ਨੇ ਆਪਣੀ 44 ਗੇਂਦਾਂ ਦੀ ਪਾਰੀ ਵਿੱਚ ਪੰਜ ਚੌਕੇ ਅਤੇ ਇੱਕ ਛੱਕਾ ਲਾਇਆ, ਜਿਸ ਦੀ ਮਦਦ ਨਾਲ ਭਾਰਤ ਨੇ ਨੌਂ ਵਿਕਟਾਂ ’ਤੇ 118 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸ ਤੋਂ ਇਲਾਵਾ ਮਿਥਿਲਾ ਵਿਨੋਦ (10 ਗੇਂਦਾਂ ’ਚ 16) ਅਤੇ ਵੀਜੇ ਜੋਸ਼ਿਤਾ (9 ਗੇਂਦਾਂ ’ਚ 14) ਨੇ ਆਖਰੀ ਓਵਰਾਂ ਵਿੱਚ ਤੇਜ਼ ਦੌੜਾਂ ਬਣਾਈਆਂ। ਇਸ ਤੋਂ ਬਾਅਦ ਤੇਜ਼ ਗੇਂਦਬਾਜ਼ ਜੋਸ਼ਿਤਾ (17 ਦੌੜਾਂ ਦੇ ਕੇ 2 ਵਿਕਟਾਂ) ਅਤੇ ਸ਼ਬਨਮ ਸ਼ਕੀਲ (ਨੌਂ ਦੌੜਾਂ ਦੇ ਕੇ ਦੋ ਵਿਕਟਾਂ) ਨੇ ਪਹਿਲੇ ਚਾਰ ਓਵਰਾਂ ਵਿੱਚ ਦੋ-ਦੋ ਵਿਕਟਾਂ ਲੈ ਕੇ ਸ੍ਰੀਲੰਕਾ ਦਾ ਸਕੋਰ 4 ਵਿਕਟਾਂ ’ਤੇ 9 ਦੌੜਾਂ ਕਰ ਦਿੱਤਾ। ਅਗਲੇ ਓਵਰ ਵਿੱਚ ਕਪਤਾਨ ਮਨੁਦੀ ਐੱਨ. ਰਨ ਆਊਟ ਹੋ ਗਈ। ਸ੍ਰੀਲੰਕਾ 20 ਓਵਰਾਂ ਵਿੱਚ 9 ਵਿਕਟਾਂ ’ਤੇ ਸਿਰਫ਼ 58 ਦੌੜਾਂ ਹੀ ਬਣਾ ਸਕਿਆ।
ਭਾਰਤ ਨੇ ਗਰੁੱਪ ਗੇੜ ਦੀ ਆਪਣੀ ਮੁਹਿੰਮ ਤਿੰਨ ਮੈਚਾਂ ’ਚੋਂ ਤਿੰਨ ਜਿੱਤਾਂ ਨਾਲ ਖਤਮ ਕੀਤੀ। ਸ੍ਰੀਲੰਕਾ ਲਈ ਰਸ਼ਮਿਕਾ ਸੇਵਾਂਡੀ ਨੇ ਸਭ ਤੋਂ ਵੱਧ 15 ਦੌੜਾਂ ਬਣਾਈਆਂ। ਉਹ ਚੰਗੀ ਲੈਅ ਵਿੱਚ ਨਜ਼ਰ ਆ ਰਹੀ ਸੀ ਪਰ ਪਰੁਣਿਕਾ ਸਿਸੋਦੀਆ (ਸੱਤ ਦੌੜਾਂ ਦੇ ਕੇ ਦੋ ਵਿਕਟਾਂ) ਦੀ ਗੇਂਦ ’ਤੇ ਆਊਟ ਹੋ ਗਈ। ਆਯੂਸ਼ੀ ਸ਼ੁਕਲਾ (13 ਦੌੜਾਂ ’ਤੇ ਇੱਕ ਵਿਕਟ) ਅਤੇ ਮਲੇਸ਼ੀਆ ਖ਼ਿਲਾਫ਼ ਪੰਜ ਦੌੜਾਂ ਦੇ ਕੇ ਪੰਜ ਵਿਕਟਾਂ ਲੈਣ ਵਾਲੀ ਵੈਸ਼ਣਵੀ ਸ਼ਰਮਾ (ਤਿੰਨ ਦੌੜਾਂ ’ਤੇ ਇੱਕ ਵਿਕਟ) ਨੇ ਵੀ ਸ੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਦੌੜਾਂ ਨਹੀਂ ਬਣਾਉਣ ਦਿੱਤੀਆਂ। -ਪੀਟੀਆਈ