ਭਾਰਤ ਬਨਾਮ ਚੀਨ-ਪਾਕਿ
ਭਾਰਤ ਨੂੰ ਭਰੋਸਾ ਹੈ ਕਿ ਅਪਰੇਸ਼ਨ ਸਿੰਧੂਰ ਦੀ ਸਫਲਤਾ ਪਾਕਿਸਤਾਨ ਨੂੰ ਆਖਿ਼ਰਕਾਰ ਆਪਣੇ ਤੌਰ-ਤਰੀਕੇ ਸੁਧਾਰਨ ਲਈ ਮਜਬੂਰ ਕਰੇਗੀ; ਹਾਲਾਂਕਿ ਅਮਰੀਕਾ ਦੀ ‘ਡਿਫੈਂਸ ਇੰਟੈਲੀਜੈਂਸ ਏਜੰਸੀ (ਡੀਆਈਏ) ਦੀ ਤਾਜ਼ਾ ਰਿਪੋਰਟ ਜੋ ਵਿਸ਼ਵ ਵਿਆਪੀ ਖਤਰਿਆਂ ਦਾ ਮੁਲਾਂਕਣ ਕਰਦੀ ਹੈ, ਨੇ ਗੰਭੀਰ ਤਸਵੀਰ ਪੇਸ਼ ਕੀਤੀ ਹੈ। ਇਹ ਕਹਿੰਦੀ ਹੈ ਕਿ ਪਾਕਿਸਤਾਨ ਭਾਰਤ ਨੂੰ ਆਪਣੀ ਹੋਂਦ ਲਈ ਖ਼ਤਰਾ ਮੰਨਦਾ ਹੈ ਤੇ ਭਾਰਤ ਦੀ ਰਵਾਇਤੀ ਫੌਜੀ ਚੜ੍ਹਤ ਨੂੰ ਬੇਅਸਰ ਕਰਨ ਲਈ ਇਹ ਪਰਮਾਣੂ ਹਥਿਆਰਾਂ ਦੇ ਵਿਕਾਸ ਸਮੇਤ ਫੌਜੀ ਆਧੁਨਿਕੀਕਰਨ ਦੇ ਯਤਨ ਜਾਰੀ ਰੱਖੇਗਾ। ਨਵੀਂ ਦਿੱਲੀ ਨੇ ਇਸਲਾਮਾਬਾਦ ਨੂੰ ਪਹਿਲਾਂ ਹੀ ਸਖਤ ਸੰਦੇਸ਼ ਭੇਜ ਦਿੱਤਾ ਹੈ ਕਿ ਉਹ ਪਰਮਾਣੂ ਬਲੈਕਮੇਲ ਅੱਗੇ ਨਹੀਂ ਝੁਕੇਗੀ, ਪਰ ਦੁਸ਼ਮਣ ਗੁਆਂਢੀ ਨੂੰ ਰੋਕਣ ਲਈ ਇਹ ਕਾਫ਼ੀ ਨਹੀਂ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ, “ਪਾਕਿਸਤਾਨ ਲਗਭਗ ਯਕੀਨੀ ਤੌਰ ’ਤੇ ਵਿਦੇਸ਼ੀ ਸਪਲਾਇਰਾਂ ਤੇ ਵਿਚੋਲਿਆਂ ਤੋਂ ਡਬਲਿਊਐੱਮਡੀ ਦੇ ਘੇਰੇ ’ਚ ਆਉਣ ਵਾਲੀਆਂ ਚੀਜ਼ਾਂ ਖਰੀਦਦਾ ਹੈ।” ਪਾਕਿਸਤਾਨ ਦੀ ਚਾਲ ਸਪੱਸ਼ਟ ਹੈ: ਭਾਵੇਂ ਪਰਮਾਣੂ ਹਥਿਆਰਾਂ ਦਾ ਭੈਅ ਭਾਰਤ ਨੂੰ ਡਰਾਉਣ ’ਚ ਅਸਫਲ ਰਹੇ, ਪਰ ਇਹ ਪੱਛਮ ’ਚ ਇਸ ਕਦਰ ਹਿਲਜੁਲ ਪੈਦਾ ਕਰ ਦੇਵੇਗਾ ਕਿ ਤੀਜੀ ਧਿਰ ਦੇ ਦਖ਼ਲ ਦੀ ਲੋੜ ਪੈ ਜਾਵੇਗੀ।
ਫੌਜ ਮੁਖੀ ਜਨਰਲ ਆਸਿਮ ਮੁਨੀਰ ਨੂੰ ਫੀਲਡ ਮਾਰਸ਼ਲ ਦੇ ਰੈਂਕ ’ਤੇ ਤਰੱਕੀ ਦੇਣਾ ਦਰਸਾਉਂਦਾ ਹੈ ਕਿ ਪਾਕਿਸਤਾਨ ਭਾਰਤ ਦੇ ਤਿਰਸਕਾਰ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਵੇਗਾ। ਜੇ ਡੀਆਈਏ ਦੇ ਮੁਲਾਂਕਣ ’ਤੇ ਵਿਸ਼ਵਾਸ ਕੀਤਾ ਜਾਵੇ ਤਾਂ ਅਗਲੇ ਸਾਲ ਖੇਤਰੀ ਗੁਆਂਢੀਆਂ ਨਾਲ ਸਰਹੱਦੀ ਝੜਪਾਂ ਪਾਕਿਸਤਾਨੀ ਫੌਜ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਰਹਿ ਸਕਦੀਆਂ ਹਨ। ਇਸ ਦਾ ਮਤਲਬ ਹੈ ਕਿ ਭਾਰਤ ਨੂੰ ਕੰਟਰੋਲ ਰੇਖਾ ਦੇ ਨਾਲ ਅਤਿ ਦੀ ਚੌਕਸੀ ਬਣਾਈ ਰੱਖਣੀ ਪਵੇਗੀ। ਭਾਰਤੀ ਹਥਿਆਰਬੰਦ ਸੈਨਾਵਾਂ ਕੋਲ ਆਪਣੀ ਚੌਕਸੀ ਘਟਾਉਣ ਤੇ ਮੌਜੂਦਾ ਜੰਗਬੰਦੀ ਨੂੰ ਹਲਕੇ ਵਿੱਚ ਲੈਣ ਲਈ ਕੋਈ ਥਾਂ ਨਹੀਂ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਕਈ ਮੌਕਿਆਂ ’ਤੇ ਭਾਰਤ ਦੀ ਨਰਮੀ ਦਾ ਲਾਹਾ ਲੈ ਚੁੱਕਾ ਹੈ, ਇਸ ਲਈ ਕਰੜੀ ਨਿਗਰਾਨੀ ਦੀ ਲੋੜ ਹਮੇਸ਼ਾ ਰਹੇਗੀ। ਵੈਸੇ ਵੀ, ਅਪਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਨਾਲ ਨਜਿੱਠਣ ਦੇ ਭਾਰਤ ਤੇ ਪੈਂਤੜੇ ਹੁਣ ਬਦਲ ਚੁੱਕੇ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਚੀਨ ਨੂੰ ਆਪਣਾ ਪ੍ਰਮੁੱਖ ਵਿਰੋਧੀ ਮੰਨਦਾ ਹੈ ਅਤੇ ਪਾਕਿਸਤਾਨ ਨੂੰ ਜ਼ਿਆਦਾਤਰ “ਸਬੰਧਿਤ ਸੁਰੱਖਿਆ ਸਮੱਸਿਆ ਵਜੋਂ ਲੈਂਦਾ ਹੈ ਜਿਸ ਦਾ ਇਲਾਜ ਕੀਤਾ ਜਾਣਾ ਹੈ” ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਇਹ ਦੋਵੇਂ ਮੁਸ਼ਕਿਲਾਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਭਾਰਤ ਨੂੰ ਅੱਗੇ ਵਧਣ ਤੋਂ ਰੋਕਣ ਦੇ ਉਦੇਸ਼ ਨਾਲ ਚੀਨ ਇਸ ਸਮੇਂ ਪਾਕਿਸਤਾਨ ’ਤੇ ਆਰਥਿਕ ਅਤੇ ਫੌਜੀ ਰੂਪ ਵਿਚ ਮਿਹਰਬਾਨ ਹੈ। ਇਹ ਪਾਕਿਸਤਾਨ ’ਚ ਨਿਵੇਸ਼ ਕਰਨ ਦੇ ਨਾਲ-ਨਾਲ ਉਸ ਨੂੰ ਅਤਿ-ਆਧੁਨਿਕ ਹਥਿਆਰ ਤੇ ਲੜਾਕੂ ਜਹਾਜ਼ ਮੁਹੱਈਆ ਕਰਵਾ ਰਿਹਾ ਹੈ। ਵਿਅੰਗਾਤਮਕ ਤੌਰ ’ਤੇ ਰਿਪੋਰਟ ਭਾਰਤ-ਅਮਰੀਕਾ ਰੱਖਿਆ ਸਹਿਯੋਗ ਉਤੇ ਚੁੱਪ ਹੈ, ਭਾਵੇਂ ਇਹ ਰੂਸ ਨੂੰ ਦਿੱਲੀ ਦਾ ਮੁੱਖ ਸਹਿਯੋਗੀ ਮੰਨਦੀ ਹੈ ਜਿਸ ’ਤੇ ਭਾਰਤ, ਚੀਨ-ਪਾਕਿ ਖਤਰੇ ਦਾ ਮੁਕਾਬਲਾ ਕਰਨ ਲਈ ਨਿਰਭਰ ਹੈ। ਇਹ ਨੁਕਤੇ ਭਾਰਤ ਦੀ ਆਰਥਿਕ ਤੇ ਰੱਖਿਆ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਰੂਪ-ਰੇਖਾ ਬਿਹਤਰ ਕਰਨ ’ਚ ਮਦਦ ਕਰ ਸਕਦੇ ਹਨ।