For the best experience, open
https://m.punjabitribuneonline.com
on your mobile browser.
Advertisement

ਭਾਰਤ-ਪਾਕਿ ਝਗੜੇ ਅਤੇ ਆਲਮੀ ਭਾਈਚਾਰਾ

04:57 AM May 29, 2025 IST
ਭਾਰਤ ਪਾਕਿ ਝਗੜੇ ਅਤੇ ਆਲਮੀ ਭਾਈਚਾਰਾ
Advertisement

ਅਭੈ ਸਿੰਘ

Advertisement

ਇਸ ਵੇਲੇ ਸਾਡੇ ਦੇਸ਼ ਦੇ ਬਹੁਤ ਸਾਰੇ ਕੋਨਿਆਂ ਤੋਂ ਇਕ ਆਵਾਜ਼ ਆ ਰਹੀ ਹੈ ਕਿ ਸਾਡੀ ਵਿਦੇਸ਼ ਨੀਤੀ ਦੀਆਂ ਬਹੁਤ ਕਮਜ਼ੋਰੀਆਂ ਹਨ ਜਿਸ ਕਰ ਕੇ ਪਾਕਿਸਤਾਨ ਨਾਲ ਹਾਲੀਆ ਝਮੇਲੇ ਦੌਰਾਨ ਦੁਨੀਆ ਦੇ ਦੇਸ਼ ਭਾਰਤ ਦੇ ਹੱਕ ਵਿਚ ਨਹੀਂ ਨਿੱਤਰੇ। ਇਹ ਸਾਡੀ ਵਿਦੇਸ਼ ਨੀਤੀ ਦੀ ਮੁਕੰਮਲ ਨਾਕਾਮੀ ਵੀ ਸਮਝੀ ਜਾਂਦੀ ਹੈ। ਠੀਕ ਹੈ, ਨਾਕਾਮੀਆਂ ਵੀ ਹਨ ਤੇ ਕਮਜ਼ੋਰੀਆਂ ਵੀ ਪਰ ਵੱਡਾ ਸਵਾਲ ਇਹ ਹੈ ਕਿ ਭਾਰਤ ਕਿਸ ਕਿਸਮ ਦੀ ਮਦਦ ਚਾਹੁੰਦਾ ਸੀ, ਜੋ ਨਹੀਂ ਮਿਲੀ। ਪਹਿਲਗਾਮ ਦੇ ਅਤਿਵਾਦੀ ਹਮਲੇ ਦੀ ਸਾਰੀ ਦੁਨੀਆ ਨੇ ਨਿੰਦਾ ਕੀਤੀ ਸੀ, ਬਹੁਤ ਮੁਲਕਾਂ ਨੇ ਭਾਰਤ ਨਾਲ ਹਮਦਰਦੀ ਵੀ ਜਤਾਈ। ਰੂਸ, ਜਪਾਨ ਤੇ ਕਈ ਮੁਲਕਾਂ ਦਾ ਬਹੁਤ ਠੋਕਵਾਂ ਬਿਆਨ ਸੀ ਕਿ ਉਹ ਅਤਿਵਾਦ ਵਿਰੁੱਧ ਹਰ ਲੜਾਈ ਵਿਚ ਭਾਰਤ ਦਾ ਸਾਥ ਦੇਣਗੇ ਲੇਕਿਨ ਇਸ ਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਸੀ ਕਿ ਉਨ੍ਹਾਂ ਨੇ ਪਾਕਿਸਤਾਨ ਵਿਰੁੱਧ ਲੜਾਈ ਵਿਚ ਭਾਰਤ ਦਾ ਸਾਥ ਦੇਣ ਦਾ ਵਚਨ ਦਿੱਤਾ ਸੀ। ਭਾਰਤ ਅੰਦਰ ਵਾਪਰਦੇ ਅਤਿਵਾਦੀ ਹਮਲਿਆਂ ਵਿਚ ਪਾਕਿਸਤਾਨ ਦਾ ਕਿਤਨਾ ਰੋਲ ਹੁੰਦਾ ਹੋਵੇਗਾ, ਇਹ ਵੱਖਰੀ ਗੱਲ ਹੈ ਪਰ ਅਤਿਵਾਦ ਤੇ ਪਾਕਿਸਤਾਨ ਨੂੰ ਸਮ-ਅਰਥੀ ਸ਼ਬਦ ਦੇ ਤੌਰ ’ਤੇ ਨਹੀਂ ਲਿਆ ਜਾ ਸਕਦਾ।
ਪਹਿਲਗਾਮ ਦੀ ਅਤਿਵਾਦੀ ਕਾਰਵਾਈ ਵੱਖਰੀ ਤਰ੍ਹਾਂ ਦੀ ਭਿਅੰਕਰ ਤੇ ਦਰਦਨਾਕ ਸੀ। ਇਸੇ ਵਾਸਤੇ ਸਾਰੀ ਦੁਨੀਆ ਨੇ ਇਸ ਉਪਰ ਦੁੱਖ ਦਾ ਇਜ਼ਹਾਰ ਕੀਤਾ ਲੇਕਿਨ ਸਪੱਸ਼ਟ ਹੈ ਕਿ ਇਸ ਕਾਰਵਾਈ ਨੂੰ ਪਾਕਿਸਤਾਨ ਉਪਰ ਹਵਾਈ ਹਮਲੇ ਕਰਨ ਵਾਸਤੇ ਵਾਜਬ ਕਾਰਨ ਨਹੀਂ ਸਮਝਿਆ ਗਿਆ। ਇਹ ਬਿਲਕੁਲ ਇਸੇ ਤਰ੍ਹਾਂ ਹੈ ਕਿ ਜਦੋਂ ਹਮਾਸ ਦੇ ਅਤਿਵਾਦੀਆਂ ਨੇ ਇਜ਼ਰਾਈਲ ’ਤੇ ਹਮਲਾ ਕਰ ਕੇ 300 ਲੋਕਾਂ ਨੂੰ ਬੰਦੀ ਬਣਾਇਆ ਤੇ ਹਜ਼ਾਰ ਦੇ ਕਰੀਬ ਨਾਗਰਿਕਾਂ ਨੂੰ ਮਾਰ ਦਿੱਤਾ ਤਾਂ ਸਾਰੀ ਦੁਨੀਆ ਨੇ ਨਿੰਦਾ ਕੀਤੀ ਸੀ ਪਰ ਇਸ ਦੇ ਜਵਾਬ ਵਿਚ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੀ ਅੰਧਾ-ਧੁੰਦ ਬੰਬਾਰੀ ਦੀ ਵੀ ਸਭ ਪਾਸਿਓਂ ਨਿੰਦਾ ਹੋਈ।
ਇਜ਼ਰਾਈਲ ਦਾ ਦਾਅਵਾ ਸੀ ਕਿ ਹਮਾਸ ਦੇ ਗੁਰੀਲਿਆਂ ਨੇ ਰਿਹਾਇਸ਼ੀ ਇਮਾਰਤਾਂ ਦੇ ਤਹਿਖਾਨਿਆਂ ਵਿਚ ਆਪਣੇ ਅੱਡੇ ਬਣਾਏ ਹਨ, ਹਥਿਆਰ ਜਮ੍ਹਾਂ ਕੀਤੇ ਹਨ ਤੇ ਇਥੇ ਹੀ ਸੁਰੰਗਾਂ ਬਣਾਈਆਂ ਹੋਈਆਂ ਹਨ। ਇਹ ਗੱਲਾਂ ਸੱਚੀਆਂ ਹੋ ਸਕਦੀਆਂ ਹਨ ਪਰ ਆਲਮੀ ਇਨਸਾਫ਼ ਦਾ ਇਹ ਤਕਾਜ਼ਾ ਤਾਂ ਰਹੇਗਾ ਹੀ ਕਿ ਕੁਝ ਬੇਕਸੂਰ ਲੋਕਾਂ ਨੂੰ ਬੰਦੀ ਬਣਾਏ ਜਾਣ ਤੇ ਕੁਝ ਬੇਕਸੂਰ ਲੋਕਾਂ ਦੇ ਕਤਲ ਦੇ ਇਵਜ਼ ਵਿਚ ਕੁਝ ਹੋਰ ਬੇਕਸੂਰ ਲੋਕਾਂ ਦੀਆਂ ਹੱਤਿਆਵਾਂ ਨਹੀਂ ਕੀਤੀਆਂ ਜਾ ਸਕਦੀਆਂ। ਆਸਮਾਨ ਤੋਂ ਹੇਠਾਂ ਮਿਜ਼ਾਈਲ ਦਾਗਣ ਵਾਲਾ ਬੰਦਾ ਇਸ ਦੀ ਗਾਰੰਟੀ ਨਹੀਂ ਕਰ ਸਕਦਾ ਕਿ ਨਿਸ਼ਾਨੇ ਹੇਠਲੀ ਇਮਾਰਤ ਵਿਚ ਸਿਰਫ ਖੂਨੀ ਅਤਿਵਾਦੀ ਹੀ ਹੋਣਗੇ; ਇਸ ਵਿਚ ਕੋਈ ਸਾਧਾਰਨ ਵਿਅਕਤੀ, ਕੋਈ ਬੁਜ਼ੁਰਗ, ਔਰਤ ਜਾਂ ਬੱਚਾ ਨਹੀਂ ਹੋਵੇਗਾ। ਕਿਸੇ ਸਿਖਲਾਈ ਕੈਂਪ ਵਿਚ ਸਫ਼ਾਈ ਕਰਮਚਾਰੀ ਵੀ ਹੋ ਸਕਦੇ ਹਨ ਤੇ ਰਸੋਈ ਦੇ ਕਾਰੀਗਰ ਵੀ।
ਹੁਣ ਭਾਰਤ ਵੱਲੋਂ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਵਫ਼ਦ ਦੂਸਰੇ ਮੁਲਕਾਂ ਵਿਚ ਭਾਰਤ ਦਾ ਪੱਖ ਰੱਖਣ ਵਾਸਤੇ ਭੇਜੇ ਗਏ ਹਨ। ਇਸ ਕੰਮ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ ਲੇਕਿਨ ਦੇਸ਼ ਵਾਸੀਆਂ ਨੂੰ ਅਜੇ ਵੀ ਸਾਫ਼ ਨਹੀਂ ਕਿ ਇਹ ਕਿਸ ਤਰ੍ਹਾਂ ਦਾ ਪੱਖ ਰੱਖ ਰਹੇ ਹਨ ਤੇ ਦੂਸਰੇ ਦੇਸ਼ਾਂ ਤੋਂ ਕੀ ਮੰਗ ਜਾਂ ਉਮੀਦ ਰੱਖਣਗੇ। ਸਪੱਸ਼ਟ ਹੈ ਕਿ ਹਰ ਮੁਲਕ ਅਤਿਵਾਦ ਦੀ ਨਿੰਦਾ ਕਰੇਗਾ ਤੇ ਇਸ ਦੇ ਵਿਰੁੱਧ ਭਾਰਤ ਦੇ ਨਾਲ ਖੜ੍ਹਾ ਹੋਣ ਦੀ ਜ਼ਾਮਨੀ ਵੀ ਦੇਵੇਗਾ ਪਰ ਕੀ ਕੋਈ ਮੁਲਕ ਪਾਕਿਸਤਾਨ ਵਿਰੁੱਧ ਲੜਾਈ ਵਿਚ ਸਹਾਇਤਾ ਕਰਨ ਦਾ ਵਚਨ ਦੇਵੇਗਾ, ਅਜਿਹਾ ਹੋਣਾ ਬਹੁਤ ਮੁਸ਼ਕਿਲ ਹੈ।
ਇਹ ਸਥਾਪਤ ਦਸਤੂਰ ਹੈ ਕਿ ਕਿਸੇ ਵੀ ਝਗੜੇ ਵਿਚ, ਚਾਹੇ ਉਹ ਦੋ ਵਿਅਕਤੀਆਂ ਵਿਚ ਹੋਵੇ ਜਾਂ ਮੁਲਕਾਂ ਦਰਮਿਆਨ, ਕਿਸੇ ਇਕ ਨੂੰ ਚੁੱਕਣ ਜਾਂ ਹੱਲਾਸ਼ੇਰੀ ਦੇਣ ਵਾਲਾ ਸੱਚਾ ਦੋਸਤ ਨਹੀਂ ਗਿਣਿਆ ਜਾਂਦਾ। ਸੱਚਾ ਦੋਸਤ ਉਹ ਗਿਣਿਆ ਜਾਂਦਾ ਹੈ ਜੋ ਦੋਹਾਂ ਵਿਚ ਸੁਲਾਹ ਸਫ਼ਾਈ ਕਰਵਾਉਣ ਵਿਚ ਮਦਦ ਕਰੇ। ਇਨ੍ਹਾਂ ਦੌਰਿਆਂ ਦੌਰਾਨ ਹੀ ਇੰਗਲੈਂਡ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਜੇ ਭਾਰਤ ਤੇ ਪਾਕਿਸਤਾਨ ਕਿਸੇ ਦੂਸਰੇ ਮੁਲਕ ਵਿਚ ਆਪਸੀ ਗੱਲਬਾਤ ਕਰਨ ਤਾਂ ਚੰਗੇ ਨਤੀਜੇ ਨਿਕਲ ਸਕਦੇ ਹਨ। ਇਹ ਸਾਲਸੀ ਦੀ ਪੇਸ਼ਕਸ਼ ਨਹੀਂ, ਸਿਰਫ਼ ਬੈਠਣ ਦਾ ਪ੍ਰਬੰਧ ਕਰਨ ਦੀ ਤਜਵੀਜ਼ ਹੈ, ਜਿਵੇਂ ਰੂਸ ਤੇ ਯੂਕਰੇਨ ਵਿਚਕਾਰ ਗੱਲਬਾਤ ਸਾਊਦੀ ਅਰਬ ’ਚ ਹੁੰਦੀ ਰਹੀ, ਤੁਰਕੀ ਵਿਚ ਵੀ ਹੋ ਰਹੀ ਹੈ, ਜ਼ਿਆਦਾ ਭਾਵੇਂ ਕੁਝ ਨਹੀਂ ਹੋਇਆ ਪਰ ਚਲੋ, ਦੋਵੇਂ ਮੁਲਕ ਇਕ ਦੂਜੇ ਦੇ ਕੈਦੀਆਂ ਨੂੰ ਛੱਡ ਰਹੇ ਹਨ।
ਜਿਹੜਾ ਹੁਣ ਅਸੀਂ ਦੂਜੇ ਦੇਸ਼ਾਂ ਦੇ ਦੌਰੇ ਕਰ ਕੇ ਆਪਣਾ ਪੱਖ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਦਾ ਸੌਖਾ ਤੇ ਕਾਰਗਰ ਤਰੀਕਾ ਇਹ ਸੀ ਕਿ ਅਸੀਂ ਪਹਿਲਗਾਮ ਦੇ ਹਮਲੇ ਤੋਂ ਫੌਰੀ ਬਾਅਦ ਇਸ ਦੀ ਸੰਯੁਕਤ ਰਾਸ਼ਟਰ ਅੱਗੇ ਸ਼ਿਕਾਇਤ ਕਰਦੇ; ਪਾਕਿਸਤਾਨ ਦੀ ਭੂਮਿਕਾ ਦੇ ਪੂਰੇ ਸਬੂਤ ਰੱਖ ਸਕਦੇ ਸਾਂ। ਉੱਥੇ ਬਹਿਸ ਕਰਨ ਦਾ ਵੱਡਾ ਲਾਭ ਇਹ ਹੁੰਦਾ ਕਿ ਸਾਡੇ ਸਾਹਮਣੇ ਪਾਕਿਸਤਾਨ ਦਾ ਪੱਖ ਵੀ ਆ ਜਾਂਦਾ ਤੇ ਅਸੀਂ ਉਸ ਦਾ ਜਵਾਬ ਵੀ ਦੇ ਸਕਦੇ। ਅਸਲ ਵਿਚ ਜਵਾਬ ਤੇ ਮੋੜਵਾਂ ਜਵਾਬ ਦੇਣ ਦਾ ਅਖਾੜਾ ਹੀ ਆਲਮੀ ਪੰਚਾਇਤ ਦਾ ਇਕੱਠ ਬਣਦਾ ਹੈ। ਇਹ ਕੁਝ ਆਸਮਾਨਾਂ ਵਿਚ ਮਹਿੰਗੇ ਜੰਗੀ ਜਹਾਜ਼ਾਂ ਰਾਹੀਂ ਸੰਭਵ ਨਹੀਂ ਹੋ ਸਕਦਾ।
ਫਿਰ ਜਦੋਂ ਸਾਡੇ ਵਫ਼ਦ ਦੁਨੀਆ ਨਾਲ ਗੱਲਬਾਤ ਕਰਨ ਗਏ ਤਾਂ ਪਹਿਲਾਂ ਦੂਰ-ਦਰਾਜ਼ ਦੇ ਦੇਸ਼ ਹੀ ਚੁਣੇ ਗਏ। ਸਾਡੇ ਗੁਆਂਢੀ ਦੇਸ਼ ਵਿਸਾਰੇ ਹੀ ਰਹਿ ਗਏ। ਮੰਨਿਆ ਕਿ ਪਾਕਿਸਤਾਨ ਨਾਲ ਤਾਂ ਝਗੜਾ ਸੀ ਤੇ ਚੀਨ ਉਸ ਦਾ ਸਾਥ ਦੇ ਰਿਹਾ ਸੀ, ਸਾਨੂੰ ਨੇਪਾਲ, ਭੂਟਾਨ, ਸ੍ਰੀਲੰਕਾ, ਬੰਗਲਾਦੇਸ਼ ਤੇ ਮਾਲਦੀਵ ਨਾਲ ਤਾਂ ਪਹਿਲ ਦੇ ਆਧਾਰ ’ਤੇ ਗੱਲ ਕਰਨੀ ਚਾਹੀਦੀ ਸੀ। ਠੀਕ ਹੈ, ਇਹ ਦੇਸ਼ ਛੋਟੇ ਹਨ, ਇਨ੍ਹਾਂ ਪਾਸ ਸਾਨੂੰ ਦੇਣ ਜੋਗੇ ਜੰਗੀ ਜਹਾਜ਼ ਨਹੀਂ ਹੋਣਗੇ ਪਰ ਇਨ੍ਹਾਂ ਨਾਲ ਸਾਡਾ ਸਭ ਤੋਂ ਨਜ਼ਦੀਕੀ ਰਿਸ਼ਤਾ ਹੈ, ਇਹ ਸਾਡੇ ਗੁਆਂਢੀ ਹੀ ਨਹੀਂ, ਸਾਡਾ ਆਂਢ-ਗੁਆਂਢ ਹੈ, ਸਾਡਾ ਮਹੱਲਾ ਹੈ। ਇਨ੍ਹਾਂ ਮੁਲਕਾਂ ਵਿੱਚੋਂ ਵੀ ਅੱਗੇ ਬੰਗਲਾਦੇਸ਼ ਹੀ ਇੱਕੋ-ਇੱਕ ਮੁਲਕ ਹੈ ਜੋ ਜੰਮੂ ਤੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਤਸਲੀਮ ਕਰਦਾ ਹੈ। ਅਸੀਂ ਆਪਣੀ ਵਿਦੇਸ਼ ਨੀਤੀ ਦੀਆਂ ਕਈ ਨਾਕਾਮੀਆਂ ਦੀ ਗੱਲ ਕਰਦੇ ਹਾਂ ਪਰ ਸਭ ਤੋਂ ਵੱਡੀ ਨਾਕਾਮੀ ‘ਸਾਰਕ’ ਸੰਗਠਨ ਦਾ ਟੁੱਟਣਾ ਹੈ। ਸਭ ਤੋਂ ਵੱਡਾ ਮੁਲਕ ਹੋਣ ਦੇ ਨਾਤੇ ਇਸ ਸੰਗਠਨ ਨੂੰ ਬਣਾਏ ਰੱਖਣਾ ਭਾਰਤ ਦੀ ਜ਼ਿੰਮੇਵਾਰੀ ਹੈ।
ਦਹਿਸ਼ਤਗਰਦੀ ਬਹੁਤ ਦਰਦਨਾਕ ਹੈ ਤੇ ਇਹ ਸਾਰੀ ਦੁਨੀਆ ਵਿਚ ਹੀ ਕਿਧਰੇ ਨਾ ਕਿਧਰੇ ਮੌਜੂਦ ਹੈ। ਇਸ ਬਾਰੇ ਸਾਂਝੀ ਆਲਮੀ ਸੋਚ ਬਣਨੀ ਚਾਹੀਦੀ ਹੈ, ਸਿਰਫ਼ ਨਿੰਦਾ ਕਾਫ਼ੀ ਨਹੀਂ ਹੋਵੇਗੀ, ਨਾ ਹੀ ਅਜਿਹੇ ਪ੍ਰਣ ਕਿ ਦਹਿਸ਼ਤਗਰਦੀ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵੱਡੇ ਮਾਰੂ ਬੰਬਾਰ ਹਵਾਈ ਜਹਾਜ਼ ਤੇ ਮਿਜ਼ਾਇਲਾਂ ਇਸ ਮਾਮਲੇ ਵਿਚ ਕਿਸੇ ਕੰਮ ਨਹੀਂ ਆ ਸਕਦੀਆਂ। ਸਾਡੇ ਮੁਲਕ ਵਿਚ ਜੰਮੂ ਤੇ ਕਸ਼ਮੀਰ ਤੋਂ ਇਲਾਵਾ ਅਸਾਮ, ਮਨੀਪੁਰ ਆਦਿ ਸੂਬਿਆਂ ਵਿਚ ਵੀ ਦਹਿਸ਼ਤਗਰਦੀ ਹੈ। ਜੇ ਇਸ ਰਾਹੀਂ ਹੁੰਦੀਆਂ ਮੌਤਾਂ ਦਾ ਹਿਸਾਬ ਲਗਾਈਏ ਤਾਂ ਪਿਛਲੇ ਦੋ ਤਿੰਨ ਸਾਲਾਂ ਵਿਚ ਹੀ ਛੱਤੀਸਗੜ੍ਹ ਤੇ ਝਾਰਖੰਡ ਵਿਚ ਵਾਪਰੀਆਂ ਮੌਤਾਂ ਜੰਮੂ ਤੇ ਕਸ਼ਮੀਰ ਨਾਲੋਂ ਕਿਤੇ ਵੱਧ ਹਨ। ਇੱਥੇ ਕਿਹੜੇ ਰਾਫਾਲ ਤੇ ਮਿਰਾਜ ਕੰਮ ਆਉਣਗੇ? ਇਸ ਵਾਸਤੇ ਸਭ ਤੋਂ ਜ਼ਰੂਰੀ ਹੈ, ਦਹਿਸ਼ਤਗਰਦੀ ਜਾਂ ਅਤਿਵਾਦ ਦੀਆਂ ਜੜ੍ਹਾਂ ਦੀ ਤਾਲਾਸ਼ ਕਰਨਾ; ਅਜਿਹੀ ਸੋਚ ਦੀਆਂ ਜੜ੍ਹਾਂ ਦੀ ਤਲਾਸ਼ ਕਰਨਾ ਹੈ ਤੇ ਉਸ ਦਾ ਹੱਲ ਤਲਾਸ਼ਣਾ ਹੈ, ਬਾਕੀ ਕੰਮ ਬਾਅਦ ਦੇ ਹਨ।
ਸੰਪਰਕ: 98783-75903

Advertisement
Advertisement

Advertisement
Author Image

Jasvir Samar

View all posts

Advertisement