ਭਾਰਤ-ਪਾਕਿ ਜੰਗ ਕਾਰਨ ਲੋਕਾਂ ਨੇ ਵਾਧੂ ਖਰੀਦਦਾਰੀ ਕੀਤੀ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 10 ਮਈ
ਭਾਰਤ ਪਾਕਿਸਤਾਨ ਦੀ ਜੰਗ ਨੂੰ ਲੈ ਕੇ ਲੋਕਾਂ ਵਿਚ ਸਹਿਮ ਪੈਦਾ ਹੋ ਗਿਆ। ਲੋਕ ਇਸ ਨੂੰ ਲੈ ਕੇ ਡਰੇ ਹੋਏ ਅਤੇ ਸਹਿਮੇ ਹੋਏ ਨਜ਼ਰ ਆਉਣ ਲੱਗੇ ਹਨ। ਹਾਲਾਂਕਿ ਕੁੱਝ ਜੱਥੇਬੰਦੀਆਂ ਖੱਬੇਪੱਖੀਆਂ ਅਤੇ ਸੰਗਠਨਾਂ ਵੱਲੋਂ ਇਹ ਜੰਗ ਨਾ ਹੋਣ ਅਤੇ ਇਸ ਵਿਚ ਮਨੁੱਖਤਾ ਦਾ ਘਾਣ ਹੋਣ ਨੂੰ ਲੈ ਕੇ ਪ੍ਰਦਰਸ਼ਨ ਅਤੇ ਦਿਖਾਵੇ ਕੀਤੇ ਜਾ ਰਹੇ ਹਨ ਪਰ ਜਿਵੇਂ ਜਿਵੇਂ ਹਾਲਾਤ ਬਣਦੇ ਜਾ ਰਹੇ ਹਨ ਉਸ ਨੂੰ ਲੈ ਕੇ ਇੱਥੇ ਦੂਜੇ ਸੂਬਿਆਂ ਤੋਂ ਆਏ ਅਨੇਕਾਂ ਪਰਵਾਸੀਆਂ ਨੇ ਆਪਣੇ ਪਿੰਡਾਂ, ਘਰਾਂ ਦਾ ਰੁਖ਼ ਕਰ ਲਿਆ ਹੈ। ਉਧਰ, ਦੋਵਾਂ ਦੇਸ਼ਾਂ ਵਿੱਚ ਤਣਾਅ ਦੌਰਾਨ ਪਰਵਾਸੀ ਅਤੇ ਅਨੇਕਾਂ ਲੋਕ ਕਰਿਆਣਾ ਅਤੇ ਹੋਰ ਸਾਮਾਨ ਦੀ ਖਰੀਦ ਕਰਦੇ ਦੇਖੇ ਗਏ। ਲੋਕਾਂ ਵੱਡੀ ਗਿਣਤੀ ਵਿੱਚ ਸਾਮਾਨ ਖਰੀਦ ਰਹੇ ਹਨ। ਇਸ ਦੌਰਾਨ ਪੁਲੀਸ ਨੇ ਸ਼ਹਿਰੀ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਫਲੈਕਸ ਸਾਈਨ ਬੋਰਡਾਂ ਦੀਆਂ ਲਾਈਟਾਂ ਬੰਦ ਕਰਕੇ ਰੱਖੀਆਂ ਜਾਣ। ਮੀਂਹ ਪੈਣ ਕਾਰਨ ਸਬਜ਼ੀਆਂ ਅਤੇ ਫਲਾਂ ’ਤੇ ਮਾੜਾ ਅਸਰ ਪਿਆ ਹੈ। ਬਾਹਰੀ ਜ਼ਿਲ੍ਹਿਆਂ ’ਚ ਸਬਜ਼ੀਆਂ ਅਤੇ ਫਲਾਂ ਦੀ ਆਮਦ ਘਟਣ ਕਾਰਨ ਕੀਮਤਾਂ ਵਧਣ ਦੇ ਅਸਾਰ ਬਣ ਰਹੇ ਹਨ। ਕਾਫ਼ੀ ਲੋਕਾਂ ਨੇ ਆਪਣੇ ਘਰਾਂ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇੱਥੇ ਅੱਜ ਕਈ ਪੈਟਰੋਲ ਪੰਪਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਲੋਕ ਇੱਕ ਦੂਜੇ ਤੋਂ ਲੜਾਈ ਦੀਆਂ ਸੂਹਾਂ ਲੈ ਰਹੇ ਹਨ। ਇਸ ਕਾਰਨ ਬਹੁਤੇ ਲੋਕ ਡਰ ਦੇ ਵਾਤਾਵਰਨ ਵਿੱਚ ਜੀਅ ਰਹੇ ਹਨ।