For the best experience, open
https://m.punjabitribuneonline.com
on your mobile browser.
Advertisement

ਭਾਰਤ-ਪਾਕਿ ’ਚ ਗੋਲੀਬੰਦੀ ਦੇ ਐਲਾਨ ਮਗਰੋਂ ਲੋਕਾਂ ਨੇ ਲਿਆ ਸੁੱਖ ਦਾ ਸਾਹ

04:49 AM May 11, 2025 IST
ਭਾਰਤ ਪਾਕਿ ’ਚ ਗੋਲੀਬੰਦੀ ਦੇ ਐਲਾਨ ਮਗਰੋਂ ਲੋਕਾਂ ਨੇ ਲਿਆ ਸੁੱਖ ਦਾ ਸਾਹ
ਮਾਨਸਾ ਦੇ ਬੱਸ ਸਟੈਂਡ ਸਾਹਮਣੇ ਖੁਸ਼ੀ ’ਚ ਲੱਡੂ ਵੰਡਦੇ ਹੋਏ ਨੌਜਵਾਨ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 10 ਮਈ
ਮਾਲਵਾ ਖੇਤਰ ਦੇ ਲੋਕਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੋਲੀਬੰਦੀ ਦੇ ਐਲਾਨ ਤੋਂ ਬਾਅਦ ਸੁੱਖ ਦਾ ਸਾਹ ਲਿਆ ਹੈ। ਇਸ ਖੇਤਰ ਦੇ ਅਨੇਕਾਂ ਜ਼ਿਲ੍ਹਿਆਂ ਵਿੱਚ ਪਿਛਲੇ ਚਾਰ ਦਿਨਾਂ ਤੋਂ ਡਿੱਗ ਰਹੀਆਂ ਮਿਜ਼ਾਈਲਾਂ ਤੇ ਡਰੋਨਾਂ ਕਾਰਨ ਲੋਕ ਘਬਰਾਏ ਹੋਏ ਸਨ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਰਾਤ ਨੂੰ ਹਰ-ਰੋਜ਼ ਹੁੰਦੇ ਬਲੈਕਆਊਟ ਤੋਂ ਬੱਚਿਆਂ ਸਮੇਤ ਬਜ਼ੁਰਗ ਤੇ ਮਾਈਆਂ ਡਰੀਆਂ ਹੋਈਆਂ ਸਨ। ਗੋਲੀਬੰਦੀ ਦੇ ਐਲਾਨ ਤੋਂ ਬਾਅਦ ਹੀ ਅੱਜ ਬਾਜ਼ਾਰਾਂ ਵਿੱਚ ਸ਼ਾਮ ਨੂੰ ਲੋਕਾਂ ਵਿੱਚ ਰੌਣਕ-ਮੇਲਾ ਦੇਖਣ ਨੂੰ ਮਿਲਿਆ। ਜੰਗ ਦੇ ਖੌਫ਼ ਕਾਰਨ ਜਿਹੜੇ ਬਾਜ਼ਾਰ 7 ਜਾਂ 7:30 ਵਜੇ ਬੰਦ ਹੋ ਜਾਂਦੇ ਸਨ, ਉਨ੍ਹਾਂ ਵਿੱਚ ਲੋਕ ਪਰਿਵਾਰਾਂ ਸਮੇਤ ਖੁਸ਼ੀਆਂ ਫਿਰਦੇ ਵਿਖਾਈ ਦਿੱਤੇ।
ਗੋਲੀਬੰਦੀ ਦੇ ਐਲਾਨ ਤੋਂ ਬਾਅਦ ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮਾਨਵਤਾ ਦੇ ਭਲੇ ਲਈ ਦੋਹਾਂ ਦੇਸ਼ਾਂ ਨੂੰ ਆਪਣੇ ਮਸਲੇ ਮਿਲ-ਬੈਠਕੇ ਹੱਲ ਕਰਨ ਦੀ, ਜੋ ਸ਼ੁਰੂਆਤ ਕੀਤੀ ਗਈ ਹੈ, ਇਸ ਨੇ ਹਰ ਵਰਗ ਨੂੰ ਖੁਸ਼ੀ ਅਤੇ ਸ਼ਾਂਤੀ ਬਖ਼ਸ਼ੀ ਹੈ। ਸ਼ਹਿਰ ਦੀ ਮਸ਼ਹੂਰ ਮਿਠਾਈਆਂ ਦੀ ਦੁਕਾਨ ਦੁਰਗਾ ਸਵੀਟਸ ਦੇ ਮਾਲਕ ਬੱਬੂ ਅਤੇ ਮੋਹਨ ਸਵੀਟਸ ਦੇ ਪ੍ਰਬੰਧਕ ਦਸਰਥ ਰਾਏ ਨੇ ਕਿਹਾ ਕਿ ਜੰਗਬੰਦੀ ਤੋਂ ਬਾਅਦ ਲੋਕ ਖੁਸ਼ੀ ਵਿੱਚ ਲੱਡੂ, ਬਰਫ਼ੀ ਲਿਜਾ ਕੇ ਵੰਡ ਰਹੇ ਹਨ, ਇਸ ਨਾਲ ਪਿਛਲੇ ਚਾਰ ਦਿਨਾਂ ਤੋਂ ਲੋਕਾਂ ਦੇ ਮਨਾਂ ਵਿੱਚ ਬੈਠਿਆ ਹੋਇਆ ਡਰ ਦੂਰ ਹੋਇਆ ਹੈ। ਬੱਸ ਸਟੈਂਡ ਸਾਹਮਣੇ ਖੁਸ਼ੀ ’ਚ ਲੱਡੂ ਵੰਡ ਰਹੇ ਰਾਧਾ ਰਾਣਾ, ਸੰਤੋਖ ਰਾਏ ਨੀਟਾ, ਲਵਲੀ ਅਰੋੜਾ, ਦੀਪੂ ਅਰੋੜਾ, ਕੱਕੂ, ਸੱਤਪਾਲ ਪਾਲਾ, ਰਾਕੇਸ਼ ਮੱਤੀ ਨੇ ਦੱਸਿਆ ਕਿ ਜੰਗ ਕਾਰਨ ਕਈ ਦਿਨਾਂ ਤੋਂ ਘਰਾਂ ਦੇ ਮਾਹੌਲ ਵੀ ਵਿਗੜੇ ਪਏ ਸਨ, ਜਿਨ੍ਹਾਂ ਤੋਂ ਹੁਣ ਰਾਹਤ ਮਿਲੀ ਹੈ। ਖੇਤਰ ਦੇ ਸਾਰੇ ਧਾਰਮਿਕ ਸਥਾਨਾਂ ਉੱਤੇ ਵੀ ਜੰਗ ਬੰਦ ਹੋਣ ਦੇ ਐਲਾਨ ਨੂੰ ਬੜੇ ਚਾਵਾਂ ਨਾਲ ਲਿਆ ਗਿਆ ਹੈ। ਸਪੀਕਰਾਂ ਵਿੱਚ ਬੋਲ ਕੇ ਗੁਰੂਘਰਾਂ ਦੇ ਗ੍ਰੰਥੀਆਂ ਨੇ ਲੋਕਾਂ ਨੂੰ ਲੜਾਈ ਬੰਦ ਹੋਣ ਦੇ ਸੁੱਖ ਸੁਨੇਹੇ ਤੋਂ ਜਾਣੂ ਕਰਵਾਇਆ ਹੈ।
ਪਿੰਡ ਫਫੜੇ ਭਾਈਕੇ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਲੋਕ ਪਿਛਲੇ ਤਿੰਨ-ਚਾਰ ਦਿਨਾਂ ਤੋਂ ਘਰਾਂ ਵਿੱਚ ਕੈਦ ਹੋ ਗਏ ਸਨ ਅਤੇ ਖੇਤਾਂ ਵਿੱਚ ਜਾਣ ਤੋਂ ਕੰਨੀ ਕਤਰਾਉਣ ਲੱਗੇ ਸਨ। ਰੈਨੇਸਾ ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਜੰਗ ਦੇ ਇਸ ਮਾਹੌਲ ਦੌਰਾਨ ਸਭ ਤੋਂ ਮਾੜਾ ਹਾਲ ਬੱਚਿਆਂ ਦੀ ਪੜ੍ਹਾਈ ਉਪਰ ਪੈ ਰਿਹਾ ਸੀ, ਜਿਸ ਲਈ ਸਭ ਤੋਂ ਵੱਧ ਮਾਪੇ ਚਿੰਤਤ ਸਨ, ਪਰ ਹੁਣ ਗੋਲੀਬੰਦੀ ਤੋਂ ਬਾਅਦ ਸਕੂਲਾਂ-ਕਾਲਜਾਂ ਵਿੱਚ ਮੁੜ ਖੁਸ਼ੀਆਂ-ਖੇੜੇ ਪਰਤ ਆਉਣਗੇ।
ਬਠਿੰਡਾ (ਪੱਤਰ ਪ੍ਰੇਰਕ): ਭਾਰਤ-ਪਾਕਿਸਤਾਨ ’ਚ ਗੋਲੀਬੰਦੀ ਦੇ ਐਲਾਨ ਦੀ ਖੁਸ਼ੀ ਵਿੱਚ ਭਾਜਪਾ ਆਗੂ ਸੰਦੀਪ ਅਗਰਵਾਲ ਨੇ ਸਥਾਨਕ ਲੋਕਾਂ ਨਾਲ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਭਾਰਤੀ ਫ਼ੌਜ ਤੇ ਮੋਦੀ ਸਰਕਾਰ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸ ਮੌਕੇ ਸੰਦੀਪ ਅਗਰਵਾਲ ਸਮੇਤ ਸੁਰਿੰਦਰ ਰਾਣਾ, ਪਵਨ ਭਗਰੀਆ, ਪੁਰਸ਼ੋਤਮ ਕੈਫ, ਦਵਿੰਦਰ ਸਿੰਗਲਾ, ਰਾਮ ਸਿੰਗਲਾ ਅਤੇ ਹੋਰ ਦੁਕਾਨਦਾਰ ਮੌਜੂਦ ਸਨ। ਲੋਕਾਂ ਨੇ ਕਿਹਾ ਕਿ ਭਾਰਤ ਕਦੇ ਵੀ ਅਤਿਵਾਦ ਦੇ ਸਾਹਮਣੇ ਨਹੀਂ ਝੁਕੇਗਾ। ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਕਦੇ ਵੀ ਭਾਰਤ ਵਿੱਚ ਅਤਿਵਾਦ ਫੈਲਾਉਣ ਦੀ ਹਿੰਮਤ ਨਹੀਂ ਕਰੇਗਾ।

Advertisement

ਜੰਗਬੰਦੀ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ
ਭੁੱਚੋ ਮੰਡੀ (ਪਵਨ ਗੋਇਲ): ਭਾਰਤ-ਪਾਕਿਸਤਾਨ ਵਿਚਾਲੇ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀ ਜੰਗ ਦੇ ਰੁਕਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਭੁੱਚੋ ਮੰਡੀ ਦੇ ਨੇੜਲੇ ਪਿੰਡ ਤੁੰਗਵਾਲੀ ਵਿੱਚ 8 ਮਈ ਦੀ ਰਾਤ ਨੂੰ ਮਿਜ਼ਾਈਲ ਡਿੱਗਣ ਕਾਰਨ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਭਾਰੀ ਸਹਿਮ ਸੀ। ਗੋਲੀਬੰਦੀ ਲਈ ਅੱਜ ਸ਼ਹਿਰ ਦੇ ਕੁੱਝ ਗੁਰਦੁਆਰਿਆਂ ਵਿੱਚ ਅਰਦਾਸਾਂ ਵੀ ਕੀਤੀਆਂ ਗਈਆਂ ਸਨ। ਸਿੰਘ ਸਭਾ ਗੁਰਦੁਆਰੇ ਵਿੱਚ ਸਿੱਖ ਸ਼ਰਧਾਲੂ ਬਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰੇ ਵਿੱਚ ਜੰਗ ਦੌਰਾਨ ਮਨੁੱਖੀ ਜਾਨਾਂ ਦੀ ਸਲਾਮਤੀ ਲਈ ਅਰਦਾਸ ਕੀਤੀ ਗਈ ਅਤੇ ਕੜਾਹ ਪ੍ਰਸਾਦ ਵਰਤਾਇਆ ਗਿਆ।ਗ ੋਲੀਬੰਦੀ ਤੋਂ ਬਾਅਦ ਰਾਹਤ ਮਹਿਸੂਸ ਕਰਦਿਆਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ਼ਿਵਨੰਦਨ, ਅਕਾਲੀ ਆਗੂ ਪਵਨ ਸਿੰਗਲਾ, ਸਾਧੂ ਸ਼ਰਮਾ, ਰਕੇਸ਼ ਗਰਗ, ਪੰਚਾਇਤੀ ਧਰਮਸ਼ਾਲਾ ਦੇ ਪ੍ਰਧਾਨ ਨਰਦੀਪ ਗਰਗ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਮੁਕੇਸ਼ ਸ਼ਰਮਾ, ਅਮਿਤ ਗਰਗ ਤੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਕਿਹਾ ਕਿ ਜੰਗ ਦਾ ਰੁਕ ਜਾਣਾ ਦੇਸ਼ ਦੇ ਹਿੱਤ ਵਿੱਚ ਹੈ। ਜੰਗ ਬਹੁਤ ਭਿਆਨਕ ਹੁੰਦੀ ਹੈ। ਇਸ ਨਾਲ ਲੱਖਾਂ ਮਾਵਾਂ ਦੇ ਪੁੱਤ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਅਤੇ ਦੇਸ਼ ਦੀ ਆਰਥਿਕਤਾ ਨੂੰ ਭਾਰੀ ਧੱਕਾ ਲੱਗਦਾ ਹੈ।

Advertisement
Advertisement
Advertisement
Author Image

Jasvir Kaur

View all posts

Advertisement