ਅਤਰਜੀਤਅਮਨ ਦੀ ਘੁੱਗੀ ਆਪਣੇ ਆਲ੍ਹਣੇ ਵਿੱਚ ਆਪਣੇ ਬੋਟਾਂ ਨੂੰ ਖੰਭਾਂ ਹੇਠ ਲੈ ਕੇ ਬੈਠੀ ਹੋਈ ਸੀ ਕਿ 22 ਅਪਰੈਲ ਨੂੰ ਪਹਿਲਗਾਮ ਵਿੱਚ ਇੱਕ ਫ਼ਿਰਕੇ ਦੇ ਲੋਕਾਂ ਉੱਪਰ ਕੀਤੇ ਅਤਿਵਾਦੀ ਹਮਲੇ, ਜਿਸ ਵਿੱਚ ਬੇਕਸੂਰ 26 ਸੈਲਾਨੀਆਂ ਦਾ ਲਹੂ ਵਹਾ ਦਿੱਤਾ ਗਿਆ, ਨੇ ਉਸ ਦੇ ਆਲ੍ਹਣੇ ਨੂੰ ਲਾਂਬੂ ਲਾ ਦਿੱਤਾ। ਨਿਸ਼ਾਨੇ ’ਤੇ ਆ ਗਿਆ ਪਾਕਿਸਤਾਨ ਕਿ ਉਹੀ ਅਤਿਵਾਦ ਦਾ ਜਨਮ ਦਾਤਾ ਹੈ। ਤੁਰੰਤ ਹੀ ਸਾਰੀ ਕਸ਼ਮੀਰੀ ਅਵਾਮ ਹਿੰਦੂ-ਮੁਸਲਮਾਨ ਏਕਤਾ ਅਤੇ ਇਸ ਅਤਿਵਾਦੀ ਕਾਰਵਾਈ ਦੀ ਨਿੰਦਾ ਕਰਦੀ ਸੜਕਾਂ ’ਤੇ ਨਿੱਕਲ ਆਈ ਤੇ ਇਹ ਦੱਸ ਦਿੱਤਾ ਕਿ ਕਸ਼ਮੀਰ ਨੂੰ ਅਮਨ ਚਾਹੀਦਾ ਤੇ ਉਨ੍ਹਾਂ ਦੇ ਮਹਿਮਾਨਾਂ ਦਾ ਕਤਲ ਕਸ਼ਮੀਰੀ ਭਾਵਨਾਵਾਂ ਦਾ ਕਤਲ ਹੈ। ਭਾਰਤ ਦੇ ਕੁਝ ਸੂਬਿਆਂ ਵਿੱਚ ਹਿੰਦੂ ਅਤਿਵਾਦੀਆਂ ਨੇ ਗਰੀਬ ਕਾਰੋਬਾਰੀ ਮੁਸਲਮਾਨਾਂ ਉੱਪਰ ਹਮਲੇ ਕਰ ਕੇ ਦਰਸਾ ਦਿੱਤਾ ਕਿ ਬੀਜ ਹਿੰਦੂਵਾਦ ਦੀ ਜ਼ਮੀਨ ’ਤੇ ਬੀਜਿਆ ਪਿਆ ਹੈ, ਸਮਝਣ ਵਾਲੇ ਸਮਝਦੇ ਹਨ। ਪਾਕਿਸਤਾਨ ਵੱਲੋਂ ਨਿਰਪੱਖ ਜਾਂਚ ਕਰਵਾਏ ਜਾਣ ਦਾ ਬਿਆਨ ਵੀ ਆਇਆ ਪਰ ਇਹ ਘਟਨਾ ਹੈ ਇੰਨੀ ਦਿਲ ਕੰਬਾਊ ਕਿ ਅਸਲੀਅਤ ਜਾਣਨ ਦੀ ਲੋੜ ਹੀ ਨਹੀਂ ਸੀ ਜਾਪਦੀ। ਫਿਰ ਸ਼ੁਰੂ ਹੋ ਗਏ ਪਾਕਿਸਤਾਨ ਦੇ ਅੰਦਰ ਜਾ ਕੇ ਵੱਡਾ ਸਬਕ ਸਿਖਾਉਣ ਦੇ ਬਿਆਨ ਕਿ ਅਜਿਹਾ ਸਬਕ ਸਿਖਾਇਆ ਜਾਵੇਗਾ ਕਿ ਦੁਨੀਆ ’ਤੇ ਮਿਸਾਲ ਕਾਇਮ ਹੋ ਜਾਵੇਗੀ। ਗੋਦੀ ਮੀਡੀਆ ਤਾਂ ਇਸ ਤੋਂ ਵੀ ਅੱਗੇ ਵਧ ਕੇ ਪਾਕਿਸਤਾਨ ਨੂੰ ਨੇਸਤੋ-ਨਾਬੂਦ ਕਰਨ ਦਾ ਹੋਕਾ ਦੇ ਰਿਹਾ ਸੀ। ਫਿਰ ਉਹੀ ਕੁਝ ਹੋ ਗਿਆ ਜਿਸ ਦੀ ਤਵੱਕੋ ਕੀਤੀ ਜਾ ਰਹੀ ਸੀ।6-7 ਮਈ ਨੂੰ ਅੱਧੀ ਰਾਤ ਨੂੰ ਭਾਰਤੀ ਹਵਾਈ ਸੈਨਾ ਨੇ ਨੌਂ ਦਹਿਸ਼ਤੀ ਟਿਕਾਣਿਆਂ ਉੱਪਰ ਹਮਲਾ ਕਰ ਕੇ, ਸੌ ਤੋਂ ਵੱਧ ਅਤਿਵਾਦੀਆਂ (ਪਾਕਿਸਤਾਨੀ ਮੀਡੀਆ ਅਨੁਸਾਰ 40, ਜਿਨ੍ਹਾਂ ਵਿੱਚ ਮਾਸੂਮ ਬੱਚੇ, ਬੁੱਢੇ ਤੇ ਔਰਤਾਂ ਵੀ ਸ਼ਾਮਿਲ ਸਨ) ਨੂੰ ਖ਼ਤਮ ਕਰ ਦਿੱਤਾ। ਪਹਿਲਗਾਮ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਅਤਿਵਾਦੀ ਅਜੇ ਤੱਕ ਨਹੀਂ ਲੱਭੇ। ਮੋੜਵੇਂ ਰੂਪ ਵਿੱਚ ਪਾਕਿਸਤਾਨ ਦੁਆਰਾ ਭਾਰਤ ਵਾਲੇ ਪਾਸੇ ਮਿਜ਼ਾਈਲਾਂ ਤੇ ਡਰੋਨਾਂ ਰਾਹੀਂ ਹਮਲਾ ਕਰ ਦਿੱਤਾ ਗਿਆ। ਭਾਰਤੀ ਸੁਰੱਖਿਆ ਪ੍ਰਣਾਲੀ ਦੀ ਪੁਖ਼ਤਗੀ ਸਦਕਾ ਇਨ੍ਹਾਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਭਾਵੇਂ ਹਵਾ ਵਿੱਚ ਹੀ ਫੁੰਡ ਦਿੱਤਾ ਜਾਂਦਾ ਰਿਹਾ ਪਰ ਇਹ ਨਵੀਂ ਕਿਸਮ ਦੀ ਜੰਗ ਬੇਗੁਨਾਹ ਲੋਕਾਂ ਦੇ ਘਰੀਂ ਆ ਡਿੱਗੀ। ਦੋਹੀਂ ਪਾਸੀਂ ਇਹ ਫ਼ਿਕਰ ਹੋਣ ਲੱਗਾ ਕਿ ਇਸ ਜੰਗ ਨੇ ਪਤਾ ਨਹੀਂ ਕਿੱਥੋਂ ਤੱਕ ਜਾਣਾ ਹੈ ਤੇ ਕਿੰਨੀ ਤਬਾਹੀ ਕਰਨੀ ਹੈ। ਪਾਕਿਸਤਾਨ ਨੇ ਤਾਂ ਪਰਮਾਣੂ ਬੰਬ ਵਰਤਣ ਦੀ ਧਮਕੀ ਵੀ ਦਿੱਤੀ। ਭਾਰਤ ਵੀ ਉਸ ਨਾਲੋਂ ਵੀ ਵੱਧ ਪਰਮਾਣੂ ਸਮਰੱਥਾ ਵਾਲਾ ਮੁਲਕ ਹੈ। ਜੇ ਦੋਹੀਂ ਪਾਸੀਂ ਪਰਮਾਣੂ ਬੰਬ ਚੱਲ ਜਾਂਦੇ ਤਾਂ ਸੋਚਿਆ ਜਾ ਸਕਦਾ ਹੈ ਕਿ ਕੀ ਹਸ਼ਰ ਹੋਣਾ ਸੀ? ਬੰਬਾਂ ਬੰਦੂਕਾਂ ਨੇ ਹਿੰਦੂ, ਸਿੱਖ, ਮੁਸਲਮਾਨ ਜਾਂ ਇਸਾਈ ਦੇਖ ਕੇ ਮਾਰ ਨਹੀਂ ਸੀ ਕਰਨੀ।ਦੇਖਣ ਵਾਲੀ ਅਹਿਮ ਗੱਲ ਇਹ ਹੈ ਕਿ ਪਹਿਲੀ ਵਾਰ ਸਰਹੱਦਾਂ ’ਤੇ ਵਸਦੇ ਲੋਕ ਹੀ ਨਹੀਂ, ਸਮੁੱਚੇ ਭਾਰਤੀ ਲੋਕ ਬਲਕਿ ਦੋਹਾਂ ਮੁਲਕਾਂ ਦੀ ਅਵਾਮ ਹੀ ਚਿੰਤਾ ਵਿੱਚ ਡੁੱਬ ਗਈ ਕਿ ਹੁਣ ਪਤਾ ਨਹੀਂ ਕੀ ਹੋ ਜਾਣਾ ਹੈ। ਸੋਸ਼ਲ ਮੀਡੀਆ ’ਤੇ ਦੋਹਾਂ ਪਾਸਿਆਂ ਦੇ ਬਹੁਗਿਣਤੀ ਲੋਕਾਂ, ਖ਼ਾਸ ਕਰ ਕੇ ਪੰਜਾਬੀ ਲੇਖਕਾਂ, ਕਲਾਕਾਰਾਂ ਨੇ ਇਸ ਨਿਹੱਕੀ ਜੰਗ ਦਾ ਡਟ ਕੇ ਵਿਰੋਧ ਕੀਤਾ। ਇਸ ਤੋਂ ਪਹਿਲੀਆਂ ਜੰਗਾਂ ਦਾ ਇਤਿਹਾਸ ਦੱਸਦਾ ਹੈ ਕਿ ਜਿੰਨੀਆਂ ਵੀ ਜੰਗਾਂ ਲੜੀਆਂ ਗਈਆਂ, ਸਰਹੱਦਾਂ ਉੱਪਰ ਲੜੀਆਂ ਜਾਂਦੀਆਂ ਰਹੀਆਂ ਤੇ ਉਨ੍ਹਾਂ ਜੰਗਾਂ ਵਿੱਚ ਆਮ ਤੌਰ ਲੋਕਾਂ ਦੁਆਰਾ ਫੌਜਾਂ ਨੂੰ ਵੱਡੀ ਪੱਧਰ ’ਤੇ ਸਮਰਥਨ ਦਿੱਤਾ ਜਾਂਦਾ ਰਿਹਾ। ਅਵਾਮ ਫੌਜ ਦੇ ਮਗਰ ਖੜ੍ਹੀ ਦਿਖਾਈ ਦਿੰਦੀ ਸੀ। ਸਰਹੱਦੀ ਪਿੰਡਾਂ ਦੇ ਲੋਕਾਂ ਵੱਲੋਂ ਸੁਰੱਖਿਆ ਬਲਾਂ ਲਈ ਲੰਗਰ ਵੀ ਲਗਾਏ ਜਾਂਦੇ ਰਹੇ। ਲੋਕ ਸਰਕਾਰੀ ਖ਼ਜ਼ਾਨੇ ਨੂੰ ਨਕਦੀ ਅਤੇ ਸੋਨਾ ਦਾਨ ਕਰ ਕੇ ਆਫਰਨ ਲਾ ਦਿੰਦੇ ਰਹੇ ਪਰ ਇਸ ਵਾਰ ਅਜਿਹੀ ‘ਅੰਨ੍ਹੀ ਦੇਸ਼ ਭਗਤੀ’ ਕਿਧਰੇ ਦਿਖਾਈ ਨਹੀਂ ਦਿੱਤੀ, ਸਗੋਂ ਇਸ ਤੋਂ ਉਲਟ ਲੋਕਾਂ ਦੀਆਂ ਨਿਗਾਹਾਂ ਦਿੱਲੀ ਦੀ ਗੱਦੀ ਉੱਪਰ ਚੌਂਕੜਾ ਮਾਰ ਕੇ ਬੈਠੀ ਹੁਕਮਰਾਨ ਜਮਾਤ ਵੱਲ ਉੱਠੀਆਂ। ਲੋਕ ਸਮਝ ਗਏ ਹਨ ਕਿ ਸੱਤਾਧਾਰੀਆਂ ਨੇ ਧਰਮ ਦੇ ਅਰਥ ਭਗਵਾਂ, ਦੇਸ਼ ਭਗਤੀ ਦਾ ਮਤਲਬ ਹੱਕਾਂ ਲਈ ਸੰਘਰਸ਼ ਕਰ ਰਹੇ ਤਬਕਿਆਂ ਦਾ ਗਲਾ ਘੁੱਟ ਕੇ ਜ਼ੁਬਾਨਬੰਦੀ ਕਰਨਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਕੁਦਰਤੀ ਸੋਮਿਆਂ- ਜਲ, ਜੰਗਲ ਤੇ ਜ਼ਮੀਨ ਤੋਂ ਵਿਰਵਾ ਕਰ ਕੇ ਕਾਰਪੋਰੇਟਾਂ ਦੇ ਹਵਾਲੇ ਕਰ ਕੇ ਸਾਮਰਾਜ ਦੇ ਹਿਤਾਂ ਦੀ ਰਾਖੀ ਕਰਨੀ ਹੈ।ਸੱਤਾ ਦੁਆਰਾ ਦਿੱਤੇ ਜਾਂਦੇ ਅੱਗ ਵਰ੍ਹਾਊ ਬਿਆਨਾਂ ਨਾਲ ਆਮ ਲੁਕਾਈ ਭੈਭੀਤ ਤਾਂ ਹੁੰਦੀ ਰਹੀ ਪਰ ਨਾਲ ਹੀ ਇਸ ਜੰਗ ਨੂੰ ਨਿਹੱਕੀ ਜੰਗ ਦਾ ਨਾਂ ਵੀ ਦਿੱਤਾ ਗਿਆ। ਲੋਕਾਂ ਨੂੰ ਸਮਝ ਆਈ ਕਿ ਇੱਕ ਹੋਰ ਜੰਗ ਤਾਂ ਗ਼ਰੀਬੀ, ਬੇਗੁਜ਼ਗਾਰੀ, ਭੁੱਖਮਰੀ, ਸਿਹਤ, ਸਿੱਖਿਆ ਆਦਿ ਵਿਰੁੱਧ ਲੜੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਇਹ ਵਿਚਾਰ ਦੋਹਾਂ ਪਾਸਿਆਂ ਤੋਂ ਉੱਭਰ ਕੇ ਸਾਹਮਣੇ ਆਇਆ। ਲੋਕ ਪੱਖੀ, ਜਮਹੂਰੀ ਤਾਕਤਾਂ ਨੇ ਥਾਂ-ਥਾਂ ਰੈਲੀਆਂ ਕੀਤੀਆਂ, ਪ੍ਰਦਰਸ਼ਨ ਕੀਤੇ ਤੇ ਸਮੁੱਚੇ ਭਾਰਤ, ਖ਼ਾਸ ਕਰ ਕੇ ਦੋਹਾਂ ਪੰਜਾਬਾਂ ਵਿੱਚ ਮੰਗ ਉੱਭਰੀ ਕਿ ਇਹ ਨਿਹੱਕੀ ਜੰਗ ਬੰਦ ਕੀਤੀ ਜਾਵੇ।ਜੰਗ ਦਾ ਪਿਛੋਕੜਸਿੱਖ ਰਾਜ ਨੂੰ ਨੇਸਤੋ-ਨਾਬੂਦ ਕਰਾਉਣ ਵਾਲੇ ਰਾਜਾ ਗੁਲਾਬ ਸਿੰਘ ਨੂੰ ਗੱਦਾਰੀ ਦੇ ਇਨਾਮ ਵਜੋਂ ਬਰਤਨਵੀ ਸਾਮਰਾਜੀ ਹਕੂਮਤ ਨੇ ਕਸ਼ਮੀਰ ਦੀ ਬਹੁਗਿਣਤੀ ਮੁਸਲਿਮ ਰਿਆਸਤ ਬਖ਼ਸ਼ੀ। 15 ਅਗਸਤ 1947 ਨੂੰ ਫ਼ਸਾਦ ਕਰਾ ਕੇ ਮੁਲਕ ਦੇ ਟੁਕੜੇ ਕਰਨ ਉਪਰੰਤ, ਨਵੇਂ ਬਣੇ ਪਾਕਿਸਤਾਨ ਨੇ ਕਬਾਇਲੀ ਹਮਲਾ ਕਰਾ ਕੇ ਮੁਸਲਿਮ ਬਹੁਗਿਣਤੀ ਦੀ ਇਸ ਜੰਨਤ, ਕਸ਼ਮੀਰ ਨੂੰ ਆਪਣੇ ਨਾਲ ਸ਼ਾਮਿਲ ਕਰਨਾ ਚਾਹਿਆ। ਜਵਾਹਰ ਲਾਲ ਨਹਿਰੂ ਸਰਕਾਰ ਨੇ ਕਸ਼ਮੀਰ ਰਿਆਸਤ ਦੇ ਹਿੰਦੂ ਰਾਜੇ ਹਰੀ ਸਿੰਘ ਦਾ ਪਰਜਾ ਦੀ ਮਰਜ਼ੀ ਤੋਂ ਬਗ਼ੈਰ ਭਾਰਤ ਨਾਲ਼ ਇਲਹਾਕ ਕਬੂਲ ਕਰ ਲਿਆ। ਇਉਂ ਫ਼ਿਰਕੂ ਆਧਾਰ ’ਤੇ ਕਸ਼ਮੀਰ ਦੋ ਟੁਕੜਿਆਂ ਵਿੱਚ ਵੰਡਿਆ ਗਿਆ, ਆਜ਼ਾਦ ਕਸ਼ਮੀਰ ਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਅਤੇ ਸਰਕਾਰ ਵੱਲੋਂ ਆਜ਼ਾਦ ਕਸ਼ਮੀਰ ਦੇ ਸ਼ੇਖ ਅਬਦੁੱਲਾ ਨੂੰ ਸਦਰ-ਏ-ਰਿਆਸਤ (ਰਾਸ਼ਟਰਪਤੀ) ਦਾ ਦਰਜਾ ਦੇ ਕੇ ਵੱਖਰੀ ਰਿਆਸਤ ਤਸੱਵੁਰ ਕਰਨਾ ਤੇ ਫਿਰ ਇੰਦਰਾ ਗਾਂਧੀ ਦੁਆਰਾ ਸ਼ੇਖ ਅਬਦੁੱਲਾ ਨੂੰ ਜੇਲ੍ਹ ਅੰਦਰ ਬੰਦ ਕਰ ਕੇ ਰਿਆਸਤ ਦਾ ਦਰਜਾ ਖ਼ਤਮ ਕਰ ਕੇ ਪੱਕੇ ਤੌਰ ਭਾਰਤੀ ਰਾਜ ਐਲਾਨ ਕਰਨਾ, ਸਾਰੀਆਂ ਜੰਗਾਂ ਦੀ ਜੜ੍ਹ ਹੈ। ਪਾਕਿਸਤਾਨ ਦੇ ਗਲੇ ਵਿੱਚ ਇੱਧਰਲਾ ਕਸ਼ਮੀਰ ਆਪਣੇ ਨਾਲ ਸ਼ਾਮਿਲ ਕਰਨ ਦੀ ਫਸੀ ਹੱਡੀ ਨਿੱਕਲਦੀ ਨਹੀਂ। ਰਹਿੰਦੀ ਕਸਰ ਭਾਜਪਾ ਸਰਕਾਰ ਨੇ 15 ਅਗਸਤ 2019 ਨੂੰ ਜੰਮੂ ਕਸ਼ਮੀਰ ਨੂੰ ਮਿਲੀ ਵਿਸ਼ੇਸ਼ ਰਿਆਇਤਾਂ ਵਾਲੀ ਧਾਰਾ 370 ਖ਼ਤਮ ਕਰ ਕੇ ਲੱਦਾਖ ਨੂੰ ਵੱਖ ਕਰ ਕੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨ ਦਿੱਤੇ ਗਏ। ਆਪਣੇ ਹੀ ਮੁਲਕ ਵਿੱਚ ਮੁਸਲਮਾਨ ਭਾਈਚਾਰੇ ਨੂੰ ਬੇਗਾਨਗੀ ਦੀ ਹਾਲਤ ਵਿੱਚ ਧੱਕ ਕੇ ਸਾਹ ਵੀ ਨਹੀਂ ਲੈਣ ਦਿੱਤਾ ਜਾ ਰਿਹਾ। ਫਿ਼ਰਕੂ ਟੋਲਿਆਂ ਨੇ ਹੂਰਾਂ ਵਿਆਹ ਕੇ ਲਿਆਉਣ ਦੇ ਬਿਆਨ ਦੇ ਕੇ ਅੱਗ ਉੱਪਰ ਫੂਸ ਪਾਇਆ। ਸੁਰੱਖਿਆ ਬਲਾਂ ਦੁਆਰਾ ਜਿਸ ਕਿਸਮ ਦੇ ਜ਼ੁਲਮ ਕਸ਼ਮੀਰੀ ਜਨਤਾ ਉੱਪਰ ਕੀਤੇ ਗਏ ਤੇ ਕੀਤੇ ਜਾ ਰਹੇ ਹਨ, ਨਾਲ ਹੀ ਮੁੱਠੀ ਭਰ ਅਤਿਵਾਦੀਆਂ ਤੇ ਸਰਕਾਰੀ ਸੁਰੱਖਿਆ ਬਲਾਂ ਨੇ ਇਸ ਜੰਨਤ ਨੂੰ ਰਲ ਕੇ ਜਿਵੇਂ ਲਹੂ-ਲੁਹਾਣ ਕੀਤਾ ਹੈ, ਉਸ ਬਾਰੇ ਹੁਣ ਤੱਕ ਜਿੰਨੇ ਵੀ ਪੜਤਾਲੀਆ ਵਫ਼ਦ ਜੰਮੂ ਕਸ਼ਮੀਰ ਗਏ, ਸਭ ਇੱਕ ਮੱਤ ਹਨ ਕਿ ਕਸ਼ਮੀਰੀਆਂ ਦੀ ਜ਼ੁਬਾਨਬੰਦੀ ਲਈ ਹਰ ਅੱਠ ਕਸ਼ਮੀਰੀਆਂ ਉੱਪਰ ਭਾਰੇ ਬੂਟਾਂ ਦਾ ਪਹਿਰਾ ਹੈ।ਪਹਿਲਗਾਮ ਘਟਨਾ ਉਪਰੰਤ ਸਵਾਲ ਉੱਠਣ ਲੱਗੇ ਕਿ ਅਜਿਹਾ ਕੁਝ ਭਾਜਪਾ ਦੀ ਹਕੂਮਤ ਦਰਮਿਆਨ ਹੀ ਕਿਉਂ ਵਾਪਰਦਾ ਹੈ? ਕਸ਼ਮੀਰ ਦੇ ਚੱਪੇ-ਚੱਪੇ ਉੱਤੇ ਤਾਂ ਭਾਰੇ ਬੂਟ ਧਰਤੀ ਨੂੰ ਕੰਬਣੀ ਛੇੜ ਰਹੇ ਹਨ। ਪਹਿਲਗਾਮ ਦੀ ਸੁੰਦਰ ਵਾਦੀ ਨੂੰ ਸੁੰਨਾ ਛੱਡਣ ਪਿੱਛੇ ਕੀ ਤਰਕ ਸੀ? ਕਿਉਂ ਉੱਥੇ ਇੱਕ ਵੀ ਸੁਰੱਖਿਆ ਕਰਮੀ ਨਹੀਂ ਸੀ? ਕਸ਼ਮੀਰ ਦੇ ਮੁੱਖ ਮੰਤਰੀ ਦਾ ਕੁਤਾਹੀ ਦਾ ਇਕਬਾਲ ਕਰ ਲੈਣ ਵਾਲਾ ਬਿਆਨ ਲੋਕਾਂ ਦੀ ਤਸੱਲੀ ਨਹੀਂ ਕਰਾਉਂਦਾ। ਲੋਕ ਇਸ ਘਟਨਾ ਨੂੰ ਪਿਛਲੇ ਸਮਿਆਂ ਵਿੱਚ ਵਾਪਰੀਆਂ ਘਟਨਾਵਾਂ ਦੀ ਰੋਸ਼ਨੀ ਵਿੱਚ ਰੱਖ ਕੇ ਦੇਖ ਰਹੇ ਹਨ।ਜਮਹੂਰੀਅਤ ਪਸੰਦ ਲੋਕ ਪੁੱਛਦੇ ਹਨ ਕਿ ਕੰਧਾਰ ਹਵਾਈ ਜਹਾਜ਼ ਦਾ ਅਪਹਰਨ, ਗੋਧਰਾ ਕਾਂਡ, ਕਾਰਗਲ ਯੁੱਧ, ਸੰਸਦ ਉੱਪਰ ਹਮਲਾ, ਪਠਾਨਕੋਟ ਹਮਲਾ, ਅਕਸ਼ਰ ਧਾਮ ਮੰਦਰ ’ਤੇ ਹਮਲਾ, ਅਮਰ ਨਾਥ ਯਾਤਰੀਆਂ ’ਤੇ ਹਮਲਾ ਅਤੇ ਅਜਿਹੀਆਂ ਹੋਰ ਘਟਨਾਵਾਂ ਭਾਜਪਾ ਸਰਕਾਰ ਦੌਰਾਨ ਹੀ ਕਿਉਂ ਵਾਪਰਦੀਆਂ ਰਹੀਆਂ ਹਨ? ਇਨ੍ਹਾਂ ਘਟਨਾਵਾਂ ਪਿੱਛੇ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਰਾਮ ਮੰਦਰ ਦੇ ਨਾਂ ’ਤੇ ਕੱਢੀ ਰਥ ਯਾਤਰਾ ਦਾ ਬਿਰਤਾਂਤ ਵੀ ਮੂੰਹ ਅੱਡੀ ਖੜ੍ਹਾ ਹੈ। ਬਾਬਰੀ ਮਸਜਿਦ ਢਾਹੁਣੀ ਅਤੇ ਅਦਾਲਤ ਵੱਲੋਂ ਤੱਥਾਂ ਨੂੰ ਦਰਕਿਨਾਰ ਕਰ ਕੇ ਜਗ੍ਹਾ ਲੱਲ੍ਹਾ ਦੇ ਨਾਂ ਕਰਨੀ ਵੀ ਮਾਹੌਲ ਨੂੰ ਉਤੇਜਤ ਕਰਨ ਵਾਲੀ ਸੀ ਪਰ ਸਦਕੇ ਜਾਈਏ ਮੁਸਲਿਮ ਭਾਈਚਾਰੇ ਦੇ, ਜਿਸ ਨੇ ਇਸ ਨਿਹੱਕੇ ਫ਼ੈਸਲੇ ਉੱਪਰ ਵੀ ਸਬਰ ਕਰ ਲਿਆ। ਉਂਝ, ਮੁਸਲਿਮ ਭਾਈਚਾਰੇ ਉੱਪਰ ਹਮਲੇ ਅਜੇ ਵੀ ਜਾਰੀ ਹਨ। ਪੀੜਤਾਂ ਨੂੰ ਯੂਏਪੀਏ ਕਾਨੂੰਨਾਂ ਤਹਿਤ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਮਕਾਨਾਂ ਉੱਪਰ ਬੁਲਡੋਜ਼ਰ ਚੜ੍ਹਾਏ ਜਾ ਰਹੇ ਹਨ।ਇਹ ਵੀ ਸਵਾਲ ਹੈ ਕਿ ਇਹ ਸਭ ਕੁਝ ਉਨ੍ਹਾਂ ਦਿਨਾਂ ਵਿੱਚ ਹੀ ਕਿਉਂ ਹੁੰਦਾ ਹੈ ਜਦੋਂ ਕਿਸੇ ਪ੍ਰਾਂਤ ਵਿੱਚ ਜਾਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹੁੰਦੀਆਂ ਹਨ? ਕੋਈ ਨਵਾਂ ਬਿਰਤਾਂਤ ਸਿਰਜ ਕੇ ਮੁਲਕ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਜਾਂਦਾ ਹੈ ਅਤੇ ਫਿਰ ਅਮਰੀਕੀ ਸਾਮਰਾਜ ਦੀਆਂ ਨੀਤੀਆਂ ਲਾਗੂ ਕਰਨ, ਦੇਸ਼ ਦੇ ਮਾਲ-ਖ਼ਜ਼ਾਨੇ ਬਹੁ-ਕੌਮੀ ਕਾਰਪੋਰੇਸ਼ਨਾਂ ਅਤੇ ਵੱਡੇ ਧਨਾਢਾਂ ਹਵਾਲੇ ਕਰਨ ਲਈ ਚੋਰ ਮੋਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ।ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਜੰਗਬੰਦੀ ਉਨ੍ਹਾਂ ਕਰਵਾਈ ਹੈ। ਹੁਣ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਆਪੋ-ਆਪਣੀ ਬਹਾਦਰੀ ਦੇ ਸੋਹਲੇ ਗਾ ਰਹੀਆਂ ਹਨ ਤੇ ਸਾਧਾਰਨ ਲੋਕ ਆਪਣੇ ਜ਼ਖ਼ਮ ਅਲੇਸ ਰਹੇ ਹਨ। ਦੋਹਾਂ ਮੁਲਕਾਂ ਦੇ ਤਰੱਕੀ ਪਸੰਦ ਜਮਹੂਰੀ ਤਰਜ਼ ਦੇ ਖੁੱਲ੍ਹ ਦਿਲੇ ਲੋਕਾਂ ਅਤੇ ਬੁੱਧੀਜੀਵੀਆਂ ਨੇ ਜੰਗਬੰਦੀ ਨੂੰ ਖ਼ੈਰ ਮਕਦਮ ਆਖਿਆ ਹੈ।ਸੰਪਰਕ: 94175-81936