ਭਾਰਤ ਨੇ ਸੈਂਕੜੇ ਡਰੋਨ ਡੇਗੇ ਤੇ ਰਾਡਾਰ ਤਬਾਹ ਕੀਤਾ
ਨਵੀਂ ਦਿੱਲੀ, 9 ਮਈ
ਪਾਕਿਸਤਾਨ ਨੇ ਵੀਰਵਾਰ ਰਾਤ ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤਹਿਤ ਲੇਹ ਤੋਂ ਸਰ ਕਰੀਕ ਤੱਕ 36 ਥਾਵਾਂ ’ਤੇ ਤੁਰਕੀ ਦੇ ਬਣੇ 300-400 ਡਰੋਨ ਦਾਗ਼ੇ ਸਨ। ਪਾਕਿਸਤਾਨ ਨੇ ਅੱਜ ਰਾਤ ਜੰਮੂ ਕਸ਼ਮੀਰ, ਸ੍ਰੀਨਗਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਕਈ ਇਲਾਕਿਆਂ ਵਿੱਚ ਮੁੜ ਡਰੋਨਾਂ ਨਾਲ ਹਮਲੇ ਕੀਤੇ, ਜਿਨ੍ਹਾਂ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ। ਸ੍ਰੀਨਗਰ ਵਿੱਚ ਵੀ ਹਵਾਈ ਅੱਡੇ ਕੋਲ 10 ਧਮਾਕੇ ਹੋਏ। ਸ੍ਰੀਨਗਰ ਹਵਾਈ ਅੱਡੇ ਅਤੇ ਅਵੰਤੀਪੋਰਾ ਏਅਰ ਬੇਸ ’ਤੇ ਡਰੋਨ ਹਮਲਿਆਂ ਨੂੰ ਨਾਕਾਮ ਬਣਾ ਦਿੱਤਾ ਗਿਆ। ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਗਿਣੇ-ਮਿੱਥੇ ਅਤੇ ਢੁੱਕਵੇਂ ਢੰਗ ਨਾਲ ਜਵਾਬ ਦਿੱਤਾ ਅਤੇ ਡਰੋਨ ਹਵਾ ’ਚ ਹੀ ਫੁੰਡ ਦਿੱਤੇ। ਭਾਰਤ ਨੇ ਪਾਕਿਸਤਾਨ ਵਿੱਚ ਚਾਰ ਹਵਾਈ ਰੱਖਿਆ ਥਾਵਾਂ ’ਤੇ ਹਮਲੇ ਕੀਤੇ ਅਤੇ ਇੱਕ ਹਵਾਈ ਰੱਖਿਆ ਰਾਡਾਰ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਨੇ ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦੌਰਾਨ ਆਪਣੇ ਜਹਾਜ਼ਾਂ ਨੂੰ ਖ਼ਤਰੇ ’ਚ ਪਾਉਂਦਿਆਂ ‘ਢਾਲ’ ਵਜੋਂ ਵਰਤਿਆ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੀ ਜਵਾਬੀ ਕਾਰਵਾਈ ’ਚ ਪਾਕਿਸਤਾਨ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਮਿਸਰੀ ਨੇ ਕਿਹਾ ਕਿ ਪਾਕਿਸਤਾਨ ਨੇ ਖਾਸ ਮਕਸਦ ਤਹਿਤ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਹ ਹੇਠਲੇ ਪੱਧਰ ਤੱਕ ਡਿੱਗ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸੁਰੱਖਿਆ ਹਾਲਾਤ ਨੂੰ ਦੇਖਦਿਆਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਹਾਲ ਦੀ ਘੜੀ ਬੰਦ ਕਰ ਦਿੱਤਾ ਗਿਆ ਹੈ। ਉਧਰ ਜੰਮੂ ਦੇ ਸਾਂਬਾ ’ਚ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ਼ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਬਣਾਉਂਦਿਆਂ ਸੱਤ ਅਤਿਵਾਦੀਆਂ ਨੂੰ ਮਾਰ ਮੁਕਾਇਆ ਅਤੇ ਪਾਕਿਸਤਾਨੀ ਰੇਂਜਰਜ਼ ਦੀ ਢਾਂਡਰ ਚੌਕੀ ਤਬਾਹ ਕਰ ਦਿੱਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ, ਚੀਫ਼ ਆਫ਼ ਡਿਫੈਂਸ ਸਟਾਫ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਹੋਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਘੜੀ। ਉਨ੍ਹਾਂ ਸਾਬਕਾ ਫੌਜੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਕੇਂਦਰ ਨੇ ਟੈਰੀਟੋਰੀਅਲ ਆਰਮੀ ਨੂੰ ਲੋੜ ਪੈਣ ’ਤੇ ਸੇਵਾਵਾਂ ਲਈ ਸੱਦੇ ਜਾਣ ਵਾਸਤੇ ਥਲ ਸੈਨਾ ਦੇ ਮੁਖੀ ਨੂੰ ਸਾਰੇ ਅਧਿਕਾਰ ਦੇ ਦਿੱਤੇ ਹਨ। ਵਿਦੇਸ਼ ਸਕੱਤਰ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨ ਨੇ ਹਮਲਿਆਂ ਲਈ ਤੁਰਕੀ ਦੇ ਅਸਿਸਗਾਰਡ ਸੋਨਗਾਰ ਡਰੋਨਾਂ ਦੀ ਵਰਤੋਂ ਕੀਤੀ ਅਤੇ ਮਲਬਿਆਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ’ਤੇ ਹਮਲਿਆਂ ਦੇ ਦੋਸ਼ ਭਾਰਤੀ ਫੌਜ ’ਤੇ ਲਗਾਉਣ ਦੀ ਕੋਸ਼ਿਸ਼ ਤੋਂ ਇਸਲਾਮਾਬਾਦ ਦੇ ਨਾਪਾਕ ਇਰਾਦਿਆਂ ਅਤੇ ਦੁਨੀਆ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਦਾ ਪਰਦਾਫਾਸ਼ ਹੋ ਗਿਆ ਹੈ। ਪਾਕਿਸਤਾਨ ਵੱਲੋਂ ਅੰਮ੍ਰਿਤਸਰ ’ਚ ਇਕ ਧਾਰਮਿਕ ਅਸਥਾਨ ’ਤੇ ਹਮਲੇ ਅਤੇ ਉਸ ਦਾ ਦੋਸ਼ ਭਾਰਤੀ ਫੌਜ ’ਤੇ ਮੜ੍ਹਨ ਦੀ ਕੋਸ਼ਿਸ਼ ਦਾ ਜ਼ਿਕਰ ਕਰਦਿਆਂ ਮਿਸਰੀ ਨੇ ਕਿਹਾ ਕਿ ਇਸਲਾਮਾਬਾਦ ਦਾ ਇਹ ਸੋਚਣਾ ਕਿ ਭਾਰਤ ਆਪਣੇ ਸ਼ਹਿਰਾਂ ’ਤੇ ਹਮਲਾ ਕਰੇਗਾ, ਇਕ ‘ਪਾਗਲਪਣ ਵਾਲੀ ਕਲਪਨਾ’ ਹੈ ਜੋ ਸਿਰਫ਼ ਪਾਕਿਸਤਾਨ ਹੀ ਸੋਚ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ’ਚ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੋਂ ਇਨਕਾਰ ਨਾਲ ਉਸ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ। ਵਿਦੇਸ਼ ਸਕੱਤਰ ਨੇ ਪਾਕਿਸਤਾਨ ਵੱਲੋਂ ਮੌਜੂਦਾ ਹਾਲਾਤ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਖੁਦ ਪੁਣਛ ’ਚ ਇਕ ਗੁਰਦੁਆਰੇ ਅਤੇ ਅੰਮ੍ਰਿਤਸਰ ’ਚ ਇਕ ਹੋਰ ਧਾਰਮਿਕ ਅਸਥਾਨ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਡਰੋਨ ਰਾਹੀਂ ਨਿਸ਼ਾਨਾ ਬਣਾਉਣ ਦੇ ਪਾਕਿਸਤਾਨ ਵੱਲੋਂ ਭਾਰਤ ’ਤੇ ਲਾਏ ਗਏ ਦੋਸ਼ਾਂ ਨੂੰ ‘ਕੋਰਾ ਝੂਠ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਦੀ ਕੂੜ ਪ੍ਰਚਾਰ ਮੁਹਿੰਮ ਹੈ ਜੋ ਪਹਿਲਗਾਮ ਹਮਲੇ ਸਮੇਂ ਵੀ ਨਜ਼ਰ ਆਈ ਸੀ ਅਤੇ ਹੁਣ ਉਹ ਦੁਬਾਰਾ ਹਾਲਾਤ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿੰਗ ਕਮਾਂਡਰ ਵਯੋਮਿਕਾ ਸਿੰਘ ਅਤੇ ਕਰਨਲ ਸੋਫ਼ੀਆ ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨ ਨੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦਾਂ ਅਤੇ ਦੇਸ਼ ਦੇ ਹਵਾਈ ਅੱਡਿਆਂ ਦੇ ਹਾਲਾਤ ਦੀ ਨਜ਼ਰਸਾਨੀ ਕੀਤੀ। -ਪੀਟੀਆਈ
ਭਾਰਤ-ਪਾਕਿ ਜੰਗ ਨਾਲ ਅਮਰੀਕਾ ਦਾ ਲੈਣਾ-ਦੇਣਾ ਨਹੀਂ: ਵੈਂਸ
ਨਿਊਯਾਰਕ: ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਟਕਰਾਅ ਨਾਲ ਉਨ੍ਹਾਂ ਦੇ ਮੁਲਕ ਦਾ ‘ਬੁਨਿਆਦੀ ਤੌਰ ’ਤੇ ਕੁਝ ਵੀ ਲੈਣਾ-ਦੇਣਾ ਨਹੀਂ ਹੈ।’ ਵੈਂਸ ਨੇ ਅੱਜ ਟੀਵੀ ਇੰਟਰਵਿਊ ਦੌਰਾਨ ਕਿਹਾ, ‘‘ਭਾਰਤ ਅਤੇ ਪਾਕਿਸਤਾਨ ’ਤੇ ਅਮਰੀਕਾ ਕੰਟਰੋਲ ਨਹੀਂ ਕਰ ਸਕਦਾ ਹੈ ਪਰ ਦੋਵੇਂ ਪਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀਆਂ ਨੂੰ ਤਣਾਅ ਘਟਾਉਣ ਦੀ ਨਸੀਹਤ ਜ਼ਰੂਰ ਦੇ ਸਕਦਾ ਹੈ। ਅਸੀਂ ਪਰਮਾਣੂ ਤਾਕਤਾਂ ਦੇ ਕਿਸੇ ਵੀ ਟਕਰਾਅ ਤੋਂ ਫਿਕਰਮੰਦ ਹਾਂ ਜੋ ਬਾਅਦ ’ਚ ਵੱਡੀ ਜੰਗ ਦਾ ਰੂਪ ਲੈ ਸਕਦਾ ਹੈ।’’ ਵੈਂਸ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵੀ ਪਰਮਾਣੂ ਜੰਗ ਤੋਂ ਟਰੰਪ ਪ੍ਰਸ਼ਾਸਨ ਚਿੰਤਤ ਹੈ ਜਾਂ ਨਹੀਂ। ਵੈਂਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਬਿਆਨਾਂ ਦਾ ਹਵਾਲਾ ਦਿੱਤਾ ਕਿ ਵਾਸ਼ਿੰਗਟਨ ਜਿੰਨੀ ਛੇਤੀ ਹੋ ਸਕੇ ਖ਼ਿੱਤੇ ’ਚ ਤਣਾਅ ਘਟਾਉਣਾ ਚਾਹੁੰਦਾ ਹੈ। -ਪੀਟੀਆਈ
ਭਾਰਤ ਵੱਲੋਂ ਬਰਾਕ-8 ਤੇ ਆਕਾਸ਼ ਮਿਜ਼ਾਈਲਾਂ ਅਤੇ ਐੱਸ-400 ਪ੍ਰਣਾਲੀਆਂ ਤਾਇਨਾਤ
ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਬਣਾਉਣ ਲਈ ਬਰਾਕ-8 ਮਿਜ਼ਾਈਲਾਂ, ਐੱਸ-400 ਟ੍ਰਾਇੰਫ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਸਤਹਿ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਆਕਾਸ਼ ਮਿਜ਼ਾਈਲਾਂ ਤਾਇਨਾਤ ਕੀਤੀਆਂ ਹਨ। ਇਸ ਤੋਂ ਇਲਾਵਾ ਦੇਸ਼ ’ਚ ਵਿਕਸਤ ਡਰੋਨ ਵਿਰੋਧੀ ਤਕਨਾਲੋਜੀਆਂ ਅਤੇ ਸੰਗਠਤ ਕਾਊਂਟਰ-ਮਾਨਵ ਰਹਿਤ ਹਵਾਈ ਪ੍ਰਣਾਲੀ (ਯੂਏਐੱਸ) ਗਰਿੱਡ ਵੀ ਸਰਗਰਮ ਹਨ। ਸੂਤਰਾਂ ਨੇ ਕਿਹਾ ਕਿ ਹਰੇਕ ਮਿਜ਼ਾਈਲ ਨੂੰ ਹਵਾ ’ਚ ਹੀ ਫੁੰਡ ਦਿੱਤਾ ਗਿਆ ਅਤੇ ਕੋਈ ਵੀ ਤੈਅ ਨਿਸ਼ਾਨੇ ’ਤੇ ਨਹੀਂ ਪੁੱਜੀ। -ਪੀਟੀਆਈ
ਕੰਟਰੋਲ ਰੇਖਾ ’ਤੇ ਪਾਕਿਸਤਾਨ ਵੱਲੋਂ ਗੋਲਾਬਾਰੀ; ਦੋ ਹਲਾਕ, ਪੰਜ ਜ਼ਖ਼ਮੀ
ਪੁਣਛ/ਜੰਮੂ: ਜੰਮੂ ਕਸ਼ਮੀਰ ਦੇ ਪੁਣਛ, ਉੜੀ ਅਤੇ ਰਾਜੌਰੀ ਜ਼ਿਲ੍ਹਿਆਂ ’ਚ ਪਾਕਿਸਤਾਨ ਵੱਲੋਂ ਅੱਜ ਤੜਕੇ ਕੀਤੀ ਗੋਲਾਬਾਰੀ ’ਚ ਇਕ ਮਹਿਲਾ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਭਾਰਤੀ ਫੌਜ ਨੇ ਵੀ ਗੋਲਾਬਾਰੀ ਦਾ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ ਹੈ। ਕੰਟਰੋਲ ਰੇਖਾ ਤੋਂ ਲੋਕਾਂ ਨੂੰ ਕੱਢ ਕੇ ਪੁਣਛ, ਉੜੀ ਅਤੇ ਰਾਜੌਰੀ ਜ਼ਿਲ੍ਹਿਆਂ ਦੇ ਸੁਰੱਖਿਅਤ ਇਲਾਕਿਆਂ ’ਚ ਭੇਜਿਆ ਗਿਆ ਹੈ। ਕਈ ਲੋਕਾਂ ਨੂੰ ਕੈਂਪਾਂ ’ਚ ਤਬਦੀਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਤੜਕੇ 3.50 ਅਤੇ ਪੌਣੇ ਪੰਜ ਵਜੇ ਦੇ ਵਿਚਕਾਰ ਕਈ ਉੱਚ-ਤੀਬਰਤਾ ਵਾਲੇ ਧਮਾਕੇ ਸੁਣੇ ਗਏ ਜਿਸ ਮਗਰੋਂ ਸਾਇਰਨ ਵਜਣੇ ਸ਼ੁਰੂ ਹੋ ਗਏ ਅਤੇ ਤੁਰੰਤ ਬਲੈਕਆਊਟ ਕਰ ਦਿੱਤਾ ਗਿਆ। ਵੀਡੀਓਜ਼ ’ਚ ਦਿਖਾਈ ਦੇ ਰਿਹਾ ਹੈ ਕਿ ਜੰਮੂ ਖ਼ਿੱਤੇ ’ਚ ਡਰੋਨ ਅਤੇ ਹੋਰ ਉਪਕਰਣਾਂ ਨੂੰ ਹਵਾਈ ਰੱਖਿਆ ਪ੍ਰਣਾਲੀ ਰਾਹੀਂ ਤਬਾਹ ਕੀਤਾ ਗਿਆ। ਗੋਲਾਬਾਰੀ ਰਾਜੌਰੀ, ਪੁਣਛ ਅਤੇ ਜੰਮੂ ਜ਼ਿਲ੍ਹਿਆਂ ਤੇ ਕਸ਼ਮੀਰ ਦੇ ਕੁਪਵਾੜਾ ਅਤੇ ਬਾਰਾਮੂਲਾ ਜ਼ਿਲ੍ਹਿਆਂ ਵੱਲ ਕੇਂਦਰਿਤ ਸੀ। ਅਧਿਕਾਰੀਆਂ ਨੇ ਕਿਹਾ ਕਿ ਪੁਣਛ ਜ਼ਿਲ੍ਹੇ ਦੇ ਲੋਰਾਨ ਅਤੇ ਮੇਂਧੜ ਸੈਕਟਰਾਂ ਦੇ ਵੱਖ ਵੱਖ ਇਲਾਕਿਆਂ ’ਚ ਪਾਕਿਸਤਾਨੀ ਗੋਲਾਬਾਰੀ ’ਚ ਮੁਹੰਮਦ ਅਬਰਾਰ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਉੜੀ ਸੈਕਟਰ ’ਚ ਕੰਟਰੋਲ ਰੇਖਾ ਨੇੜਲੇ ਇਲਾਕਿਆਂ ’ਚ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲਾਬਾਰੀ ’ਚ ਇਕ ਮਹਿਲਾ ਨਰਗਿਸ ਬੇਗ਼ਮ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਦੋ ਹੋਰ ਜੀਅ ਜ਼ਖ਼ਮੀ ਹੋ ਗਏ। ਇਹ ਹਮਲਾ ਮੋਹਰਾ ਨੇੜੇ ਉਨ੍ਹਾਂ ਦੀ ਕਾਰ ’ਤੇ ਹੋਇਆ ਜਦੋਂ ਉਹ ਗੋਲਾਬਾਰੀ ਤੋਂ ਬਚਣ ਲਈ ਸੁਰੱਖਿਅਤ ਥਾਂ ’ਤੇ ਜਾ ਰਹੇ ਸਨ। ਪਾਕਿਸਤਾਨ ਨੇ ਸਿਲੀਕੋਟ, ਬੋਨਿਯਾਰ, ਕਮਾਲਕੋਟ, ਮੋਹਰਾ ਅਤੇ ਗਿੰਜਲ ਸਮੇਤ ਉੜੀ ਦੇ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ। ਜਨਤਕ ਸੂਚਨਾ ਬਾਰੇ ਵਧੀਕ ਡਾਇਰੈਕਟੋਰੇਟ ਜਨਰਲ ਨੇ ‘ਐਕਸ’ ’ਤੇ ਕਿਹਾ, ‘‘ਭਾਰਤੀ ਫੌਜ ਮੁਲਕ ਦੀ ਖੁਦਮੁਖਤਿਆਰੀ ਅਤੇ ਖੇਤਰੀ ਅਖੰਡਤਾ ਦੀ ਰਾਖੀ ਕਰਨ ਪ੍ਰਤੀ ਵਚਨਬੱਧ ਹੈ। ਸਾਰੀਆਂ ਨਾਪਾਕ ਹਰਕਤਾਂ ਦਾ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ।’’ ਇਸ ਤੋਂ ਪਹਿਲਾਂ ਜੰਮੂ ਦੇ ਡਿਪਟੀ ਕਮਿਸ਼ਨਰ ਨੇ ‘ਐਕਸ’ ’ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਸ਼ਾਂਤ ਰਹਿਣ। ਖ਼ਿੱਤੇ ’ਚ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਕੰਟਰੋਲ ਰੇਖਾ ’ਤੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਪੁਣਛ ਦੇ ਡਿਪਟੀ ਕਮਿਸ਼ਨਰ ਵਿਕਾਸ ਕੁੰਡਲ ਅਤੇ ਐੱਸਐੱਸਪੀ ਸ਼ਫ਼ਕਤ ਹੁਸੈਨ ਨੇ ਮੰਗਨਾਰ ਇਲਾਕੇ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਵੀਰਵਾਰ ਦੇਰ ਰਾਤ ਅੱਠ ਮਿਜ਼ਾਈਲਾਂ ਦਾਗ਼ੀਆਂ ਸਨ ਅਤੇ ਸਤਵਾਰੀ, ਸਾਂਬਾ, ਆਰਐੱਸ ਪੁਰਾ ਅਤੇ ਅਰਨੀਆ ’ਚ ਸ਼ਹਿਰੀ ਅਤੇ ਰਣਨੀਤਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਹਵਾਈ ਰੱਖਿਆ ਇਕਾਈਆਂ ਨੇ ਤੁਰੰਤ ਹਰਕਤ ’ਚ ਆਉਂਦਿਆਂ ਮਿਜ਼ਾਈਲਾਂ ਨੂੰ ਹਵਾ ’ਚ ਹੀ ਫੁੰਡ ਦਿੱਤਾ ਅਤੇ ਭਾਰੀ ਜਾਨੀ ਨੁਕਸਾਨ ਹੋਣ ਤੋਂ ਰੋਕ ਲਿਆ ਸੀ। -ਪੀਟੀਆਈ
ਸਿਨਹਾ ਨੇ ਉੜੀ ਸੈਕਟਰ ’ਚ ਨੁਕਸਾਨ ਦਾ ਜਾਇਜ਼ਾ ਲਿਆ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਉੜੀ ਸੈਕਟਰ ਦਾ ਅੱਜ ਦੌਰਾ ਕਰਕੇ ਉਥੇ ਪਾਕਿਸਤਾਨ ਵੱਲੋਂ ਪਿਛਲੀਆਂ ਤਿੰਨ ਰਾਤਾਂ ਤੋਂ ਕੀਤੀ ਗਈ ਗੋਲਾਬਾਰੀ ਦੌਰਾਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਸਿਨਹਾ ਨੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਉਹ ਤੁਰੰਤ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰੇ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸਿਨਹਾ ਨੇ ‘ਐਕਸ’ ’ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਉੜੀ ਦੇ ਲਗਾਮਾ ਅਤੇ ਗਿੰਜਲ ਦੇ ਸਰਹੱਦੀ ਪਿੰਡਾਂ ’ਚ ਪਾਕਿਸਤਾਨ ਵੱਲੋਂ ਬਿਨਾਂ ਭੜਕਾਹਟ ਦੇ ਕੀਤੀ ਗਈ ਗੋਲਾਬਾਰੀ ਦੌਰਾਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਗਿੰਜਲ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ। -ਪੀਟੀਆਈ
ਪਾਕਿਸਤਾਨ ਦਾ ਭਾਰਤ ’ਤੇ ਡਰੋਨ ਹਮਲਿਆਂ ਤੋਂ ਇਨਕਾਰ
ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਅੱਜ ਭਾਰਤੀ ਮੀਡੀਆ ਵਿੱਚ ਆਈਆਂ ਉਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਭਾਰਤ ਵਿੱਚ ਕਈ ਥਾਵਾਂ ’ਤੇ ਹਮਲਾ ਕੀਤਾ ਹੈ। ਉਸ ਨੇ ਕਿਹਾ ਕਿ ਅਜਿਹੇ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਲਾਪ੍ਰਵਾਹ ਪ੍ਰਚਾਰ ਮੁਹਿੰਮ ਦਾ ਹਿੱਸਾ ਹਨ। ਵਿਦੇਸ਼ ਦਫ਼ਤਰ ਨੇ ਲੰਘੀ ਅੱਧੀ ਰਾਤ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਜਿਹੀਆਂ ਕਾਰਵਾਈ ਨਾਲ ਸਿਰਫ਼ ਖਿੱਤੇ ਦੀ ਸ਼ਾਂਤੀ ਨੂੰ ਖ਼ਤਰਾ ਪੈਦਾ ਹੁੰਦਾ ਹੈ। ਅਧਿਕਾਰੀਆਂ ਮੁਤਾਬਕ, ਭਾਰਤ ਨੇ ਵੀਰਵਾਰ ਨੂੰ ਜੰਮੂ, ਪਠਾਨਕੋਟ, ਊਧਮਪੁਰ ਅਤੇ ਕੁਝ ਹੋਰ ਥਾਵਾਂ ’ਤੇ ਮਿਜ਼ਾਈਲਾਂ ਤੇ ਡੋਰਨਾਂ ਨਾਲ ਫੌਜੀ ਟਿਕਾਣਿਆਂ ’ਤੇ ਹਮਲੇ ਕਰਨ ਸਬੰਧੀ ਪਾਕਿਸਤਾਨੀ ਫੌਜ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਰੱਖਿਆ ਮੰਤਰਾਲੇ ਦੇ ਤਰਜਮਾਨ ਨੇ ਕਿਹਾ, ‘‘ਅੱਜ ਜੰਮੂ ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ ਨੇੜੇ ਸਥਿਤ ਜੰਮੂ, ਪਠਾਨਕੋਟ ਅਤੇ ਊਧਮਪੁਰ ਦੇ ਫੌਜੀ ਟਿਕਾਣਿਆਂ ਨੂੰ ਪਾਕਿਸਤਾਨੀ ਡਰੋਨਾਂ ਤੇ ਮਿਜ਼ਾਈਲਾਂ ਤੋਂ ਨਿਸ਼ਾਨਾ ਬਣਾਇਆ ਗਿਆ।’’ ਆਪਣੇ ਬਿਆਨ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਭਾਰਤੀ ਮੀਡੀਆ ਵੱਲੋਂ ਕੀਤੇ ਜਾ ਰਹੇ ਮਾੜੇ ਪ੍ਰਚਾਰ ਤਹਿਤ ਲਗਾਏ ਜਾ ਰਹੇ ਬੇਬੁਨਿਆਦ ਤੇ ਗੈਰ-ਜ਼ਿੰਮੇਵਾਰਾਨਾ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੀ ਹੈ। -ਪੀਟੀਆਈ