ਭਾਰਤ ਨੇ ਚੀਨ ਦੇ ਪੰਜ ਉਤਪਾਦਾਂ ’ਤੇ ਐਂਟੀ-ਡੰਪਿੰਗ ਡਿਊਟੀ ਲਾਈ
ਨਵੀਂ ਦਿੱਲੀ, 23 ਮਾਰਚ
ਭਾਰਤ ਨੇ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਪੰਜ ਉਤਪਾਦਾਂ ’ਤੇ ਐਂਟੀ-ਡੰਪਿੰਗ ਡਿਊਟੀ ਲਾਈ ਹੈ। ਇਹ ਡਿਊਟੀ ਇਸ ਲਈ ਲਾਈ ਗਈ ਹੈ ਕਿਉਂਕਿ ਇਹ ਉਤਪਾਦ ਆਮ ਤੋਂ ਘੱਟ ਕੀਮਤਾਂ ’ਤੇ ਚੀਨ ਤੋਂ ਭਾਰਤ ਦਰਾਮਦ ਕੀਤੇ ਜਾ ਰਹੇ ਸਨ। ਇਨ੍ਹਾਂ ਉਤਪਾਦਾਂ ਵਿੱਚ ਸਾਫਟ ਫੇਰਾਈਟ ਕੋਰ, ਵੈਕਿਊਮ ਇੰਸੂਲੇਟਡ ਫਲਾਸਕ, ਐਲੂਮੀਨੀਅਮ ਫੌਇਲ, ਟ੍ਰਾਈਕਲੋਰੋ ਆਈਸੋਸਾਈਨਿਊਰਿਕ ਐਸਿਡ, ਪੌਲੀ ਵਿਨਾਇਲ ਕਲੋਰਾਈਡ ਪੇਸਟ ਰੇਜ਼ਿਨ ਸ਼ਾਮਲ ਹਨ। ਨੋਟੀਫਿਕੇਸ਼ਨ ਅਨੁਸਾਰ ਸਾਫਟ ਫੇਰਾਈਟ ਕੋਰ, ਵੈਕਿਊਮ ਇੰਸੂਲੇਟਡ ਫਲਾਸਕ ਅਤੇ ਟ੍ਰਾਈਕਲੋਰੋ ਆਈਸੋਸਾਈਨਿਊਰਿਕ ਐਸਿਡ ਦੇ ਬਰਾਮਦ ’ਤੇ ਪੰਜ ਸਾਲ ਲਈ ਡਿਊਟੀ ਲਾਈ ਜਾਵੇਗੀ। ਐਲੂਮੀਨੀਅਮ ਫੌਇਲ ’ਤੇ ਛੇ ਮਹੀਨਿਆਂ ਲਈ ਅਸਥਾਈ ਰੂਪ ਵਿੱਚ 873 ਅਮਰੀਕੀ ਡਾਲਰ ਪ੍ਰਤੀ ਟਨ ਐਂਟੀ-ਡੰਪਿੰਗ ਡਿਊਟੀ ਲਾਈ ਗਈ ਹੈ। ਇਸੇ ਤਰ੍ਹਾਂ ਸਰਕਾਰ ਨੇ ਚੀਨ ਅਤੇ ਜਪਾਨ ਤੋਂ ਐਸਿਡ (ਵਾਟਰ ਟ੍ਰੀਟਮੈਂਟ ਰਸਾਇਣ) ਦੇ ਦਰਾਮਦ ’ਤੇ 276 ਡਾਲਰ ਪ੍ਰਤੀ ਟਨ ਤੋਂ 986 ਡਾਲਰ ਪ੍ਰਤੀ ਟਨ ਤੱਕ ਦੀ ਡਿਊਟੀ ਲਾਈ ਹੈ। ਸਾਫਟ ਫੈਰਾਈਟ ਕੋਰ ਦੀ ਦਰਾਮਦ ’ਤੇ ਸੀਆਈਐੱਫ (ਲਾਗਤ, ਬੀਮਾ ਖ਼ਰਚਾ) ਮੁੱਲ ’ਤੇ 35 ਫੀਸਦ ਤੱਕ ਡਿਊਟੀ ਲਾਈ ਗਈ ਹੈ। ਇਸੇ ਤਰ੍ਹਾਂ ਵੈਕਿਊਮ ਇਨਸੁਲੇਟਿਡ ਫਲਾਸਕ ’ਤੇ 1,732 ਡਾਲਰ ਪ੍ਰਤੀ ਟਨ ਐਂਟੀ-ਡੰਪਿੰਗ ਡਿਊਟੀ ਲਾਈ ਗਈ ਹੈ। ਇਹ ਡਿਊਟੀਆਂ ਵਣਜ ਮੰਤਰਾਲੇ ਦੀ ਜਾਂਚ ਸ਼ਾਖਾ ਡੀਜੀਟੀਆਰ (ਡਾਇਰੈਕਟੋਰੇਟ ਜਨਰਲ ਆਫ ਟਰੇਡ ਰੈਮੇਡੀਜ਼) ਵੱਲੋਂ ਸਿਫਾਰਸ਼ਾਂ ਕੀਤੇ ਜਾਣ ਤੋਂ ਬਾਅਦ ਲਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਕੁੱਝ ਉਤਪਾਦ ਆਮ ਤੋਂ ਘੱਟ ਕੀਮਤਾਂ ’ਤੇ ਦਰਾਮਦ ਕੀਤੇ ਜਾਣ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰਤ ਪਹਿਲਾਂ ਵੀ ਕਈ ਉਤਪਾਦਾਂ ’ਤੇ ਐਂਟੀ-ਡੰਪਿੰਗ ਡਿਊਟੀ ਲਾ ਚੁੱਕਾ ਹੈ। -ਪੀਟੀਆਈ