ਭਾਰਤ ਦੂਰਦਰਸ਼ੀ ਅਗਵਾਈ ਨਾਲ ਅੱਗੇ ਵਧ ਰਿਹੈ: ਨਾਇਬ ਸੈਣੀ
ਪੀਪੀ ਵਰਮਾ
ਪੰਚਕੂਲਾ, 10 ਜੂਨ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ 11 ਸਾਲਾਂ ਵਿੱਚ ਬੇਮਿਸਾਲ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਮਾਂ ਭਾਰਤ ਦੇ ਇਤਿਹਾਸ ਵਿੱਚ ਵਿਕਾਸ, ਸਵੈ-ਨਿਰਭਰਤਾ ਅਤੇ ਸੁਨਹਿਰੀ ਯੁੱਗ ਵਜੋਂ ਉੱਭਰਿਆ ਹੈ।
ਅੱਜ ਭਾਰਤ ਵੋਟ ਬੈਂਕ ਦੀ ਰਾਜਨੀਤੀ ਨਾਲ ਨਹੀਂ ਸਗੋਂ ਦੂਰਦਰਸ਼ੀ ਅਗਵਾਈ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੂੰ 2047 ਤੱਕ ਵਿਕਸਤ ਰਾਸ਼ਟਰ ਬਣਾਉਣ ਦਾ ਟੀਚਾ ਹੈ। ਇਹ ਅੰਮ੍ਰਿਤ ਕਾਲ ਉਸ ਸੁਨਹਿਰੀ ਯੁੱਗ ਦੀ ਨੀਂਹ ਰੱਖੇਗਾ, ਜਿੱਥੇ ਭਾਰਤ ਗਿਆਨ, ਵਿਗਿਆਨ, ਅਧਿਆਤਮਿਕਤਾ ਅਤੇ ਖੁਸ਼ਹਾਲੀ ਵਿੱਚ ਵਿਸ਼ਵ ਮੋਹਰੀ ਬਣ ਜਾਵੇਗਾ। ਪੰਚਕੂਲਾ ਵਿੱਚ ਮੀਡੀਆ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਅਯੋਗ ਲੀਡਰਸ਼ਿਪ ਨੇ ਵਿਕਾਸ ਨੂੰ ਰੋਕ ਦਿੱਤਾ ਸੀ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਆਪਣੀ ਉੱਨਤ ਤਕਨਾਲੋਜੀ ਦੇ ਜ਼ੋਰ ’ਤੇ ਨਾ ਸਿਰਫ਼ ਮਿਜ਼ਾਈਲਾਂ ਬਣਾ ਰਿਹਾ ਹੈ, ਸਗੋਂ ਚੰਦਰਯਾਨ ਅਤੇ ਮੰਗਲਯਾਨ ਵਰਗੇ ਮਿਸ਼ਨਾਂ ਨੂੰ ਸਫ਼ਲਤਾ ਨਾਲ ਸਰ ਕਰ ਰਿਹਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਿੱਤ ਵਿੱਚ ਕਈ ਇਤਿਹਾਸਕ ਫ਼ੈਸਲੇ ਲਏ ਹਨ। ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ ਧਾਰਾ 35-ਏ ਨੂੰ ਹਟਾ ਕੇ ਉਨ੍ਹਾਂ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਇੱਕ ਸੰਯੁਕਤ ਭਾਰਤ ਦੇ ਰਾਸ਼ਟਰੀ ਸੁਫ਼ਨੇ ਨੂੰ ਸਾਕਾਰ ਕੀਤਾ ਹੈ। ਹਾਲ ਹੀ ਵਿੱਚ ਇੱਕ ਹੋਰ ਇਤਿਹਾਸਕ ਕਦਮ ਚੁੱਕਦੇ ਹੋਏ ਕਸ਼ਮੀਰ ਘਾਟੀ ਨੂੰ ਦੁਨੀਆ ਦੇ ਸਭ ਤੋਂ ਉੱਚੇ ਰੇਲ ਪੁਲ ‘ਚਨਾਬ ਪੁਲ ਰਾਹੀਂ ਪੂਰੇ ਦੇਸ਼ ਨਾਲ ਜੋੜਿਆ ਗਿਆ ਹੈ।