ਭਾਰਤ ਦਾ ਵਿਚਾਰ ਬਨਾਮ ਹਿਮਾਂਸ਼ੀ ਨਰਵਾਲ ਦੀ ਟ੍ਰੋਲਿੰਗ
ਡਾ. ਅਰੁਣ ਮਿੱਤਰਾ
ਪਹਿਲਗਾਮ (ਜੰਮੂ ਕਸ਼ਮੀਰ) ਵਿੱਚ ਮਾਸੂਮ ਸੈਲਾਨੀਆਂ ’ਤੇ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਸੋਗ ਵਿੱਚ ਡੁੱਬੀ ਹੋਈ ਸਥਿਤੀ ਵਿੱਚ ਇਹ ਸੋਚਿਆ ਜਾ ਰਿਹਾ ਸੀ ਕਿ ਪੂਰਾ ਭਾਰਤ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਖੜ੍ਹਾ ਹੋਵੇਗਾ, ਖਾਸ ਕਰ ਕੇ ਉਨ੍ਹਾਂ ਨੌਜਵਾਨ ਔਰਤਾਂ ਨਾਲ ਜੋ ਵਿਧਵਾ ਹੋ ਗਈਆਂ ਹਨ ਪਰ ਜਿਸ ਤਰ੍ਹਾਂ ਹਿਮਾਂਸ਼ੀ ਨਰਵਾਲ ਜਿਸ ਦਾ ਵਿਆਹ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਦੇ ਇੱਕ ਹੋਣਹਾਰ ਲੈਫਟੀਨੈਂਟ ਨਾਲ ਵਿਆਹ ਹੋਇਆ ਸੀ ਤੇ ਜਿਸ ਨੂੰ ਅਤਿਵਾਦੀਆਂ ਨੇ ਮਾਰ ਮੁਕਾਇਆ ਸੀ, ਨੂੰ ਟ੍ਰੋਲ ਕੀਤਾ ਜਾ ਰਿਹਾ ਹੈ, ਨੇ ਇਸ ਉਮੀਦ ਨੂੰ ਖੋਰਾ ਲਗਾਇਆ ਹੈ। ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਕਿਉਂਕਿ ਉਸ ਨੇ ਫਿ਼ਰਕੂ ਸਦਭਾਵਨਾ ਦੀ ਅਪੀਲ ਕੀਤੀ ਅਤੇ ਪਹਿਲਗਾਮ ਘਟਨਾ ਨੂੰ ਮੁਸਲਿਮ ਜਾਂ ਕਸ਼ਮੀਰੀ ਵਿਰੋਧੀ ਮੁੱਦਾ ਨਾ ਬਣਾਉਣ ਦੀ ਅਪੀਲ ਕੀਤੀ ਸੀ। ਉਸ ਨੇ ਲੋਕਾਂ ਨੂੰ ਦੇਸ਼ ਦੇ ਦੂਜੇ ਹਿੱਸਿਆਂ ’ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਪ੍ਰਤੀ ਹਿੰਸਕ ਨਾ ਹੋਣ ਲਈ ਵੀ ਕਿਹਾ ਸੀ।
ਆਪਣੇ ਸੱਭਿਆਚਾਰ ਵਿੱਚ ਔਰਤਾਂ ਨੂੰ ਹਮੇਸ਼ਾ ਸਤਿਕਾਰ ਨਾਲ ਦੇਖਿਆ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਨ ਦਾ ਵਾਅਦਾ ਕੀਤਾ ਹੈ। ਇਹ ਵੀ ਨਿਰਾਸ਼ਾਜਨਕ ਹੈ ਕਿ ਹਿਮਾਂਸ਼ੀ ਨਰਵਾਲ ਦੀ ਟ੍ਰੋਲਿੰਗ ’ਤੇ ਬਹੁਤ ਜ਼ਿਆਦਾ ਜਨਤਕ ਰੋਸ ਨਹੀਂ ਹੋਇਆ ਜਿਵੇਂ ਉਮੀਦ ਸੀ। ਪ੍ਰਧਾਨ ਮੰਤਰੀ ਨੇ ਇਸ ਟ੍ਰੋਲਿੰਗ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਿਆ। ਕੀ ਮਿਥ ਕੇ ਕੀਤੀ ਇਸ ਅਪਮਾਨਜਨਕ ਕਾਰਵਾਈ ਬਾਰੇ ਉਨ੍ਹਾਂ ਦੀ ਚੁੱਪ ਉਨ੍ਹਾਂ ਦੇ ਸਮਰਥਨ ਦੇ ਬਰਾਬਰ ਨਹੀਂ? ਅਜਿਹੇ ਸਮੇਂ ਜਦੋਂ ਪਹਿਲਗਾਮ ਘਟਨਾ ਦੇ ਪੀੜਤਾਂ ਦੀਆਂ ਲਾਸ਼ਾਂ ਕਸ਼ਮੀਰ ’ਚ ਪਈਆਂ ਸਨ, ਪ੍ਰਧਾਨ ਮੰਤਰੀ ਪਟਨਾ ’ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਸਿਆਸੀ ਰੈਲੀ ਵਿੱਚ ਸ਼ਾਮਿਲ ਹੋ ਰਹੇ ਸਨ; ਉਨ੍ਹਾਂ ਨੂੰ ਉੱਥੇ ਹੱਸਦੇ ਹੋਏ, ਤਾੜੀਆਂ ਵਜਾਉਂਦੇ ਤੇ ਅੰਗਰੇਜ਼ੀ ਵਿੱਚ ਭਾਸ਼ਣ ਦਿੰਦੇ ਹੋਏ ਦੇਖਣਾ ਬਹੁਤ ਦੁਖਦਾਈ ਸੀ। ਇਸ ਤੋਂ ਵੱਡੀ ਸੰਵੇਦਨਹੀਣਤਾ ਹੋਰ ਕੀ ਹੋਵੇਗੀ? ਉਨ੍ਹਾਂ ਅੱਜ ਤੱਕ ਇਲਾਕੇ ਦਾ ਦੌਰਾ ਨਹੀਂ ਕੀਤਾ ਅਤੇ ਨਾ ਪੀੜਤ ਪਰਿਵਾਰਾਂ ਦੀ ਖ਼ਬਰਸਾਰ ਲਈ ਹੈ। ਅਜਿਹੀ ਕੋਈ ਰਿਪੋਰਟ ਵੀ ਨਹੀਂ ਆਈ ਕਿ ਉਨ੍ਹਾਂ ਪੀੜਤਾਂ ਦੇ ਪਰਿਵਾਰਾਂ ਨੂੰ ਫੋਨ ਕੀਤਾ ਹੋਵੇ।... ਕੀ ਉਨ੍ਹਾਂ ਤੋਂ ਅਜਿਹੀ ਕੋਈ ਉਮੀਦ ਵੀ ਕਰਨੀ ਚਾਹੀਦੀ ਹੈ? ਕਿਉਂਕਿ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਵੀ ਉਨ੍ਹਾਂ ਹਿੰਸਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬੇ ਮਨੀਪੁਰ ਦਾ ਦੌਰਾ ਨਹੀਂ ਕੀਤਾ ਹੈ।
ਦਰਅਸਲ, ਹਿਮਾਂਸ਼ੀ ਨਰਵਾਲ ਦੀ ਟ੍ਰੋਲਿੰਗ, ਪਿਛਲੇ ਗਿਆਰਾਂ ਸਾਲਾਂ ਵਿੱਚ ਤਿਆਰ ਕੀਤੀਆਂ ਹਾਲਤਾਂ ਵਿੱਚ ਲਗਾਤਾਰ ਚਲਾਈ ਨਫ਼ਰਤੀ ਮੁਹਿੰਮ ਦਾ ਨਤੀਜਾ ਹੈ। ਸਾਡੇ ਸੰਵਿਧਾਨ ਵਿੱਚ ਦਰਜ ਕਦਰਾਂ-ਕੀਮਤਾਂ ਨੂੰ ਨਕਾਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਾਡੇ ਪੁਰਖਿਆਂ ਦੁਆਰਾ ਕੀਤੀਆਂ ਕੁਰਬਾਨੀਆਂ ਨਾਲ ਭਰੀਆਂ ਸਖ਼ਤ ਸੰਘਰਸ਼ ਦੇ ਆਦਰਸ਼ਾਂ ਦੇ ਆਧਾਰ ’ਤੇ ਬਣਾਈਆਂ ਗਈਆਂ ਸਨ। ਸਾਡੇ ਕੋਲ ਮਹਾਤਮਾ ਗਾਂਧੀ ਦੁਆਰਾ ਪ੍ਰਚਾਰਿਤ ਅਹਿੰਸਾ ਦੀ ਵਿਰਾਸਤ ਹੈ, ਜਵਾਹਰ ਲਾਲ ਨਹਿਰੂ ਦੁਆਰਾ ਉਜਾਗਰ ਕੀਤੇ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਭਗਤ ਸਿੰਘ ਦੁਆਰਾ ਦਿੱਤਾ ਗਿਆ ਨਿਆਂ ਤੇ ਸਮਾਨਤਾ ਦੇ ਵਿਚਾਰ ਦਾ ਵਿਰਸਾ ਹੈ। ਸੈਂਕੜੇ ਇਨਕਲਾਬੀਆਂ ਨੇ ਬ੍ਰਿਟਿਸ਼ ਬਸਤੀਵਾਦ ਵਿਰੁੱਧ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਕਾਂਗਰਸ, ਕਮਿਊਨਿਸਟ ਅਤੇ ਸਮਾਜਵਾਦੀਆਂ ਸਮੇਤ ਵੱਖ-ਵੱਖ ਸਿਆਸੀ ਸੰਗਠਨਾਂ ਨਾਲ ਜੁੜੇ ਲੋਕਾਂ ਨੇ ਭਾਰਤ ਨੂੰ ਬਰਤਾਨਵੀ ਬਸਤੀਵਾਦੀ ਰਾਜ ਤੋਂ ਮੁਕਤ ਕਰਨ ਲਈ ਇਕੱਠੇ ਹੋ ਕੇ ਲੜਾਈ ਲੜੀ। ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਆਦਰਸ਼ਾਂ ਨੇ ਧਰਮ ਨਿਰਪੱਖਤਾ, ਲੋਕਤੰਤਰ ਅਤੇ ਸਮਾਜਿਕ-ਆਰਥਿਕ ਨਿਆਂ ਨਾਲ ਜੁੜੇ ਸੁਤੰਤਰ ਭਾਰਤ ਦਾ ਆਧਾਰ ਬਣਾਇਆ। ਡਾ. ਭੀਮ ਰਾਓ ਅੰਬੇਡਕਰ ਨੇ ਸਮਾਜਿਕ ਨਿਆਂ, ਲਿੰਗਕ ਸਮਾਨਤਾ ਅਤੇ ਵੱਖ-ਵੱਖ ਭਾਈਚਾਰਿਆਂ ਵਿੱਚ ਸਦਭਾਵਨਾ ਦੇ ਇਨ੍ਹਾਂ ਸਾਰੇ ਆਦਰਸ਼ਾਂ ਨੂੰ ਰਸਮੀ ਰੂਪ ਦਿੱਤਾ; ਸਾਨੂੰ ਸੰਵਿਧਾਨ ਰਾਹੀਂ ਬੋਲਣ ਦੀ ਆਜ਼ਾਦੀ ਅਤੇ ਅਸਹਿਮਤੀ ਦਾ ਅਧਿਕਾਰ ਦਿੱਤਾ। ਇਹ ਉਹ ਆਦਰਸ਼ ਹਨ ਜਿਨ੍ਹਾਂ ’ਤੇ 11 ਸਾਲ ਪਹਿਲਾਂ ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਮਲੇ ਹੋ ਰਹੇ ਹਨ। ਇਹ ਸਭ ਜਾਣਦੇ ਹਨ ਕਿ ਉਨ੍ਹਾਂ ਦੇ ਪੁਰਖੇ ਕਦੇ ਵੀ ਆਜ਼ਾਦੀ ਦੀ ਇਸ ਲਹਿਰ ਦਾ ਹਿੱਸਾ ਨਹੀਂ ਸਨ, ਇਸ ਦੀ ਬਜਾਏ ਉਨ੍ਹਾਂ ਨੇ ਬ੍ਰਿਟਿਸ਼ ਬਸਤੀਵਾਦੀ ਮਾਲਕਾਂ ਨਾਲ ਮਿਲੀਭੁਗਤ ਕੀਤੀ, ਉਨ੍ਹਾਂ ਦੀ ਫਿ਼ਰਕੂ ਪਾੜਾ ਫੈਲਾਉਣ ਵਿੱਚ ਮਦਦ ਕੀਤੀ ਤੇ ਮੁਸਲਿਮ ਲੀਗ ਦੇ ਨਾਲ ਦੋ ਰਾਸ਼ਟਰਾਂ ਦਾ ਸਿਧਾਂਤ ਦਿੱਤਾ।
ਸਾਡਾ ਦੇਸ਼ ਸੰਵਿਧਾਨਕ ਕਦਰਾਂ-ਕੀਮਤਾਂ ਦੀ ਤਰਜ਼ ’ਤੇ ਅੱਗੇ ਵਧਿਆ ਪਰ ਕੇਂਦਰ ਵਿੱਚ ਆਰਐੱਸਐੱਸ ਦੀ ਸਰਪ੍ਰਸਤੀ ਵਾਲੀ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਨਾਲ ਕਹਾਣੀ ਬਦਲ ਗਈ। ਫਿ਼ਰਕੂ ਸਦਭਾਵਨਾ ਨੂੰ ਇਸ ਹੱਦ ਤੱਕ ਭਾਰੀ ਸੱਟ ਵੱਜੀ ਹੈ ਕਿ ਕੋਵਿਡ-19 ਦੇ ਭਿਆਨਕ ਦਿਨਾਂ ਦੌਰਾਨ ਵੀ ਮੁਸਲਮਾਨਾਂ ਨੂੰ ਕੋਵਿਡ ਫੈਲਾਉਣ ਦਾ ਨਿਸ਼ਾਨਾ ਬਣਾਇਆ ਗਿਆ ਸੀ। ਉਨ੍ਹਾਂ ਨੂੰ ਕਈ ਥਾਵਾਂ ’ਤੇ ਗਲੀਆਂ ਵਿੱਚ ਆਪਣਾ ਸਮਾਨ ਵੇਚਣ ਦੀ ਇਜਾਜ਼ਤ ਨਹੀਂ ਸੀ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ- ‘ਕੱਪੜੇ ਦੇਖ ਕੇ ਪਛਾਣੋ’। ਅਜਿਹੇ ਸ਼ਬਦਾਂ ਨੇ ਫਿ਼ਰਕਾਪ੍ਰਸਤੀ ਦੇ ਜ਼ਹਿਰ ਨਾਲ ਭਰੇ ਹੋਏ ਟੋਲਿਆਂ ਨੂੰ ਜਾਇਜ਼ ਠਹਿਰਾਇਆ। ਆਪ ਐਲਾਨੀਆਂ ਨੈਤਿਕ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਨ ਵਾਲੇ ਸਵੈ-ਨਿਯੁਕਤ ਚੌਕਸੀ ਸਮੂਹਾਂ ਦੁਆਰਾ ਮੁੰਡਿਆਂ ਅਤੇ ਕੁੜੀਆਂ ਨੂੰ ਟ੍ਰੋਲ ਕਰਨਾ ਕੁਝ ਥਾਵਾਂ ’ਤੇ ਰੁਟੀਨ ਬਣ ਗਿਆ। ਧਾਰਮਿਕ ਮਤਭੇਦਾਂ ਦੇ ਆਧਾਰ ’ਤੇ ਭੀੜਾਂ ਦੁਆਰਾ ਕੁੱਟ-ਕੁੱਟ ਕੇ ਹੱਤਿਆ ਕਰਨਾ ਇਨ੍ਹਾਂ ਸਮੂਹਾਂ ਦੁਆਰਾ ਨਾਪਾਕ ਗਤੀਵਿਧੀਆਂ ਦਾ ਹਿੱਸਾ ਬਣ ਗਿਆ। ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿਉਂਕਿ ਕਈ ਮਾਮਲਿਆਂ ਵਿੱਚ ਉਨ੍ਹਾਂ ਵਿਰੁੱਧ ਕੋਈ ਸਜ਼ਾਯੋਗ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਸਮੂਹਾਂ ਜਾਂ ਅਤਿਵਾਦੀਆਂ ਦੁਆਰਾ ਆਸ ਕੀਤੇ ਜਾਣ ਦੇ ਉਲਟ, ਕਸ਼ਮੀਰ ਦੇ ਲੋਕ ਪਹਿਲਗਾਮ ਵਿੱਚ ਅਤਿਵਾਦੀ ਹਿੰਸਾ ਦੀ ਨਿੰਦਾ ਕਰਨ ਲਈ ਸੜਕਾਂ ’ਤੇ ਨਿਕਲ ਆਏ ਅਤੇ ਅਤਿਵਾਦੀ ਹਿੰਸਾ ਦਾ ਵਿਰੋਧ ਕੀਤਾ। ਸਥਾਨਕ ਲੋਕਾਂ ਨੇ ਜ਼ਖ਼ਮੀਆਂ ਅਤੇ ਬਚੇ ਲੋਕਾਂ ਦੀ ਮਦਦ ਕੀਤੀ।
ਇਸ ਸਾਰੇ ਕੁਝ ਨਾਲ ਉਨ੍ਹਾਂ ਲੋਕਾਂ ਨੂੰ ਗੁੱਸਾ ਆਇਆ ਹੈ ਜੋ ਫਿ਼ਰਕੂ ਵੰਡੀਆਂ ਪਾ ਕੇ ਪਲਦੇ-ਫੁੱਲਦੇ ਹਨ। ਉਨ੍ਹਾਂ ਦਾ ਤਰੀਕਾ ਹੈ ਕਿ ਸਮਾਜਿਕ ਸਦਭਾਵਨਾ ਲਈ ਬੋਲਣ ਵਾਲਾ ਕੋਈ ਵੀ ਬੰਦਾ ਬਖ਼ਸ਼ਿਆ ਨਹੀਂ ਜਾਵੇਗਾ।
ਹਿਮਾਂਸ਼ੀ ਨਰਵਾਲ ਦੀ ਟ੍ਰੋਲਿੰਗ ਦੀ ਘਟਨਾ ਨੇ ਸਾਡੇ ਸਾਹਮਣੇ ਧਰਮ ਨਿਰਪੱਖ, ਲੋਕਤੰਤਰੀ ਰਾਸ਼ਟਰ ਵਜੋਂ ਭਾਰਤ ਦੇ ਵਿਚਾਰ ਨੂੰ ਬਚਾਉਣ ਲਈ ਵੱਡੀ ਚੁਣੌਤੀ ਪੇਸ਼ ਕੀਤੀ ਹੈ ਜਿਸ ਵਿੱਚ ਵਿਗਿਆਨਕ ਸੁਭਾਅ, ਨਿਆਂ, ਸਮਾਨਤਾ, ਲਿੰਗਕ ਸੰਵੇਦਨਸ਼ੀਲਤਾ ਅਤੇ ਭਾਈਚਾਰਿਆਂ ਵਿੱਚ ਸਦਭਾਵਨਾ ਹੈ। ਅਜੇ ਵੀ ਵੱਡੀ ਗਿਣਤੀ ਵਿੱਚ ਸਮਝਦਾਰ ਆਵਾਜ਼ਾਂ ਹਨ ਜੋ ਸਖ਼ਤ ਸੰਘਰਸ਼ ਰਾਹੀਂ ਇਨ੍ਹਾਂ ਤਾਕਤਾਂ ਨੂੰ ਹਰਾ ਦੇਣਗੀਆਂ, ਸਾਡੇ ਸਮਾਜ ਦੀਆਂ ਕਦਰਾਂ-ਕੀਮਤਾਂ ਦਾ ਮਾਣ ਬਹਾਲ ਕਰਨਗੀਆਂ ਅਤੇ ਦਿਸ਼ਾ ਨੂੰ ਦੁਬਾਰਾ ਬਦਲਣਗੀਆਂ।
ਸੰਪਰਕ: 94170-00360