ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ ਅੱਜ
ਦੁਬਈ, 1 ਮਾਰਚ
ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਚੈਂਪੀਅਨਜ਼ ਟਰਾਫੀ ਦੇ ਆਖਰੀ ਗਰੁੱਪ ਮੈਚ ਵਿੱਚ ਸਪਿੰਨ ਨੂੰ ਬਿਹਤਰ ਢੰਗ ਨਾਲ ਖੇਡਣ ਦੀ ਕੋਸ਼ਿਸ਼ ਕਰੇਗੀ। ਇਸ ਦੌਰਾਨ ਟੀਮ ’ਚੋਂ ਬਾਹਰ ਬੈਠੇ ਖਿਡਾਰੀਆਂ ਨੂੰ ਵੀ ਮੌਕਾ ਮਿਲ ਸਕਦਾ ਹੈ। ਮੈਚ ਬਾਅਦ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਭਾਰਤ ਅਤੇ ਆਸਟਰੇਲੀਆ ਦੋਵਾਂ ਨੇ ਟੂਰਨਾਮੈਂਟ ’ਚ ਹਾਲੇ ਕੋਈ ਮੈਚ ਨਹੀਂ ਹਾਰਿਆ ਅਤੇ ਦੋਵੇਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚ ਚੁੱਕੀਆਂ ਹਨ। ਇਹ ਮੈਚ ਜਿੱਤਣ ਵਾਲੀ ਟੀਮ ਗਰੁੱਪ ’ਚ ਸਿਖ਼ਰ ’ਤੇ ਰਹੇਗੀ। ਸੈਮੀਫਾਈਨਲ ਵਿੱਚ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਜਾਂ ਆਸਟਰੇਲੀਆ ਨਾਲ ਹੋਵੇਗਾ ਅਤੇ ਦੋਵਾਂ ਕੋਲ ਚੰਗੇ ਸਪਿੰਨਰ ਹਨ। ਭਾਰਤ ਨੇ ਗਰੁੱਪ ਗੇੜ ਦੇ ਪਿਛਲੇ ਦੋਵੇਂ ਮੈਚਾਂ ਵਿੱਚ ਭਾਵੇਂ ਜਿੱਤ ਦਰਜ ਕੀਤੀ ਹੈ ਪਰ ਸਪਿੰਨਰਾਂ ਨੇ ਭਾਰਤੀਆਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੈ। ਭਾਰਤ ਦੇ ਸਟਾਰ ਬੱਲੇਬਾਜ਼ਾਂ ਨੇ ਬੰਗਲਾਦੇਸ਼ ਦੇ ਸਪਿੰਨਰਾਂ ਮਹਿਦੀ ਹਸਨ ਮਿਰਾਜ਼ ਅਤੇ ਰਿਸ਼ਾਦ ਹੁਸੈਨ ਖ਼ਿਲਾਫ਼ ਜੋਖ਼ਮ ਲੈਣ ਤੋਂ ਬਚਣ ਦੀ ਰਣਨੀਤੀ ਅਪਣਾਈ। ਉਨ੍ਹਾਂ ਨੇ ਪਾਕਿਸਤਾਨ ਦੇ ਸਪਿੰਨਰ ਅਬਰਾਰ ਅਹਿਮਦ ਵਿਰੁੱਧ ਵੀ ਇਹੀ ਤਰੀਕਾ ਅਪਣਾਇਆ ਅਤੇ ਤਿੰਨੋਂ ਗੇਂਦਬਾਜ਼ ਬਹੁਤ ਕਿਫਾਇਤੀ ਸਾਬਤ ਹੋਏ। ਹੁਣ ਭਾਰਤੀ ਬੱਲੇਬਾਜ਼ਾਂ ਨੂੰ ਕਪਤਾਨ ਮਿਸ਼ੇਲ ਸੈਂਟਨਰ ਅਤੇ ਮਾਈਕਲ ਬ੍ਰੇਸਵੈੱਲ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਲੈਅ ’ਚ ਚੱਲ ਰਹੇ ਰਹੇ ਸ਼ੁਭਮਨ ਗਿੱਲ, ਪਾਕਿਸਤਾਨ ਖ਼ਿਲਾਫ਼ ਨਾਬਾਦ ਸੈਂਕੜਾ ਮਾਰਨ ਵਾਲੇ ਵਿਰਾਟ ਕੋਹਲੀ, ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। -ਪੀਟੀਆਈ
ਪੰਤ ਤੇ ਅਰਸ਼ਦੀਪ ਨੂੰ ਮਿਲ ਸਕਦੈ ਮੌਕਾ
ਭਾਰਤ ਜਿੱਤ ਦੀ ਲੈਅ ਜਾਰੀ ਰੱਖਣਾ ਚਾਹੇਗਾ ਪਰ ਟੀਮ ਦੇ ਕੁੱਝ ਖਿਡਾਰੀਆਂ ਨੂੰ ਆਰਾਮ ਦੇ ਕੇ ਬਾਹਰ ਬੈਠੇ ਖਿਡਾਰੀਆਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਰਿਸ਼ਭ ਪੰਤ ਟੂਰਨਾਮੈਂਟ ’ਚ ਪਹਿਲਾ ਮੈਚ ਖੇਡ ਸਕਦਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਆਰਾਮ ਦੇ ਕੇ ਉਸ ਦੀ ਜਗ੍ਹਾ ਅਰਸ਼ਦੀਪ ਸਿੰਘ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਇਸੇ ਤਰ੍ਹਾਂ ਕੁਲਦੀਪ ਯਾਦਵ ਦੀ ਜਗ੍ਹਾ ਵਰੁਣ ਚੱਕਰਵਰਤੀ ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।