ਭਾਰਤ ਕੌਮਾਂਤਰੀ ਪਾਣੀਆਂ ’ਚ ਵਪਾਰ ਦੀ ਆਜ਼ਾਦੀ ਲਈ ਪ੍ਰਤੀਬੱਧ: ਰਾਜਨਾਥ
ਨਵੀਂ ਦਿੱਲੀ, 16 ਨਵੰਬਰ
ਦੱਖਣੀ ਚੀਨ ਸਾਗਰ ’ਚ ਚੀਨ ਦੀ ਵੱਧਦੀ ਫੌਜੀ ਤਾਕਤ ਦੀ ਪਿੱਠਭੂਮੀ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਆਲਮੀ ਨਿਯਮਾਂ ਅਨੁਸਾਰ ਕੌਮਾਂਤਰੀ ਜਲ ਖੇਤਰ ’ਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ, ਹਵਾਈ ਖੇਤਰ ’ਚ ਜਹਾਜ਼ਾਂ ਦੀ ਆਵਾਜਾਈ ਅਤੇ ਬੇਰੋਕ ਵੈਧ ਵਪਾਰ ਦੀ ਆਜ਼ਾਦੀ ਲਈ ਪ੍ਰਤੀਬੱਧ ਹੈ।
ਜਕਾਰਤਾ ਵਿੱਚ 10 ਮੈਂਬਰ ਮੁਲਕਾਂ ਵਾਲੇ ਆਸੀਆਨ ਸਮੂਹ ਤੇ ਉਸ ਦੇ ਕੁਝ ਹੋਰ ਭਾਈਵਾਲਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਦੁਨੀਆ ’ਚ ਸਥਾਈ ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣ ਲਈ ਗੱਲਬਾਤ ਤੇ ਕੂਟਨੀਤੀ ਦੇ ਮਹੱਤਵ ਨੂੰ ਵੀ ਉਭਾਰਿਆ ਅਤੇ ਸੰਘਰਸ਼ਾਂ ਦੇ ਨਤੀਜਿਆਂ ’ਤੇ ਚਿੰਤਾ ਜ਼ਾਹਿਰ ਕੀਤੀ।
ਰੱਖਿਆ ਮੰਤਰੀ ਨੇ ਦੁਨੀਆ ਭਰ ’ਚ ਭਾਰਤ ਦੇ ਇਸ ਸੁਨੇਹੇ ਦੀ ਤਸਦੀਕ ਕੀਤੀ ਕਿ ‘ਇਹ ਜੰਗ ਦਾ ਯੁੱਗ ਨਹੀਂ ਹੈ’ ਅਤੇ ਉਨ੍ਹਾਂ ‘ਇੱਕ-ਦੂਜੇ ਪ੍ਰਤੀ ਵਿਰੋਧ’ ਦੀ ਮਾਨਸਿਕਤਾ ਛੱਡਣ ਦੀ ਲੋੜ ਬਾਰੇ ਵੀ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਧੀ (ਯੂਐੱਨਸੀਐੱਲਓਐੱਸ) 1982 ਤਹਿਤ ਕੌਮਾਂਤਰੀ ਕਾਨੂੰਨਾਂ ਅਨੁਸਾਰ ਕੌਮਾਂਤਰੀ ਜਲ ਖੇਤਰ ’ਚ ਸਮੁੰਦਰੀ ਆਵਾਜਾਈ, ਹਵਾਈ ਉਡਾਣ ਤੇ ਬੇਰੋਕ ਵੈਧ ਵਪਾਰ ਦੀ ਆਜ਼ਾਦੀ ਲਈ ਪ੍ਰਤੀਬੱਧ ਹੈ। ਉਨ੍ਹਾਂ ਖਿੱਤੇ ’ਚ ਸ਼ਾਂਤੀ, ਖੁਸ਼ਹਾਲੀ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਆਸੀਆਨ ਤੇ ਉਸ ਦੇ ਸਹਿਯੋਗੀ ਮੁਲਕਾਂ ਨਾਲ ਕੰਮ ਕਰਨ ਦਾ ਭਾਰਤ ਦਾ ਸੰਕਲਪ ਦੁਹਰਾਇਆ ਅਤੇ ਸ਼ਾਂਤੀ ਬਾਰੇ ਉਨ੍ਹਾਂ ਮਹਾਤਮਾ ਗਾਂਧੀ ਦੀ ਮਸ਼ਹੂਰ ਮਿਸਾਲ: ‘ਸ਼ਾਂਤੀ ਦਾ ਕੋਈ ਰਾਹ ਨਹੀਂ ਹੈ, ਸਿਰਫ਼ ਸ਼ਾਂਤੀ ਹੀ ਇੱਕ ਰਾਹ ਹੈ’, ਦਾ ਹਵਾਲਾ ਦਿੱਤਾ। ਇਸੇ ਦੌਰਾਨ ਰੱਖਿਆ ਮੰਤਰੀ ਨੇ ਇੱਥੇ ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨਾਲ ਸੰਖੇਪ ਗੱਲਬਾਤ ਕੀਤੀ ਅਤੇ ਭਾਰਤ-ਅਮਰੀਕਾ ਰਣਨੀਤਕ ਸਬੰਧਾਂ ਤੇ ਵਧੇਰੇ ਸੁਰੱਖਿਅਤ ਸੰਸਾਰ ਦੀ ਦਿਸ਼ਾ ਵਿੱਚ ਸਾਂਝੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਦੇ ਢੰਗਾਂ ’ਤੇ ਵਿਚਾਰ ਚਰਚਾ ਕੀਤੀ। -ਪੀਟੀਆਈ