ਭਾਰਤੀ ਕਿਸਾਨਾਂ ਲਈ ਖ਼ਤਰਾ ਬਣੇ ਅਮਰੀਕੀ ਸੇਬ: ਸੰਧਵਾਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਮਾਰਚ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਮਰੀਕਾ ਵੱਲੋਂ ਬਰਾਬਰ ਟੈਕਸ ਲਾਉਣ ਨਾਲ ਬਣੀ ਸਥਿਤੀ ਦੇ ਮੱਦੇਨਜ਼ਰ ਭਾਰਤ ਵਿੱਚ ਗਲਤ ਢੰਗ ਨਾਲ ਸੇਬਾਂ ਦੀ ਬਰਾਮਦ ਕੀਤੀ ਜਾ ਰਹੀ ਹੈ। ਇਸ ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਕਿਸਾਨਾਂ ਨੂੰ ਗੰਭੀਰ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਅਮਰੀਕਾ ਨਾਲ ਸਾਰੇ ਵਪਾਰਕ ਸਬੰਧਾਂ ਵਿੱਚ ਭਾਰਤੀ ਕਿਸਾਨਾਂ ਦੀ ਰੋਜ਼ੀ-ਰੋਟੀ ਦੀ ਰਾਖੀ ਲਈ ਕਿਸਾਨ-ਪੱਖੀ ਵਪਾਰਕ ਸਮਝੌਤਿਆਂ ਦੀ ਲੋੜ ਹੈ। ਉਨ੍ਹਾਂ ਭਾਰਤੀ ਉਤਪਾਦਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਭੰਡਾਰਨ ਸਹੂਲਤਾਂ ਦੇ ਆਧੁਨਿਕੀਕਰਨ, ਸੁਚਾਰੂ ਆਵਾਜਾਈ ਅਤੇ ਮਾਰਕੀਟ ਪਹੁੰਚ ਦੇ ਨਜ਼ਰੀਏ ਤੋਂ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਇਸ ਮਾਮਲੇ ਵਿੱਚ ਦਖ਼ਲ ਨਹੀਂ ਦਿੰਦੀ ਤਾਂ ਸਾਡੇ ਲਈ ਰੋਜ਼ੀ-ਰੋਟੀ ਦੇ ਨਾਲ-ਨਾਲ ਆਪਣੀ ਪੀੜ੍ਹੀਆਂ ਦੀ ਖੇਤੀਬਾੜੀ ਵਿਰਾਸਤ ਨੂੰ ਗੁਆਉਣ ਦਾ ਖ਼ਤਰਾ ਸਾਹਮਣੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਉਤਪਾਦਾਂ ਦੀ ਸਸਤੀ ਦਰਾਮਦ ਕੁਝ ਵਪਾਰੀਆਂ ਨੂੰ ਲਾਭ ਕਿਸਾਨਾਂ ਦਾ ਜੀਵਨ ਤਬਾਹ ਹੋ ਜਾਵੇਗਾ।