ਭਾਜਪਾ 250 ਮੁਹੱਲਾ ਕਲੀਨਿਕ ਬੰਦ ਕਰ ਰਹੀ ਹੈ: ‘ਆਪ’
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਾਰਚ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੇ ਆਖਿਆ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਚੋਣਾਂ ਦੌਰਾਨ ਮੁਹੱਲਾ ਕਲੀਨਿਕਾਂ ਸਬੰਧੀ ਕੀਤਾ ਗਿਆ ਦਾਅਵਾ ਆਖਰਕਾਰ ਸੱਚ ਸਾਬਤ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਭਾਜਪਾ ਜਿੱਤਦੀ ਹੈ ਤਾਂ ਉਹ ਦਿੱਲੀ ਵਿੱਚ ਚੱਲ ਰਹੇ ਮੁਹੱਲਾ ਕਲੀਨਿਕ ਬੰਦ ਕਰ ਦੇਵੇਗੀ ਤੇ ਦਿੱਲੀ ਵਿੱਚ ਸਰਕਾਰ ਬਣੀ ਨੂੰ ਇੱਕ ਮਹੀਨਾ ਵੀ ਨਹੀਂ ਹੋਇਆ ਤੇ ਭਾਜਪਾ ਨੇ 250 ਮੁਹੱਲਾ ਕਲੀਨਿਕਾਂ ਨੂੰ ਬੰਦ ਕਰਨ ਦਾ ਐਲਾਨ ਕਰਕੇ ‘ਆਪ’ ਕਨਵੀਨਰ ਦੇ ਦਾਅਵੇ ਦੀ ਪੁਸ਼ਟੀ ਕਰ ਦਿੱਤੀ ਹੈ। ਜੈਨ ਨੇ ਭਾਜਪਾ ਦੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜਨਤਾ ਦੀ ਸੇਵਾ ਲਈ 550 ਮੁਹੱਲਾ ਕਲੀਨਿਕ ਖੋਲ੍ਹੇ ਹਨ, ਜਿੱਥੇ ਸਾਰਾ ਇਲਾਜ ਬਿਲਕੁਲ ਮੁਫ਼ਤ ਹੈ। ਭਾਜਪਾ ਇਨ੍ਹਾਂ ਵਿੱਚੋਂ 250 ਮੁਹੱਲਾ ਕਲੀਨਿਕਾਂ ਨੂੰ ਬੰਦ ਕਰਕੇ ਦਿੱਲੀ ਦੇ ਲੋਕਾਂ ਨੂੰ ਸਜ਼ਾ ਦੇਣਾ ਚਾਹੁੰਦੀ ਹੈ, ਜਦਕਿ ਇਸ ਨੂੰ ਹੋਰ ਮੁਹੱਲਾ ਕਲੀਨਿਕ ਖੋਲ੍ਹਣੇ ਚਾਹੀਦੇ ਹਨ। ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਅੱਜ ਪਾਰਟੀ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਵੀਰਵਾਰ ਨੂੰ ਭਾਜਪਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਦਿੱਲੀ ’ਚ 250 ਮੁਹੱਲਾ ਕਲੀਨਿਕ ਬੰਦ ਕਰ ਦਿੱਤੇ ਜਾਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਲੋਕਾਂ ਦੀ ਸੇਵਾ ਲਈ ਦਿੱਲੀ ਦੀਆਂ ਵੱਖ-ਵੱਖ ਥਾਵਾਂ ‘ਤੇ ਮੁਹੱਲਾ ਕਲੀਨਿਕ ਖੋਲ੍ਹੇ ਸਨ। ਹਰ ਮੁਹੱਲਾ ਕਲੀਨਿਕ ਵਿੱਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ, ਜਿੱਥੇ ਡਾਕਟਰ, ਦਵਾਈਆਂ ਅਤੇ ਮੁਫ਼ਤ 365 ਟੈਸਟਾਂ ਦੀ ਸਹੂਲਤ ਉਪਲਬਧ ਹੈ। ਮੁਹੱਲਾ ਕਲੀਨਿਕ ਖੋਲ੍ਹਣ ਪਿੱਛੇ ‘ਆਪ’ ਸਰਕਾਰ ਦਾ ਉਦੇਸ਼ ਲੋਕਾਂ ਨੂੰ ਛੋਟੀਆਂ-ਮੋਟੀਆਂ ਬਿਮਾਰੀਆਂ ਦੇ ਇਲਾਜ ਘਰਾਂ ਦੇ ਨੇੜੇ ਮੁਹੱਈਆ ਕਰਵਾਉਣਾ ਸੀ। ਜੈਨ ਨੇ ਕਿਹਾ, ‘‘ਭਾਜਪਾ ਸਰਕਾਰ ਵੱਲੋਂ 250 ਮੁਹੱਲਾ ਕਲੀਨਿਕ ਬੰਦ ਕਰਨ ਦਾ ਕਦਮ ਦਿੱਲੀ ਦੇ ਲੋਕਾਂ ’ਤੇ ਅੱਤਿਆਚਾਰ ਅਤੇ ਉਨ੍ਹਾਂ ਨਾਲ ਬੇਇਨਸਾਫ਼ੀ ਹੈ। ਭਾਜਪਾ ਇਹ ਗਲਤ ਕਦਮ ਚੁੱਕਣ ਜਾ ਰਹੀ ਹੈ। ਭਾਜਪਾ ਨੂੰ ਦਿੱਲੀ ਦੇ ਅੰਦਰ ਹੋਰ ਮੁਹੱਲਾ ਕਲੀਨਿਕ ਖੋਲ੍ਹਣੇ ਚਾਹੀਦੇ ਹਨ।’’ ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਜਪਾ ਮੁਹੱਲਾ ਕਲੀਨਿਕਾਂ ਦਾ ਨਾਂ ਬਦਲ ਕੇ ਅਰੋਗਿਆ ਮੰਦਰ ਰੱਖ ਰਹੀ ਹੈ ਅਤੇ ਦੂਜੇ ਪਾਸੇ ਇਨ੍ਹਾਂ ਮੰਦਰਾਂ ਨੂੰ ਬੰਦ ਕਰ ਰਹੀ ਹੈ।