ਭਾਜਪਾ ਵਰਕਰਾਂ ਵੱਲੋਂ ਅੰਬੇਡਕਰ ਜੈਅੰਤੀ ਮੌਕੇ ਕੋਰਟ ਕੰਪਲੈਕਸ ਦੀ ਸਫ਼ਾਈ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ 14 ਅਪਰੈਲ
ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਅੱਜ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਅਗਵਾਈ ਹੇਠ ਡਾ: ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੋਰਟ ਕੰਪਲੈਕਸ ਦੀ ਸਫ਼ਾਈ ਕੀਤੀ। ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਭਾਜਪਾ ਵੱਲੋਂ ਸੰਵਿਧਾਨ ਨਿਰਮਾਤਾ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਮਿੰਨੀ ਸਕੱਤਰੇਤ ਵਿੱਖੇ ਡਾ: ਅੰਬੇਦਕਰ ਦੇ ਬੁੱਤ ਤੇ ਫੁੱਲ ਮਾਲਾਵਾ ਭੇਂਟ ਕੀਤੀਆਂ ਗਈਆਂ। ਇਸ ਮੌਕੇ ਭਾਜਪਾ ਦੇ ਸਾਬਕਾ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਸੰਵਿਧਾਨ ਨਿਰਮਾਣ ਵਿੱਚ ਬਾਬਾ ਸਾਹਿਬ ਦੇ ਜੀਵਨ, ਸੰਘਰਸ਼ ਅਤੇ ਯੋਗਦਾਨ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਾਜਪਾ ਅੱਤਵਾਦੀ ਗੁਰਵੰਤ ਸਿੰਘ ਪੰਨੂ ਵੱਲੋਂ ਬਾਬਾ ਸਾਹਿਬ ਬਾਰੇ ਕੀਤੀਆਂ ਜਾ ਰਹੀਆਂ ਅਪਮਾਨਜਨਕ ਟਿੱਪਣੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਰੇਣੂ ਥਾਪਰ, ਗੁਰਦੇਵ ਸ਼ਰਮਾ ਦੇਬੀ, ਜੀਵਨ ਗੁਪਤਾ, ਡਾ. ਸਤੀਸ਼ ਕੁਮਾਰ, ਡਾ. ਡੀਪੀ ਖੋਸਲਾ ਅਤੇ ਐਸਸੀ ਮੋਰਚਾ ਦੇ ਪ੍ਰਧਾਨ ਅਜੈ ਪਾਲ ਸਮੇਤ ਕਈ ਸੀਨੀਅਰ ਵਰਕਰ ਮੌਜੂਦ ਸਨ।