ਭਾਜਪਾ ਨੇ ਹਮੇਸ਼ਾ ਧਰਮ ਤੇ ਜਾਤ ਦੇ ਨਾਮ ’ਤੇ ਲੋਕਾਂ ਨੂੰ ਗੁਮਰਾਹ ਕੀਤਾ: ਸ਼ੈਲਜਾ
ਪ੍ਰਭੂ ਦਿਆਲ
ਸਿਰਸਾ, 15 ਅਪਰੈਲ
ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਧਰਮ, ਜਾਤ ਦੇ ਨਾਮ ’ਤੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਭਾਜਪਾ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਨਾ ਤਾਂ ਲਕਸ਼ਮੀ ਯੋਜਨਾ ਤਹਿਤ ਮਹਿਲਾਵਾਂ ਨੂੰ ਕੋਈ ਸਨਮਾਨ ਮਿਲਿਆ ਤੇ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ। ਉਨ੍ਹਾਂ ਕਿਹਾ ਕਿ ਜਨਤਾ ਭਾਜਪਾ ਨੂੰ ਸੱਤਾ ਸੌਂਪ ਕੇ ਠੱਗਿਆ ਮਹਿਸੂਸ ਕਰ ਰਹੀ ਹੈ। ਉਹ ਅੱਜ ਇਥੇ ਹਿਸਾਰ ਰੋਡ ’ਤੇ ਸਥਿਤ ਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਆਨੰਦ ਸਰੋਵਰ ’ਚ ਕਰਵਾਏ ਗਏ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਤੋਂ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਡਾ. ਵਾਈ.ਕੇ. ਚੌਧਰੀ, ਵੀਰਭਾਨ ਮਹਿਤਾ, ਰਾਜੇਸ਼ ਚਡੀਵਾਲ, ਕ੍ਰਿਸ਼ਨਾ ਫੋਗਾਟ, ਕਰਨ ਚਾਵਲਾ ਆਦਿ ਉਨ੍ਹਾਂ ਨਾਲ ਸਨ।
ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਸ਼ੁਰੂ ਤੋਂ ਹੀ ਲੋਕਾਂ ਨੂੰ ਧਰਮ ਅਤੇ ਜਾਤ ਦੇ ਨਾਮ ’ਤੇ ਵੰਡਦੀ ਆ ਰਹੀ ਹੈ। ਇਹ ਧਰਮ ਅਤੇ ਜਾਤ ਦੇ ਨਾਮ ’ਤੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿੱਚ ਆਈ ਹੈ। ਇਸਨੇ ਝੂਠੇ ਵਾਅਦੇ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਇਹ ਜੁਮਲਾਬਾਜ਼ ਸਰਕਾਰ ਜਨਤਾ ਨਾਲ ਕੀਤੇ ਆਪਣੇ ਕਿਸੇ ਵੀ ਵਾਅਦੇ ਅਤੇ ਮਤੇ ਨੂੰ ਪੂਰਾ ਨਹੀਂ ਕਰ ਸਕੀ। ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਮਹਿਲਾਵਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਬਜਟ ਵਿੱਚ ਇਸਦਾ ਕੋਈ ਜ਼ਿਕਰ ਨਹੀਂ ਹੈ।