ਭਾਜਪਾ ਨੇ ਅੰਬੇਡਕਰ ਦਾ ਬੁੱਤ ਤੋੜਨ ਦੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਫਰਵਰੀ
ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਵਿੱਚ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਦੇ ਮਾਮਲੇ ਦੀ ਜਾਂਚ ਵਾਸਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਛੇ ਮੈਂਬਰੀ ਪੈਨਲ ਬਣਾਇਆ ਗਿਆ ਹੈ। ਇਸ ਪੈਨਲ ਵੱਲੋਂ ਭਲਕੇ ਐਤਵਾਰ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ ਜਾਵੇਗਾ। ਇਹ ਜਾਣਕਾਰੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਦਿੱਤੀ।
ਭਾਜਪਾ ਵੱਲੋਂ ਬਣਾਈ ਗਈ ਛੇ ਮੈਂਬਰੀ ਜਾਂਚ ਕਮੇਟੀ ਵਿੱਚ ਉੱਤਰ ਪ੍ਰਦੇਸ਼ ਤੋਂ ਸਾਬਕਾ ਡੀਜੀਪੀ ਤੇ ਰਾਜਸਭਾ ਮੈਂਬਰ ਬ੍ਰਿਜ ਲਾਲ, ਅਨੁਸੂਚਿਤ ਜਾਤੀ ਮੋਰਚਾ ਦੇ ਕੌਮੀ ਪ੍ਰਧਾਨ ਲਾਲ ਸਿੰਘ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੌਮੀ ਬੁਲਾਰੇ ਗੁਰ ਪ੍ਰਕਾਸ਼ ਪਾਸਵਾਨ, ਉੱਤਰ ਪ੍ਰਦੇਸ਼ ਦੇ ਮੰਤਰੀ ਅਸੀਮ ਅਰੁਣ ਸਿੰਘ ਅਤੇ ਅੰਬਾਲਾ ਤੋਂ ਸ੍ਰਮਤੀ ਬੰਤੋ ਦੇਵੀ ਕਟਾਰੀਆ ਸ਼ਾਮਲ ਹਨ। ਸ੍ਰੀ ਗਿੱਲ ਨੇ ਦੱਸਿਆ ਕਿ ਇਹ ਪੈਨਲ ਭਲਕੇ ਐਤਵਾਰ ਨੂੰ ਘਟਨਾ ਸਥਾਨ ਦਾ ਦੌਰਾ ਕਰੇਗਾ ਅਤੇ ਦੌਰਾ ਕਰਨ ਮਗਰੋਂ ਭਾਜਪਾ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਜਾਵੇਗੀ। ਸਮੁੱਚੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਹ ਪੈਨਲ ਆਪਣੀ ਸਮੁੱਚੀ ਰਿਪੋਰਟ ਭਾਜਪਾ ਲੀਡਰਿਸ਼ਪ ਨੂੰ ਸੌਂਪੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਦੀ ਜਾਂਚ ਲਈ ਛੇ ਮੈਂਬਰੀ ਪੈਨਲ ਨੂੰ ਅੰਮ੍ਰਿਤਸਰ ਭੇਜਣ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਭਾਜਪਾ ਜ਼ਿਲ੍ਹਾ ਪ੍ਰਧਾਨ ਵੱਲੋਂ ਇੱਕ ਮੀਟਿੰਗ ਵੀ ਖੰਨਾ ਸਮਾਰਕ ਵਿਖੇ ਸੱਦੀ ਗਈ ਸੀ। ਇਸ ਵਿੱਚ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਡਾ. ਰਾਮ ਚਾਵਲਾ ਆਦਿ ਮੌਜੂਦ ਸਨ।