ਭਾਜਪਾ ਦਾ ਔਰਤਾਂ ਨੂੰ 2500 ਰੁਪਏ ਦੇਣ ਦਾ ਵਾਅਦਾ ‘ਜੁਮਲਾ’ ਨਿਕਲਿਆ: ਆਤਿਸ਼ੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਾਰਚ
ਕੌਮਾਂਤਰੀ ਮਹਿਲਾ ਦਿਵਸ ’ਤੇ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਦੇਣ ਦੀ ਭਾਜਪਾ ਦੀ ਗਾਰੰਟੀ ਜੁਮਲਾ ਸਾਬਤ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਾਜਪਾ ਦੀ ਨੀਅਤ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ‘ਆਪ’ ਦਾ ਕਹਿਣਾ ਹੈ ਕਿ ਭਾਜਪਾ ਦੀ ਪ੍ਰੇਸ਼ਾਨੀ ਵਾਲੀ ਸਰਕਾਰ ਨੇ ਕਮੇਟੀ ਬਣਾ ਕੇ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਦੇਣ ਦੀ ਸਕੀਮ ਨੂੰ ਰੋਕ ਦਿੱਤਾ ਹੈ। ਮੋਦੀ ਦਾ 8 ਮਾਰਚ ਨੂੰ 2500 ਰੁਪਏ ਦੇਣ ਦਾ ਵਾਅਦਾ ਜੁਮਲਾ ਸਾਬਤ ਹੋਇਆ ਹੈ। ਪ੍ਰਧਾਨ ਮੰਤਰੀ ਦਾ ਦੂਜਾ ਵਾਅਦਾ ਹੋਲੀ-ਦੀਵਾਲੀ ’ਤੇ ਦਿੱਲੀ ਵਾਸੀਆਂ ਨੂੰ 500 ਰੁਪਏ ਵਿੱਚ ਸਿਲੰਡਰ ਅਤੇ ਇੱਕ-ਇੱਕ ਸਿਲੰਡਰ ਮੁਫ਼ਤ ਵਿੱਚ ਦੇਣ ਦਾ ਸੀ। ਪੰਜ ਦਿਨਾਂ ਬਾਅਦ ਹੋਲੀ ਹੈ। ਭਾਜਪਾ ਨੂੰ ਹੋਲੀ ’ਤੇ ਦਿੱਲੀ ਵਾਸੀਆਂ ਨੂੰ ਮੁਫਤ ਸਿਲੰਡਰ ਦੇ ਕੇ ਮੋਦੀ ਜੀ ਦੀ ਦੂਜੀ ਗਾਰੰਟੀ ਪੂਰੀ ਕਰਨੀ ਚਾਹੀਦੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਆਤਿਸ਼ੀ ਦਾ ਕਹਿਣਾ ਹੈ ਕਿ ਮੋਦੀ ਜੀ ਨੇ ਜਾਣਬੁੱਝ ਕੇ 2500 ਰੁਪਏ ਦਾ ਝੂਠ ਬੋਲਿਆ ਅਤੇ ਔਰਤਾਂ ਨਾਲ ਧੋਖਾ ਕੀਤਾ। ਹੁਣ ਦਿੱਲੀ ਸਣੇ ਪੂਰੇ ਦੇਸ਼ ਦੇ ਲੋਕ ਉਨ੍ਹਾਂ ਦੀ ਕਿਸੇ ਵੀ ਗਾਰੰਟੀ ’ਤੇ ਭਰੋਸਾ ਨਹੀਂ ਕਰਨਗੇ। ਆਤਿਸ਼ੀ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਗਾਰੰਟੀ ਇੱਕ ਡਰਾਮੇਬਾਜ਼ੀ ਸਾਬਤ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ 8 ਮਾਰਚ ਨੂੰ ਦਿੱਲੀ ਦੀਆਂ ਸਾਰੀਆਂ ਔਰਤਾਂ ਦੇ ਖਾਤਿਆਂ ਵਿੱਚ 2500 ਰੁਪਏ ਦੀ ਰਕਮ ਪਹੁੰਚ ਜਾਵੇਗੀ। ਉਨ੍ਹਾਂ ਔਰਤਾਂ ਨੂੰ ਕਿਹਾ ਸੀ ਕਿ ਉਹ ਆਪਣੇ ਫੋਨ ਨੰਬਰ ਆਪਣੇ ਬੈਂਕ ਖਾਤਿਆਂ ਨਾਲ ਲਿੰਕ ਕਰ ਲੈਣ, 8 ਮਾਰਚ ਨੂੰ ਉਨ੍ਹਾਂ ਦੇ ਮੋਬਾਈਲ ’ਤੇ ਸੁਨੇਹਾ ਆਵੇਗਾ ਕਿ ਉਨ੍ਹਾਂ ਦੇ ਬੈਂਕ ਖਾਤੇ ਵਿੱਚ 2500 ਰੁਪਏ ਪਹੁੰਚ ਗਏ ਹਨ। ਭਾਜਪਾ ਸਰਕਾਰ ਦੀ ਕੈਬਨਿਟ ਦੀ ਮੀਟਿੰਗ 8 ਮਾਰਚ ਨੂੰ ਹੋਈ ਸੀ। ਇਸ ਵਿੱਚ ਔਰਤਾਂ ਨੂੰ 2500 ਰੁਪਏ ਦੇਣ ਦੀ ਤਾਂ ਦੂਰ ਦੀ ਗੱਲ ਸੀ, ਇਹ ਵੀ ਤੈਅ ਨਹੀਂ ਸੀ ਕਿ ਕੌਣ ਯੋਗ ਹੈ। ਇਹ ਨਹੀਂ ਪਤਾ ਕਿ ਔਰਤਾਂ ਦੀ ਰਜਿਸਟ੍ਰੇਸ਼ਨ ਕਦੋਂ ਸ਼ੁਰੂ ਹੋਵੇਗੀ ਅਤੇ ਰਜਿਸਟ੍ਰੇਸ਼ਨ ਸ਼ੁਰੂ ਕਰਨ ਲਈ ਇੱਕ ਪੰਨੇ ਦੀ ਵੈੱਬਸਾਈਟ ਵੀ ਨਹੀਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਚਾਰ ਮੰਤਰੀਆਂ ਦੀ ਕਮੇਟੀ ਬਣਾਈ ਗਈ ਸੀ। ਹਰ ਕੋਈ ਜਾਣਦਾ ਹੈ ਕਿ ਇਸ ਦੇਸ਼ ਵਿੱਚ ਜਦੋਂ ਕਿਸੇ ਚੀਜ਼ ’ਤੇ ਰੋਕ ਲਗਾਉਣੀ ਹੁੰਦੀ ਹੈ ਤਾਂ ਸਰਕਾਰੀ ਕਮੇਟੀ ਬਣ ਜਾਂਦੀ ਹੈ ਅਤੇ ਭਾਜਪਾ ਨੇ ਵੀ ਅਜਿਹਾ ਹੀ ਕੀਤਾ ਹੈ। ਹਰਿਆਣਾ ਪ੍ਰਦੇਸ਼ ਪ੍ਰਧਾਨ ਸੁਸ਼ੀਲ ਗੁਪਤਾ ਨੇ ਕਿਹਾ ਕਿ ਪੰਜ ਸਾਲ ਬਹੁਤ ਘੱਟ ਸਮਾਂ ਹੁੰਦਾ ਹੈ। ਉਨ੍ਹਾਂ ਐਲਾਨਾਂ ਨੂੰ ਪੂਰਾ ਕਰੋ ਜਿਨ੍ਹਾਂ ਦੇ ਆਧਾਰ ’ਤੇ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣੀ ਸੀ।
ਦਿੱਲੀ ਸਰਕਾਰ ਜਲਦੀ ਪ੍ਰਧਾਨ ਮੰਤਰੀ ਦੀ ਗਾਰੰਟੀ ਨੂੰ ਪੂਰਾ ਕਰੇਗੀ: ਵਰਿੰਦਰ ਸਚਦੇਵਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਕੱਲ੍ਹ ਮਹਿਲਾ ਦਿਵਸ ਮੌਕੇ ਦਿੱਲੀ ਸਰਕਾਰ ਵੱਲੋਂ ਸਾਲ 2025-26 ਦੇ ਬਜਟ ਵਿੱਚ ਔਰਤਾਂ ਦੀ ਸਹਾਇਤਾ ਅਤੇ ਇਸੇ ਤਰ੍ਹਾਂ ਦੀ ਮਹਿਲਾ ਸਮ੍ਰਿਧੀ ਯੋਜਨਾ ਤਹਿਤ 5100 ਕਰੋੜ ਰੁਪਏ ਦੀ ਵਿਵਸਥਾ ਕਰਨ ਦੇ ਨਾਲ-ਨਾਲ ਮਾਣਭੱਤਾ ਵੰਡਣ ਲਈ ਕਮੇਟੀ ਦਾ ਗਠਨ ਕਰਨ ਦੇ ਐਲਾਨ ਤੋਂ ਬਾਅਦ ਪਾਰਟੀ ਦੇ ਨੇਤਾਵਾਂ ਵੱਲੋਂ ਦਿੱਲੀ ਨੂੰ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਵੱਲੋਂ ਕੱਲ੍ਹ 2025-26 ਦੇ ਬਜਟ ਵਿੱਚ ਕੀਤੇ 5100 ਕਰੋੜ ਰੁਪਏ ਦੇ ਉਪਬੰਧ ਤੋਂ ਸਪੱਸ਼ਟ ਹੈ ਕਿ ਭਾਜਪਾ ਸਰਕਾਰ ਜਲਦੀ ਹੀ ਸਮਾਜ ਦੇ ਅਣਗੌਲੇ ਵਰਗ ਦੀਆਂ ਔਰਤਾਂ ਨੂੰ ਸਨਮਾਨ ਰਾਸ਼ੀ ਦੇਣੀ ਸ਼ੁਰੂ ਕਰੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਨੂੰ ਪੂਰਾ ਕਰੇਗੀ। ਸ੍ਰੀ ਸਚਦੇਵਾ ਨੇ ਕਿਹਾ ਹੈ ਕਿ ਪੰਜਾਬ ਤੋਂ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਸੂਚਨਾਵਾਂ ਦੱਸ ਰਹੀਆਂ ਹਨ ਕਿ ਦਿੱਲੀ ਦੀ ਸ੍ਰੀਮਤੀ ਰੇਖਾ ਗੁਪਤਾ ਸਰਕਾਰ ਦੇ ਐਲਾਨ ਤੋਂ ਬਾਅਦ ਹੁਣ ਪੰਜਾਬ ਦੀਆਂ ਔਰਤਾਂ ਪੁੱਛ ਰਹੀਆਂ ਹਨ ਕਿ ਕੇਜਰੀਵਾਲ-ਭਗਵੰਤ ਮਾਨ ਸਰਕਾਰ ਸਾਨੂੰ ਐਲਾਨਿਆ ਮਹਿਲਾ ਭੱਤਾ ਕਦੋਂ ਦੇਵੇਗੀ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਹੈ ਕਿ 37 ਮਹੀਨਿਆਂ ਤੋਂ ਪੰਜਾਬ ਦੀਆਂ ਔਰਤਾਂ ਨੂੰ ਮਹਿਲਾ ਭੱਤੇ ’ਤੇ ਗੁੰਮਰਾਹ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਦੋਹਰੇ ਕਿਰਦਾਰ ਨੂੰ ਹੁਣ ਦੇਸ਼ ਭਰ ਦੀਆਂ ਔਰਤਾਂ ਨੇ ਚੰਗੀ ਤਰ੍ਹਾਂ ਪਛਾਣ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ‘ਆਪ’ ਨੇਤਾ ਸ੍ਰੀਮਤੀ ਆਤਿਸ਼ੀ ਦੇ ਰੋਜ਼ਾਨਾ ਦੇ ਭਾਸ਼ਣਾਂ ਨੂੰ ਦੇਖ ਕੇ, ਦਿੱਲੀ ਦੇ ਲੋਕ ਕਹਿ ਰਹੇ ਹਨ ਕਿ ਮਰਹੂਮ ਲਤਾ ਮੰਗੇਸ਼ਕਰ ਵੱਲੋਂ ਗਾਇਆ ਗਿਆ ਗੀਤ “ਚੋਰੋਂ ਕੋ ਸਾਰੇ ਨਜ਼ਰ ਆਤੇ ਹੈਂ ਚੋਰ” ‘ਆਪ’ ਨੇਤਾਵਾਂ ਖਾਸ ਕਰਕੇ ਸ੍ਰੀਮਤੀ ਆਤਿਸ਼ੀ ਮਾਰਲੇਨਾ ਉਪਰ ਫਿਟ ਬੈਠਦਾ ਹੈ। ਉਨ੍ਹਾਂ ਕਿਹਾ ਕਿ ਜਨਤਾ ਕਹਿ ਰਹੀ ਹੈ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਜਨਤਾ ਨੂੰ ਧੋਖਾ ਦੇਣ ਵਾਲੇ ‘ਆਪ’ ਆਗੂ ਹੁਣ ਭਾਜਪਾ ਦੇ ਸੰਕਲਪ ‘ਤੇ ਸਵਾਲ ਉਠਾ ਰਹੇ ਹਨ।