ਭਾਜਪਾ ਆਗੂਆਂ ਵੱਲੋਂ ਬਜਟ ਲੋਕ ਪੱਖੀ ਕਰਾਰ
ਖੇਤਰੀ ਪ੍ਰਤੀਨਿਧ
ਪਟਿਆਲਾ, 2 ਫਰਵਰੀ
ਕੇਂਦਰ ਸਰਕਾਰ ਵੱਲੋਂ ਪੇਸ਼ ਆਪਣੀ ਤੀਜੀ ਪਾਰੀ ਦੇ ਪਲੇਠੇ ਬਜਟ ਬਾਰੇ ਹੋਰਨਾਂ ਪਾਰਟੀਆਂ ਅਤੇ ਵਰਗਾਂ ਦੀ ਵੱਖਰੀ ਰਾਇ ਹੈ ਪਰ ਹਾਕਮ ਧਿਰ ਭਾਜਪਾ ਨਾਲ ਸਬੰਧਤ ਆਗੂ ਅਤੇ ਵਰਕਰ ਇਸ ਬਜਟ ਨੂੰ ਲੋਕ ਪੱਖੀ ਦੱਸ ਰਹੇ ਹਨ। ਪੰਜਾਬ ਖਾਦੀ ਗਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਸੂਬਾਈ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਇਹ ਕਹਿਣਾ ਵੀ ਵਾਜਬ ਨਹੀਂ ਹੈ ਕਿ ਇਸ ਬਜਟ ’ਚ ਖੇਤੀਬਾੜੀ ਸਬੰਧੀ ਕੁਝ ਨਹੀਂ ਕੀਤਾ ਗਿਆ। ਹਰਵਿੰਦਰ ਹਰਪਾਲਪੁਰ ਆਖਦੇ ਹਨ ਕਿ ਫਸਲੀ ਵਿਭਿੰਨਤਾ ਦੀ ਅਹਿਮ ਮੱਦ ਦੇ ਹਵਾਲੇ ਨਾਲ ਕੇਂਦਰ ਸਰਕਾਰ ਵੱਲੋਂ ਦਾਲ਼ਾਂ ਅਤੇ ਬੀਜਾਂ ਸਬੰਧੀ ਲਿਆ ਫੈਸਲਾ ਅਤੇ ਸਬਸਿਡੀ ਵਾਲੀ ਰਾਸ਼ੀ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰਨ ਵਾਲੀ ਕਾਰਵਾਈ ਵੀ ਸਿੱਧੇ ਤੌਰ ’ਤੇ ਖੇਤੀ ਸੈਕਟਰ ਅਤੇ ਕਿਸਾਨ ਵਰਗ ਨਾਲ ਜੁੜੀ ਹੋਈ ਹੈ। ਇਸ ਨੂੰ ਉਨ੍ਹਾਂ ਸਿੱਧੇ ਤੌਰ ’ਤੇ ਕਿਸਾਨ ਪੱਖੀ ਕਾਰਵਾਈ ਦੱਸਿਆ। ਭਾਜਪਾ ਆਗੂ ਨੇ ਕਿਹਾ ਕਿ 12 ਲੱਖ ਤੱਕ ਦੀ ਆਮਦਨੀ ਨੂੰ ਟੈਕਸ ਮੁਕਤ ਕਰਨਾ ਇਤਿਹਾਸਕ ਫੈਸਲਾ ਹੈ। ਭਾਜਪਾ ਦੇ ਸੂਬਾਈ ਆਗੂ ਜਗਦੀਸ਼ ਜੱਗਾ ਰਾਜਪੁਰਾ, ਭਾਜਪਾ ਦੇ ਦੋ ਜ਼ਿਲ੍ਹਾ ਪ੍ਰਧਾਨਾਂ ਜਸਪਾਲ ਸਿੰਘ ਗਗਰੌਲੀ ਅਤੇ ਹਰਕੇਸ਼ ਗੋਇਲ ਡਕਾਲਾ ਸਮੇਤ ਸੁਰਿੰਦਰ ਖੇੜਕੀ ਨੇ ਵੀ ਵਿਰੋਧੀ ਧਿਰਾਂ ਵੱਲੋਂ ਖੇਤੀ ਲਈ ਕੁਝ ਵੀ ਨਾ ਕੀਤਾ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਉਨ੍ਹਾਂ ਦੀ ਬੁਖਲਾਹਟ ਦੀ ਨਿਸ਼ਾਨੀ ਗਰਦਾਨਿਆ।