ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਮਾਨਸਾ ਦੇ 52 ਪਿੰਡਾਂ ’ਚ ਚੋਣ ਮੁਹਿੰਮ ਮੁਕੰਮਲ
ਜੋਗਿੰਦਰ ਸਿੰਘ ਮਾਨ
ਮਾਨਸਾ, 9 ਜੂਨ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਜਥੇਬੰਦੀ ਦੀ ਨਵੇਂ ਸਿਰੇ ਤੋਂ ਮੈਂਬਰਸ਼ਿਪ ਕੱਟ ਕੇ ਮਾਨਸਾ ਜ਼ਿਲ੍ਹੇ ਵਿੱਚ ਮੁਕੰਮਲ ਕਰਨ ਤੋਂ ਬਾਅਦ ਹੁਣ ਪਿੰਡ ਕਮੇਟੀਆਂ ਦੀਆਂ ਚੋਣਾਂ ਕਰਵਾਉਣ ਦੀ ਮੁਹਿੰਮ ਆਰੰਭ ਦਿੱਤੀ ਹੈ। ਹੁਣ ਤੱਕ ਜ਼ਿਲ੍ਹੇ ਦੇ 52 ਪਿੰਡਾਂ ਵਿੱਚ ਚੋਣ ਮੁਹਿੰਮ ਮੁਕੰਮਲ ਕੀਤੀ ਗਈ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਬਲਾਕ ਮਾਨਸਾ ਦੇ 14 ਪਿੰਡ ਝੁਨੀਰ ਦੇ 11, ਸਰਦੂਲਗੜ੍ਹ ਦੇ 7, ਭੀਖੀ ਦੇ 6, ਬੁਢਲਾਡਾ ਦੇ 14 ਪਿੰਡਾਂ ਵਿੱਚ ਜਥੇਬੰਦੀ ਦੀਆਂ ਕਮੇਟੀਆਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕਿਸਾਨ ਔਰਤਾਂ ਅਤੇ ਨੌਜਵਾਨਾਂ ਵੱਲੋਂ ਜਥੇਬੰਦੀ ਦੀ ਮੈਂਬਰਸ਼ਿਪ ਲਈ ਗਈ ਹੈ, ਜਿਸ ਨਾਲ ਕਿਸਾਨਾਂ ਦੀ ਜਥੇਬੰਦਕ ਤਾਕਤ ਹੋਰ ਵਧੇਗੀ। ਕਿਸਾਨ ਆਗੂ ਨੇ ਦੱਸਿਆ ਕਿ ਪਿੰਡ ਕਮੇਟੀਆਂ ਦੀਆਂ ਚੋਣਾਂ ਸਮੇਂ ਵੱਖ-ਵੱਖ ਪਿੰਡਾਂ ਵਿੱਚ ਹੋਏ ਇਕੱਠਾ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਕਾਰਪੋਰੇਟ ਘਰਾਣਿਆਂ ਦਾ ਪਾਣੀਆਂ ’ਤੇ ਮੁਕੰਮਲ ਕਬਜ਼ਾ ਹੋਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਵੀ ਉਨ੍ਹਾਂ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ ਅਤੇ ਇਸ ਨਾਲ ਬਿਜਲੀ ਦਰਾਂ ਅਸਮਾਨੀ ਚੜ੍ਹਨਗੀਆਂ। ਉਨ੍ਹਾਂ ਕਿਹਾ ਕਿ ਇਸੇ ਨੀਤੀ ਤਹਿਤ ਹੀ ਪ੍ਰੀਪੇਡ ਮੀਟਰ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫਸਲਾਂ ਦੀ ਖਰੀਦ ਬੰਦ ਹੋਵੇਗੀ ਅਤੇ ਕੇਂਦਰ ਸਰਕਾਰ ਵੱਲੋਂ ਜਿਣਸਾਂ ਦੇ ਰੇਟ ਤੈਅ ਕਰਨ ਦੀ ਨੀਤੀ ਦਾ ਭੋਗ ਪਾਇਆ ਜਾਵੇਗਾ, ਕਿਸਾਨਾਂ ਕੋਲੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਕੇ ਕੰਪਨੀਆਂ ਨੂੰ ਲੰਮੇ ਸਮੇਂ ਲਈ ਲੀਜ਼ ’ਤੇ ਦੇਣ ਲਈ ਪੰਜਾਬ ਸਰਕਾਰ ਨੇ ਮੁਹਿੰਮ ਛੇੜ ਰੱਖੀ ਹੈ। ਉਨ੍ਹਾਂ ਕਿਹਾ ਕਿ ਅੱਗੇ ਖੇਤੀ ਦੇ ਪੂਰੇ ਪ੍ਰਬੰਧ ਨੂੰ ਵੱਡੇ ਫਾਰਮਾਂ ਵਿੱਚ ਬਦਲਿਆਂ ਜਾਵੇਗਾ, ਜਿਸ ਨਾਲ ਆਮ ਕਿਸਾਨ ਖੇਤੀ ਵਿੱਚੋਂ ਬਾਹਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਮੀਨਾਂ ਤੇ ਸਰਕਾਰੀ ਅਦਾਰਿਆਂ ਅਤੇ ਪਾਣੀਆਂ ਨੂੰ ਕੰਪਨੀਆਂ ਤੋਂ ਬਚਾਉਣ ਲਈ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਵੀ ਦਿੱਤਾ।