ਭਾਈਚਾਰਕ ਸਾਂਝ ਦੀਆਂ ਮਜ਼ਬੂਤ ਤੰਦਾਂ
ਜਗਦੇਵ ਸ਼ਰਮਾ ਬੁਗਰਾ
ਸਮਾਜ ਵਿੱਚ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਲੀਆਂ ਬਹੁਤ ਸਾਰੀਆਂ ਰਸਮਾਂ-ਰਿਵਾਜ, ਰਹੁ ਰੀਤਾਂ ਹਨ। ਇਹ 50 ਕੁ ਸਾਲ ਪਹਿਲਾਂ ਸਾਡੇ ਸਮਾਜ ਦਾ ਅਟੁੱਟ ਅੰਗ ਹੋਇਆ ਕਰਦੀਆਂ ਸਨ। ਅੱਜ ਸਮੇਂ ਦੇ ਗੇੜ ਨਾਲ ਅਤੇ ਚਹੁੰ ਤਰਫ਼ੀ ਤਰੱਕੀ ਕਾਰਨ ਇਹ ਸਾਡੇ ਚੇਤਿਆਂ ਵਿੱਚੋਂ ਗਾਇਬ ਹੋ ਚੱਲੀਆਂ ਹਨ। ਅਜਿਹੇ ਪ੍ਰਚਲਨ ਦਾ ਕਾਰਨ ਸ਼ਹਿਰੀਕਰਨ ਵੀ ਹੈ।
ਤਰੱਕੀ ਕਾਰਨ ਅੱਜ ਅਸੀਂ ਸਾਰੀਆਂ ਸਹੂਲਤਾਂ ਭਰਪੂਰ ਪੱਕੇ ਮਕਾਨਾਂ ਵਿੱਚ ਰਹਿੰਦੇ ਹਾਂ। ਅੱਜਕੱਲ੍ਹ ਪੰਜਾਬ ਵਿੱਚ ਜ਼ਿਆਦਾਤਰ ਮਕਾਨ ਪੱਕੀਆਂ ਇੱਟਾਂ ਦੇ ਅਤੇ ਲੈਂਟਰ ਵਾਲੀਆਂ ਛੱਤਾਂ ਦੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਘਰ ਨਹੀਂ ਕੋਠੀਆਂ ਕਹਿਣ ਲੱਗ ਪਏ ਹਾਂ। 50-60 ਸਾਲ ਪਹਿਲਾਂ ਪਿੰਡਾਂ ਵਿੱਚ ਮਕਾਨ ਕੱਚੇ ਅਤੇ ਛੱਤਾਂ ਸਰਕੰਡੇ ਦੇ ਕਾਨਿਆਂ ਦੀਆਂ ਬਣੀਆਂ ਹੁੰਦੀਆਂ ਸਨ ਜਿਸ ਦੇ ਉੱਪਰ ਮਿੱਟੀ ਗਾਰਾ ਪਾਇਆ ਹੁੰਦਾ ਸੀ। ਅੱਜਕੱਲ੍ਹ ਮਸ਼ੀਨੀ ਯੁੱਗ ਹੋਣ ਕਾਰਨ ਲੈਂਟਰ ਮਸ਼ੀਨਾਂ ਨਾਲ ਪਾਏ ਜਾਣ ਲੱਗੇ ਹਨ ਜਦੋਂਕਿ ਓਦੋਂ ਚਾਹਾ (ਅੱਜਕੱਲ੍ਹ ਦਾ ਲੈਂਟਰ) ਬੱਠਲਾਂ, ਤਸਲਿਆਂ ਨਾਲ ਪਾਇਆ ਜਾਂਦਾ ਸੀ। ਪੁਰਾਣੀ ਤੂੜੀ ਰਲੇ ਗਾਰੇ ਦੀ ਘਾਣੀ ਤਿਆਰ ਕਰ ਲਈ ਜਾਂਦੀ ਸੀ। ਗਲੀ ਵਿੱਚੋਂ ਘਰ ਘਰ ਦਾ ਇੱਕ ਇੱਕ ਬੰਦਾ ਆਪਣਾ ਆਪਣਾ ਬੱਠਲ ਲੈ ਕੇ ਚਾਹਾ ਪਾਉਣ ਦੇ ਕੰਮ ਵਿੱਚ ਸ਼ਾਮਿਲ ਹੁੰਦਾ ਸੀ। ਦਿਨਾਂ ਦਾ ਕੰਮ ਕੁੱਝ ਹੀ ਘੰਟਿਆਂ ਵਿੱਚ ਰਲ ਮਿਲ ਕੇ ਨਿਬੇੜ ਲਿਆ ਜਾਂਦਾ ਸੀ। ਚਾਹਾ ਪੈ ਜਾਣ ਤੋਂ ਬਾਅਦ ਗਲੀ ਦੇ ਬੱਚਿਆਂ ਨੂੰ ਘਰ ਦਾ ਮਾਲਕ ਗੁੜ ਵੰਡਦਾ ਜਦੋਂਕਿ ਚਾਹਾ ਪਾਉਣ ਵਾਲੇ ਮੁੰਡੇ ਖੁੰਡੇ ਗੁੜ ਦੇ ਨਾਲ ਨਾਲ ਸ਼ਾਮ ਨੂੰ ਘਰ ਦੀ ਕੱਢੀ ਨਾਲ ਗਲਾ ਤਰ ਵੀ ਕਰਦੇ ਸਨ। ਇਹ ਸੀ ਭਾਈਚਾਰਕ ਸਾਂਝ ਦਾ ਇੱਕ ਨਮੂਨਾ।
ਕਣਕ ਦੀ ਫ਼ਸਲ ਜਦੋਂ ਪੱਕ ਜਾਂਦੀ ਤਾਂ ਕਈ ਪਰਿਵਾਰ ਕਿਸੇ ਕਾਰਨ ਫ਼ਸਲ ਨੂੰ ਸਮੇਂ ’ਤੇ ਸਾਂਭਣ ਤੋਂ ਖੁੰਝ ਜਾਂਦੇ। ਪਛੇਤ ਕੱਢਣ ਲਈ ਅਜਿਹਾ ਪਰਿਵਾਰ ਆਪਣੇ ਜਾਣ ਪਹਿਚਾਣ ਦੇ ਪਰਿਵਾਰਾਂ ਵਿੱਚੋਂ ਸਾਰੇ ਨੌਜਵਾਨਾਂ ਨੂੰ ਇੱਕ ਦਿਨ ਵਾਸਤੇ ਇਕੱਠਾ ਕਰਕੇ ਫ਼ਸਲ ਦੀ ਕਟਾਈ ਲਈ ਨਿਉਂਦਾ ਦੇ ਦਿੰਦਾ ਜਿਸ ਨੂੰ ‘ਆਹਵਤ’ ਕਹਿੰਦੇ ਸਨ। ਫ਼ਸਲ ਕੱਟਣ ਵਾਲੇ ਕਿਸੇ ਵੀ ਜੁਆਨ ਨੂੰ ਕੋਈ ਮਿਹਨਤਾਨਾ ਨਹੀਂ ਦਿੱਤਾ ਜਾਂਦਾ ਸੀ। ਹਾਂ! ਵਧੀਆ ਰੋਟੀ ਪਾਣੀ, ਪ੍ਰਸ਼ਾਦ ਨਾਲ ਅਤੇ ਸ਼ਾਮ ਵੇਲੇ ਪਿਆਲੇ ਦੇ ਸ਼ੌਕੀਨਾਂ ਦੀ ਸੇਵਾ ਪਟਿਆਲਾ ਸ਼ਾਹੀ ਨਾਲ ਕੀਤੀ ਜਾਂਦੀ ਸੀ। ਫ਼ਸਲ ਦੀ ਕਟਾਈ/ਸਾਂਭ ਸੰਭਾਲ ਸਮੇਂ ਜੇਕਰ ਕਿਸੇ ਪਰਿਵਾਰ ਵਿੱਚੋਂ ਕੋਈ ਬਜ਼ੁਰਗ ਚੜ੍ਹਾਈ ਕਰ ਜਾਂਦਾ ਜਾਂ ਕੋਈ ਹੋਰ ਅਣਹੋਣੀ ਵਾਪਰ ਜਾਂਦੀ ਤਾਂ ਪਿੰਡ ਦੇ ਚੋਬਰ ਉਸ ਪਰਿਵਾਰ ਦੀ ਫ਼ਸਲ ਸਾਂਭਣ ਦਾ ਜ਼ਿੰਮਾ ਆਪਣੇ ਸਿਰ ਲੈ ਲੈਂਦੇ ਸਨ ਅਤੇ ਪੀੜਤ ਪਰਿਵਾਰ ਬੇਫ਼ਿਕਰ ਹੋ ਕੇ ਆਈ ਬਿਪਤਾ ਨਾਲ ਨਿਪਟ ਲੈਂਦਾ ਸੀ।
ਪੀਣ ਵਾਲੇ ਪਾਣੀ ਦਾ ਨਵਾਂ ਨਲਕਾ ਲਾਉਣ ’ਤੇ ਜਾਂ ਫਿਰ ਖੇਤ ਵਿੱਚ ਬੋਰ ਕਰਵਾਉਣ ਤੋਂ ਪਹਿਲਾਂ ਖੁਆਜ਼ਾ ਪੀਰ ਨੂੰ ਧਿਆਇਆ ਜਾਂਦਾ ਸੀ ਅਤੇ ਸਾਰੇ ਹਾਜ਼ਰੀਨ ਨੂੰ ਮਿੱਠੇ ਚੌਲ ਛਕਾਏ ਜਾਂਦੇ ਸਨ। ਜਦੋਂ ਕਿਸੇ ਦੇ ਘਰ ਵਿਆਹ ਸ਼ਾਦੀ ਹੋਣੀ ਜਾਂ ਕੋਈ ਹੋਰ ਗ਼ਮੀ ਖ਼ੁਸ਼ੀ ਦਾ ਮੌਕਾ ਹੋਣਾ ਤਾਂ ਪਿੰਡ ਦਾ ਹਰ ਘਰ ਸਬੰਧਤ ਘਰ ਵਿੱਚ ਥੋੜ੍ਹੇ ’ਚੋਂ ਥੋੜ੍ਹਾ, ਬਹੁਤੇ ’ਚੋਂ ਬਹੁਤਾ ਦੁੱਧ ਦੇ ਕੇ ਆਉਣਾ ਆਪਣਾ ਫਰਜ਼ ਸਮਝਦਾ ਹੁੰਦਾ ਸੀ। ਵਿਆਹ ਵਾਲਾ ਘਰ ਵੀ ਦੁੱਧ ਦੇਣ ਆਏ ਵਿਅਕਤੀ ਦੇ ਭਾਂਡੇ ਵਿੱਚ ਦੋ ਲੱਡੂ ਪਾਉਣੇ ਨਾ ਭੁੱਲਦਾ। ਪਿੰਡ ਦੀਆਂ ਸੁਆਣੀਆਂ ਵਿਆਹ ਵਾਲੇ ਘਰ ਥਾਲੀ ਵਿੱਚ ਪਾ ਕੇ ਆਟਾ ਗੁੜ ਵੀ ਦੇ ਕੇ ਆਉਂਦੀਆਂ ਸਨ ਜਿਸ ਨੂੰ ਸਾਡੇ ਇਲਾਕੇ ਵਿੱਚ ਮਾਈਆਂ ਕਿਹਾ ਕਰਦੇ ਸਨ। ਕੜਾਹੀ ਚੜ੍ਹੀ ਤੋਂ ਹਲਵਾਈ ਲੱਡੂਆਂ ਦਾ ਘਾਣਾ ਤਿਆਰ ਕਰਕੇ ਆਂਢ ਗੁਆਂਢ ’ਚੋਂ ਬੁਲਾਏ ਮੁੰਡਿਆਂ/ਬਜ਼ੁਰਗਾਂ ਮੂਹਰੇ ਲੱਡੂ ਵੱਟਣ ਲਈ ਧਰ ਦਿੰਦਾ। ਪੂਰੇ ਦਿਨ ਦਾ ਕੰਮ ਭਾਈਚਾਰਾ ਇੱਕ ਅੱਧ ਘੰਟੇ ਵਿੱਚ ਹੀ ਨਿਬੇੜ ਦਿੰਦਾ ਸੀ। ਬਰਾਤ ਦੀ ਸੇਵਾ ਪੂਰੀਆਂ ਨਾਲ ਕੀਤੀ ਜਾਂਦੀ ਸੀ। ਗਲੀ ਦੀਆਂ ਕੁੜੀਆਂ ਬੁੜ੍ਹੀਆਂ ਪੂਰੀਆਂ ਵੇਲਣ ਦਾ ਕੰਮ ਰਲ ਮਿਲ ਕੇ ਕਰਦੀਆਂ। ਬਰਾਤੀਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਗਲੀ ਗੁਆਂਢ ਦੇ ਮੁੰਡਿਆਂ ਦੁਆਰਾ ਹੀ ਨਿਭਾਈ ਜਾਂਦੀ ਸੀ। ਬਰਾਤ ਦੀ ਠਹਿਰਾਅ ਵਾਲੀ ਜਗ੍ਹਾ ਜਿਸ ਨੂੰ ਡੇਰਾ ਕਿਹਾ ਕਰਦੇ ਸਨ, ਉੱਥੇ ਬਰਾਤੀਆਂ ਦੇ ਨਹਾਉਣ ਧੋਣ ਦਾ ਪ੍ਰਬੰਧ ਸਾਰੇ ਪਿੰਡ ਵਾਲੇ ਰਲ ਕੇ ਕਰਦੇ ਸਨ। ਬਰਾਤੀਆਂ ਨੂੰ ਖਾਣਾ ਵਰਤਾਉਣ ਲਈ ਅੱਜਕੱਲ੍ਹ ਵਾਂਗ ਵੇਟਰਾਂ ਦੀ ਲੋੜ ਨਹੀਂ ਸੀ ਪੈਂਦੀ, ਸਗੋਂ ਪਿੰਡ ਦੇ ਹੀ ਗੱਭਰੂ ਜਿਨ੍ਹਾਂ ਨੂੰ ਪ੍ਰੀਹੇ ਕਿਹਾ ਕਰਦੇ ਸਨ, ਪੂਰੀ ਅਦਬ ਨਾਲ ਇਹ ਕੰਮ ਕਰਦੇ। ਸਾਰੇ ਲਾਗੀ ਆਪੋ ਆਪਣੀ ਡਿਊਟੀ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਸਨ। ਕਿੱਤੇ ਦਾ ਮਾਹਿਰ ਲਾਗੀ ਹੀ ਹਲਵਾਈ ਦਾ ਡੰਗ ਸਾਰ ਦਿੰਦਾ ਸੀ।
ਵਿਆਹ ਵੇਲੇ ਵਿਆਹ ਵਾਲੇ ਪਰਿਵਾਰ ਦੇ ਸ਼ਰੀਕੇ ਵਾਲੇ ਅਤੇ ਰਿਸ਼ਤੇਦਾਰ ਨਿਉਂਦਾ ਪਾਉਂਦੇ ਸਨ। ਇੱਥੇ ਨਿਉਂਦੇ ਤੋਂ ਮਤਲਬ ਹੈ ਵਿਆਹ ਵਾਲੇ ਪਰਿਵਾਰ ਦੀ ਆਪੋ ਆਪਣੀ ਸਮਰੱਥਾ ਅਨੁਸਾਰ ਮਾਇਕ ਸਹਾਇਤਾ ਕਰਨਾ। ਇਸ ਨਿਉਂਦੇ ਵਾਲੀ ਪਰੰਪਰਾ ਤੋਂ ਹੀ ਇੱਕੀਆਂ ਦੇ ’ਕੱਤੀ ਪਾਉਣ ਵਾਲਾ ਮੁਹਾਵਰਾ ਬਣਿਆ ਹੋਇਆ ਹੈ। ਨਵੀਂ ਪੀੜ੍ਹੀ ਦੀ ਜਾਣਕਾਰੀ ਲਈ ਦੱਸ ਦੇਣਾ ਚਾਹਾਂਗਾ ਕਿ ਮੰਨ ਲਉ ਵਿਆਹ ਵਾਲਾ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਬੱਚੇ ਦੇ ਵਿਆਹ ਵੇਲੇ ਇੱਕੀ ਰੁਪਏ ਨਿਉਂਦੇ ਵਜੋਂ ਪਾ ਕੇ ਆਇਆ ਸੀ ਤਾਂ ਅੱਜ ਉਹੀ ਪਰਿਵਾਰ ਵਿਆਹ ਵਾਲਿਆਂ ਨੂੰ ਇਕੱਤੀ ਰੁਪਏ ਦੇ ਕੇ ਜਾਵੇਗਾ ਜਿਸ ਦਾ ਮਤਲਬ ਹੈ 10 ਰੁਪਏ ਵਾਧਾ। ਨਿਉਂਦਾ ਲਿਖਣ ਵਾਲਾ ਲਿਖਦਾ, ‘ਫਲਾਣਾ ਸਿੰਘ ਇਕੱਤੀ ਰੁਪਏ, 10 ਰੁਪਏ ਵਾਧਾ।’ ਵਿਆਹ ਵਾਲੇ ਪਰਿਵਾਰ ਨਾਲ ਆਰਥਿਕ ਬੋਝ ਵੰਡਾਉਣ ਦੀ ਇਹ ਕਿੰਨੀ ਸੋਹਣੀ ਭਾਈਚਾਰਕ ਰੀਤ ਸੀ। ਨਿਉਂਦਾ ਲਿਖਣ ਦਾ ਕੰਮ ਆਮ ਤੌਰ ’ਤੇ ਪਿੰਡ ਵਿਚਲਾ ਹਟਵਾਣੀਆਂ ਹੀ ਕਰਦਾ ਹੁੰਦਾ ਸੀ। ਨਿਉਂਦੇ ਲਿਖਣ ਦਾ ਕੰਮ ਮੁਕਾ ਲੈਣ ਤੋਂ ਬਾਅਦ ਲਿਖਣ ਵਾਲੇ ਨੂੰ ਦੋ ਲੱਡੂਆਂ ਨਾਲ ਇੱਕ ਦੋ ਰੁਪਏ ਦੇ ਕੇ ਰੁਖ਼ਸਤ ਕੀਤੇ ਜਾਣ ਦਾ ਰਿਵਾਜ ਸੀ।
ਵਿਆਹ ਨਾਲ ਹੀ ਸਬੰਧਤ ਇੱਕ ਹੋਰ ਰਸਮ ਵਿਆਹ ਦੀ ਚਿੱਠੀ ਭੇਜਣਾ ਸੀ। ਕੁੜੀ ਵਾਲਿਆਂ ਵੱਲੋਂ ਪਿੰਡ ਦਾ ਕੋਈ ਲਾਗੀ ਵਿਆਹ ਵਾਲੀ ਚਿੱਠੀ ਮੁੰਡੇ ਵਾਲਿਆਂ ਦੇ ਘਰ ਦੇਣ ਜਾਂਦਾ ਹੁੰਦਾ ਸੀ। ਅੱਗਿਓਂ ਮੁੰਡੇ ਵਾਲੇ ਚਿੱਠੀ ਦੇਣ ਆਏ ਲਾਗੀ ਨੂੰ ਨਗਦ ਪੈਸੇ ਅਤੇ ਖੇਸ-ਖੇਸੀ ਆਦਿ ਦੇ ਕੇ ਉਸ ਦਾ ਮਾਣ ਤਾਣ ਕਰਦੇ ਸਨ। ਘਰ ਵਿਆਹ ਵਾਲੀ ਚਿੱਠੀ ਆਉਣ ’ਤੇ ਸ਼ਰੀਕੇ ਦੇ ਪਰਿਵਾਰਾਂ ਨੂੰ ਬੁਲਾਇਆ ਜਾਂਦਾ ਸੀ। ਇੱਕ ਪੜ੍ਹਾਕੂ ਜਾਂ ਜ਼ਿਆਦਾਤਰ ਪਿੰਡ ਦਾ ਉਹੀ ਹਟਵਾਣੀਆਂ ਹੀ ਚਿੱਠੀ ਪੜ੍ਹ ਕੇ ਸੁਣਾਉਂਦਾ। ਘਰ ਦਾ ਮਾਲਕ ਚਿੱਠੀ ਪੜ੍ਹ ਲੈਣ ਤੋਂ ਬਾਅਦ ਚਿੱਠੀ ਫੜ ਕੇ ਮੱਥੇ ਨੂੰ ਲਾਉਂਦਾ ਅਤੇ ਚਿੱਠੀ ਪੜ੍ਹਨ ਵਾਲੇ ਨੂੰ ਸਨਮਾਨ ਵਜੋਂ ਇੱਕ ਦੋ ਰੁਪਏ ਜ਼ਰੂਰ ਦਿੱਤੇ ਜਾਂਦੇ ਸਨ।
ਵਿਆਹ ਕੇ ਲਿਆਂਦੀ ਗਈ ਨਵੀਂ ਨਵੇਲੀ ਬਹੂ ਨਾਲ ਸਬੰਧਤ ਇੱਕ ਰਸਮ ਹੁੰਦੀ ਸੀ ਮੂੰਹ ਦਿਖਾਈ। ਆਂਢ ਗੁਆਂਢ ’ਚੋਂ ਮੁੰਡੇ ਦੀਆਂ ਚਾਚੀਆਂ, ਤਾਈਆਂ ਲੱਗਦੀਆਂ ਬੁੜ੍ਹੀਆਂ ਨਾਲੇ ਨਵੀਂ ਬਹੂ ਦਾ ਮੂੰਹ ਦੇਖਦੀਆਂ, ਨਾਲੇ ਸ਼ਗਨ ਵਜੋਂ ਬਹੂ ਨੂੰ ਇੱਕ ਦੋ ਰੁਪਏ ਵੀ ਦਿੰਦੀਆਂ ਸਨ। ਜਾਣ ਪਹਿਚਾਣ ਕਰਨ ਕਰਵਾਉਣ ਦਾ ਇਹ ਇੱਕ ਨਾਯਾਬ ਤਰੀਕਾ ਹੁੰਦਾ ਸੀ।
ਵਿਆਹ ਦੀਆਂ ਚਿੱਠੀਆਂ ਵੰਡੀਆਂ ਗਈਆਂ, ਦੁੱਧ ਮੁਫ਼ਤੋ ਮੁਫ਼ਤੀ ਆ ਗਿਆ, ਹਲਵਾਈ ਬੁੱਕ ਨਹੀਂ ਕਰਨਾ ਪਿਆ, ਲੱਡੂ ਵੱਟੇ ਗਏ, ਪੂਰੀਆਂ ਵੇਲੀਆਂ ਗਈਆਂ, ਵੇਟਰਾਂ ਦੀ ਲੋੜ ਨਹੀਂ ਪਈ, ਪਿੰਡ ਦੀ ਧਰਮਸ਼ਾਲਾ ਨੇ ਪੈਲੇਸ ਦਾ ਕੰਮ ਸਾਰ ਦਿੱਤਾ, ਭਾਂਡਿਆਂ ਦੀ ਵੇਲ ਪਿੰਡ ਵਿੱਚੋਂ ਹੀ ਉਪਲੱਬਧ ਹੋ ਗਈ, ਮੰਜੇ ਬਿਸਤਰੇ ਆਂਢ ਗੁਆਂਢ ’ਚੋਂ ਇਕੱਠੇ ਕਰ ਲਏ, ਨਿਉਂਦੇ ਕੋਕੇ ਨੇ ਮਾਇਕ ਸਹਾਇਤਾ ਵੀ ਕਰ ਦਿੱਤੀ, ਸੀਧਾ ਪੱਤਾ ਪਿੰਡ ਵਾਲੇ ਦੇ ਗਏ। ਇਸ ਤਰ੍ਹਾਂ ਵਿਆਹ ਹੋ ਗਿਆ। ਪਰਿਵਾਰ ਨੇ ਤਾਂ ਸਿਰਫ਼ ਪ੍ਰਬੰਧ ਦੀ ਦੇਖ ਰੇਖ ਹੀ ਕੀਤੀ। ਭਾਈਚਾਰਕ ਸਾਂਝ ਦੀਆਂ ਮਜ਼ਬੂਤ ਤੰਦਾਂ ਦੀ ਇਸ ਤੋਂ ਵਧੀਆ ਹੋਰ ਕੀ ਮਿਸਾਲ ਹੋ ਸਕਦੀ ਹੈ। ਨਾ ਹਿੰਗ ਲੱਗੀ ਨਾ ਫਟਕੜੀ, ਰੰਗ ਚੋਖਾ।
ਧੀਆਂ ਧਿਆਣੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਸਨ। ਗ਼ਰੀਬ ਗੁਰਬੇ ਦੀ ਧੀ-ਭੈਣ ਦੇ ਵਿਆਹ ਵੇਲੇ ਪਿੰਡ ਦੇ ਸਮਰੱਥਾਵਾਨ ਵਿਅਕਤੀ ਉਸ ਦੀ ਹਰ ਪੱਖੋਂ ਸਹਾਇਤਾ ਕਰਦੇ। ਕਈ ਰੱਜਦੇ ਖਾਂਦੇ ਪਰਿਵਾਰ ਅਜਿਹੇ ਗ਼ਰੀਬ ਦੀ ਧੀ ਨੂੰ ਵਿਆਹੁਣ ਆਈ ਬਰਾਤ ਨੂੰ ਆਪਣੇ ਘਰ ਇੱਕ ਡੰਗ ਦਾ ਆਲੀਸ਼ਾਨ ਖਾਣਾ ਵੀ ਖਾਵਾਉਂਦੇ ਹੁੰਦੇ ਸਨ। ਇਹ ਹੈ ਭਾਈਚਾਰਕ ਸਾਂਝ ਦੀ ਇੱਕ ਹੋਰ ਖ਼ੂਬਸੂਰਤ ਉਦਾਹਰਨ। ਰੁਪਈਏ ਪੈਸੇ ਦਾ ਚੱਲਣ ਬਹੁਤ ਘੱਟ ਸੀ। ਪੈਸਿਆਂ ਦੀ ਲੋੜ ਓਦੋਂ ਹੀ ਪੈਂਦੀ ਸੀ ਜਦੋਂ ਕਿਸੇ ਜਵਾਈ ਭਾਈ ਦੇ ਹੱਥ ’ਤੇ ਰੁਪਈਆ ਧੇਲਾ ਧਰਨਾ ਹੁੰਦਾ ਸੀ। ਜ਼ਿਆਦਾਤਰ ਲੈਣਦੇਣ ਵਟਾਂਦਰਾ/ ਤਬਾਦਲਾ (ਬਾਰਟਰ) ਸਿਸਟਮ ਤਹਿਤ ਹੀ ਹੁੰਦਾ ਸੀ। ਹੱਟੀ ਭੱਠੀ ਖਾਰੀ ਵਾਲੇ ਨੂੰ ਦਾਣੇ ਦੇ ਕੇ ਵਸਤੂ ਲੈ ਲਈ ਜਾਂਦੀ ਸੀ।
ਧਰਮ ਦੇ ਠੇਕੇਦਾਰਾਂ ਨੇ ਕਿੱਤਾਕਾਰਾਂ ਨੂੰ ਕੰਮ ਉਨ੍ਹਾਂ ਦੀ ਜਾਤ ਧਰਮ ਦੇ ਆਧਾਰ ’ਤੇ ਵੰਡੇ ਹੋਏ ਸਨ। ਕੋਈ ਲੋਹਾਰਾ ਤਰਖਾਣਾ ਕੰਮ ਕਰਦਾ, ਕੋਈ ਸਾਰੇ ਪਿੰਡ ਵਾਸੀਆਂ ਨੂੰ ਮਿੱਟੀ ਦੇ ਭਾਂਡੇ, ਘੜੇ, ਬਠਲੀਆਂ, ਤਪਲੇ ਆਦਿ ਬਣਾ ਕੇ ਸਪਲਾਈ ਕਰਦਾ ਅਤੇ ਕੋਈ ਹੋਰ ਖੇਤਾਂ ਵਿੱਚ/ ਫ਼ਸਲ ਦੇ ਪਿੜ ਵਿੱਚ ਕੰਮ ਵਾਲੇ ਥਾਂ ’ਤੇ ਹੀ ਪੀਣ ਵਾਲੇ ਪਾਣੀ ਦੀ ਸੁਵਿਧਾ ਮਸਕ ਰਾਹੀਂ ਉਪਲੱਬਧ ਕਰਵਾਉਂਦਾ ਆਦਿ। ਸਾਰੇ ਹੀ ਕਿੱਤਾਕਾਰਾਂ ਨੂੰ ਉਨ੍ਹਾਂ ਦੀ ਕਿਰਤ ਦਾ ਭੁਗਤਾਨ ਤੁਰਤ ਫੁਰਤ ਰੁਪਏ ਪੈਸੇ ਨਾਲ ਨਹੀਂ ਸੀ ਕੀਤਾ ਜਾਂਦਾ ਸਗੋਂ ਹਰ ਛੇ ਮਹੀਨੇ ਬਾਅਦ ਫ਼ਸਲ ਆਉਣ ’ਤੇ ਦਾਣੇ ਦਿੱਤੇ ਜਾਂਦੇ ਸਨ ਜਿਸ ਨੂੰ ਸੇਪੀ ਕਹਿੰਦੇ ਸਨ। ਵੱਡੇ ਲਾਣੇ ਵਾਲਾ ਵੱਧ ਦਾਣੇ ਦਿੰਦਾ ਅਤੇ ਛੋਟੇ ਪਰਿਵਾਰ ਕੁੱਝ ਘੱਟ। ਮੈਂ ਕਦੇ ਅਜਿਹੇ ਲੈਣ ਦੇਣ ਵੇਲੇ ਕੋਈ ਰੌਲਾ ਪੈਂਦਾ ਨਹੀਂ ਦੇਖਿਆ ਸੀ। ਇਸ ਵਰਤਾਰੇ ਨਾਲ ਸਾਰੇ ਪਿੰਡ ਦੀ ਇੱਕ ਭਾਈਚਾਰਕ ਸਾਂਝ ਬਣੀ ਰਹਿੰਦੀ ਸੀ।
ਉਪਰੋਕਤ ਅਨੁਸਾਰ ਹੀ ਖੇਤੀ ਦੇ ਕੰਮ ਵਿੱਚ ਸੀਰੀ ਰਲਣ ਰਲਾਉਣ ਦੀ ਰੀਤ ਪ੍ਰਚੱਲਿਤ ਸੀ। ਜੱਟ ਅਤੇ ਸੀਰੀ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਹੁੰਦੇ ਸਨ। ਏਸੇ ਰਿਸ਼ਤੇ ਨੂੰ ਦਰਸਾਉਂਦੀਆਂ ਹਨ ਮਸ਼ਹੂਰ ਕਵੀ ਸੰਤ ਰਾਮ ਉਦਾਸੀ ਦੀ ਕਵਿਤਾ ਦੀਆਂ ਆਹ ਸਦਾਬਹਾਰ ਸਤਰਾਂ;
ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ
ਬੋਹਲ਼ ਵਿੱਚੋਂ ਨੀਰ ਵਗਿਆ।
ਕਿਉਂਕਿ ਨੁਕਸਾਨ ਦੋਹਾਂ ਦਾ ਹੀ ਹੋਇਆ ਹੁੰਦਾ ਸੀ। ਸੀਰੀ ਨੂੰ ਕੁੱਲ ਫ਼ਸਲ ਵਿੱਚੋਂ ਤਹਿਸ਼ੁਦਾ ਹਿੱਸਾ ਦਿੱਤਾ ਜਾਂਦਾ ਸੀ। ਪੰਜਵੇਂ ਹਿੱਸੇ ’ਤੇ ਰਲੇ ਸੀਰੀ ਨੂੰ ਦਸ ਸੇਰ ਮੂੰਗੀ ਵਿੱਚੋਂ ਦੋ ਸੇਰ ਮੂੰਗੀ ਵੀ ਮਿਲਦੀ ਸੀ। ਛਿਮਾਹੀ ਦੇ ਅੰਤ ’ਤੇ ਸੀਰੀ ਦੇ ਹਿੱਸੇ ਦੀ ਫ਼ਸਲ, ਦਾਣੇ, ਤੂੜੀ ਵਗੈਰਾ ਜੱਟ ਖ਼ੁਦ ਗੱਡੇ ’ਤੇ ਸੀਰੀ ਦੇ ਘਰ ਛੱਡ ਕੇ ਆਉਂਦੇ ਸਨ। ਇਹ ਸੀ ਅਪਣੱਤ ਦੀ ਨਿਸ਼ਾਨੀ। ਹੁਣ ਵਾਂਗ ਨਹੀਂ ਕਿ ਫ਼ਸਲ ਬੀਜਣ ਤੋਂ ਵੱਢਣ/ ਸਾਂਭਣ ਤੱਕ ਦਾ ਕੰਮ ਪੈਸਿਆਂ ਵੱਟੇ ਹੀ ਕੀਤਾ ਜਾਂਦਾ ਹੈ, ਉਹ ਵੀ ਨਗਦੋ ਨਗਦੀ। ਮਸ਼ੀਨੀਕਰਨ ਨੇ ਇਸ ਭਾਈਚਾਰੇ ਨੂੰ ਵੱਡੀ ਸੱਟ ਮਾਰੀ ਹੈ।
ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਪਿੜ ਵਿੱਚ ਦਾਣੇ ਕੱਢ ਕੇ ਬੋਹਲ਼ (ਦਾਣਿਆਂ ਦਾ ਢੇਰ) ਲਾ ਲਿਆ ਜਾਂਦਾ ਸੀ। ਹੁਣ ਸਮੱਸਿਆ ਹੁੰਦੀ ਸੀ ਇਸ ਬੋਹਲ਼ ਨੂੰ ਤੋਲਣ ਦੀ। ਹਰੇਕ ਪਿੰਡ ਵਿੱਚ ਦੋ ਚਾਰ ਤੋਲੇ (ਤੋਲਣ ਵਾਲੇ) ਹੁੰਦੇ ਸਨ ਜਿਨ੍ਹਾਂ ਦੀਆਂ ਸੇਵਾਵਾਂ ਅਜਿਹੇ ਮੌਕੇ ਲਈਆਂ ਜਾਂਦੀਆਂ ਸਨ। ਤੋਲਾ ਧਿਆਨ ਕੇਂਦਰਿਤ ਕਰਕੇ ਧੜੀਆਂ ਭਰਦਾ ਅਤੇ ਕਦੇ ਨਾ ਭੁੱਲਦਾ। ਸਾਰੇ ਦਾਣੇ ਤੋਲ ਲੈਣ ਤੋਂ ਬਾਅਦ ਤੋਲਣ ਵਾਲੇ ਨੂੰ ਮਿਹਨਤਾਨੇ ਦੇ ਤੌਰ ’ਤੇ ਦਾਣੇ ਦੇ ਕੇ ਭੇਜਿਆ ਜਾਂਦਾ ਸੀ। ਇਸ ਤਰ੍ਹਾਂ ਦੀ ਸੀ ਪਿੰਡਾਂ ਵਿੱਚ ਹਰ ਇੱਕ ਨੂੰ ਉਸ ਦੀ ਲਿਆਕਤ ਅਨੁਸਾਰ ਕੰਮ ਮਿਲਣ ਦੀ ਵਿਵਸਥਾ।
ਜ਼ਮਾਨੇ ਭਲੇ ਸਨ। ਕਿਸੇ ਇੱਕ ਪਰਿਵਾਰ ਦਾ ਦੁੱਖ ਸਾਰੇ ਪਿੰਡ ਦਾ ਦੁੱਖ ਹੁੰਦਾ ਸੀ। ਕਿਸੇ ਦੇ ਘਰ ਨੌਜਵਾਨ ਦੀ ਮੌਤ ਹੋ ਜਾਣ ਵੇਲੇ ਸਾਰੇ ਪਿੰਡ ਵਿੱਚ ਕਿਸੇ ਦੇ ਵੀ ਘਰ ਚੁੱਲ੍ਹਾ ਨਾ ਬਲਦਾ। ਇੱਕ ਪਰਿਵਾਰ ਦੇ ਕਿਸੇ ਬੱਚੇ ਬੱਚੀ ਨੂੰ ਮਿਲੇ ਮਾਨ ਸਨਮਾਨ ਵੇਲੇ ਸਾਰਾ ਪਿੰਡ ਨੱਚ ਨੱਚ ਕੇ ਧਮਾਲਾਂ ਪਾ ਰਿਹਾ ਹੁੰਦਾ ਸੀ। ਜਾਤ, ਧਰਮ, ਊਚ-ਨੀਚ, ਅਮੀਰੀ-ਗ਼ਰੀਬੀ ਤੋਂ ਪਰੇ ਪਿੰਡ ਦਾ ਹਰ ਕੋਈ, ਹਰ ਕਿਸੇ ਦਾ ਕੁੱਝ ਨਾ ਕੁੱਝ ਲੱਗਦਾ ਹੁੰਦਾ ਸੀ। ਮਸ਼ੀਨੀਕਰਨ, ਸ਼ਹਿਰੀਕਰਨ ਅਤੇ ਕਥਿਤ ਤਰੱਕੀ ਨੇ ਇਸ ਭਾਈਚਾਰਕ ਸਾਂਝ ਨੂੰ ਨਾ ਪੂਰਾ ਹੋਣ ਵਾਲਾ ਖੋਰਾ ਲਾਇਆ ਹੈ।
ਸੰਪਰਕ: 98727-87243