ਭਲਕੇ ਝੰਡਾ ਮਾਰਚ ਰਾਹੀਂ ਖੋਲ੍ਹਾਂਗੇ ਸਰਕਾਰੀ ਲਾਰਿਆਂ ਦੀ ਪੋਲ: ਬਿਲਗਾ
ਪੱਤਰ ਪ੍ਰੇਰਕ
ਪਾਇਲ, 10 ਜੂਨ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਇੱਕ ਅਹਿਮ ਮੀਟਿੰਗ ਬਲਾਕ ਕਨਵੀਨਰ ਪਾਲ ਸਿੰਘ ਬੈਨੀਪਾਲ ਰੌਣੀ ਅਤੇ ਹਰਵਿੰਦਰ ਸਿੰਘ ਬਿਲਗਾ ਸੂਬਾ ਪ੍ਰਧਾਨ ਬੀਐਡ ਅਧਿਆਪਕ ਫਰੰਟ ਪੰਜਾਬ ਦੀ ਅਗਵਾਈ ਹੇਠ ਈਸੜੂ ਵਿਖੇ ਹੋਈ। ਇਸ ਮੌਕੇ ਇੰਦਰਜੀਤ ਸਿੰਗਲਾ ਤੇ ਰਾਜਵਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਹੁਣ ਤੱਕ ਸਰਕਾਰ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ। ਸਰਕਾਰ ਨੇ ਨਵੰਬਰ 2022 ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜੋ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਹੁਣ ਜਥੇਬੰਦੀ ਤਿੱਖੇ ਸੰਘਰਸ਼ ਦੇ ਰੋਹ ਵਿੱਚ ਹੈ, ਜਿਸ ਦੀ ਸ਼ੁਰੂਆਤ 12 ਜੂਨ ਨੂੰ ਲੁਧਿਆਣੇ ਤੋਂ ਕੀਤੀ ਜਾਵੇਗੀ, ਜਿਥੇ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਹੈ।
ਇਸ ਐਕਸ਼ਨ ਤਹਿਤ ਪੂਰੇ ਪੰਜਾਬ ਤੋਂ ਹਜ਼ਾਰਾਂ ਮੁਲਾਜ਼ਮ ਲੁਧਿਆਣਾ ਵਿੱਚ ਵਿਸ਼ਾਲ ਝੰਡਾ ਮਾਰਚ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੋਲ ਖੋਲ੍ਹਣਗੇ। ਜੇਕਰ ਸਰਕਾਰ ਨੇ ਜਲਦੀ ਹੀ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਸਮੇਤ ਮੁੱਖ ਮੰਤਰੀ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਆਉਣ ’ਤੇ ਪ੍ਰਸ਼ਨ ਪੁੱਛੇ ਜਾਣਗੇ ਅਤੇ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਐਕਸ਼ਨ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਨਾਲ ਸੀਪੀਐਫ ਯੂਨੀਅਨ ਪੰਜਾਬ ਵੀ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰੇਗੀ ਅਤੇ ਬਾਕੀ ਭਰਾਤਰੀ ਜਥੇਬੰਦੀਆਂ ਵੀ ਇਸ ਸੰਘਰਸ਼ ਵਿੱਚ ਹੁੰਮ ਹੁੰਮਾ ਕੇ ਪਹੁੰਚਣਗੀਆਂ।
ਇਸ ਮੌਕੇ ਸਤਨਾਮ ਸਿੰਘ, ਬੇਅੰਤ ਸਿੰਘ ਫਤਿਹਪੁਰ, ਬਲਵੀਰ ਸਿੰਘ, ਰੁਪਿੰਦਰ ਸਿੰਘ, ਨਿਰਭੈ ਸਿੰਘ, ਹਰਭਗਤ ਸਿੰਘ ਤੁਰਮਰੀ, ਰਾਕੇਸ਼ ਖੰਨਾ, ਨਾਇਬ ਸਿੰਘ ਤੁਰਮਰੀ, ਕੁਲਵਿੰਦਰ ਖੰਨਾ, ਸੁਰਜੀਤ ਸਿੰਘ ਸੇਹ, ਪਰਗਟ ਸਿੰਘ ਨੌਹਰਾ, ਮਨਦੀਪ ਸਿੰਘ ਜਰਗੜੀ, ਗੁਰਪ੍ਰੀਤ ਸਿੰਘ ਗਿੱਲ, ਸਰਬਣ ਸਿੰਘ ਦੀਵਾ, ਅਮਨਦੀਪ ਸਿੰਘ ਜਲਾਜਣ, ਧਰਮਿੰਦਰ ਸਿੰਘ ਚਕੋਹੀ, ਜਗਤਾਰ ਸਿੰਘ ਹੋਲ, ਰਾਜਵੀਰ ਸਿੰਘ ਈਸੜੂ, ਰਵਿੰਦਰ ਸਿੰਘ ਡੀ.ਪੀ, ਦਵਿੰਦਰ ਖੰਨਾ ਤੇ ਹੋਰ ਹਾਜ਼ਰ ਸਨ।