ਭਰਵੇਂ ਮੀਂਹ ਕਾਰਨ ਜਲੰਧਰ ’ਚ ਜਲ-ਥਲ
ਹਤਿੰਦਰ ਮਹਿਤਾ
ਜਲੰਧਰ, 29 ਜੂਨ
ਖੇਤਰ ਵਿੱਚ ਪਏ ਭਰਵੇਂ ਮੀਂਹ ਕਾਰਨ ਸਥਾਨਕ ਸ਼ਹਿਰ ਜਲ-ਥਲ ਹੋ ਗਿਆ। ਇਸ ਦੌਰਾਨ ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ’ਚ ਵਿਘਨ ਪਿਆ। ਮੀਂਹ ਨਾਲ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਲੋਕਾਂ ਦੀਆਂ ਸਮੱਸਿਆਵਾਂ ਵੀ ਵਧੀਆਂ ਹਨ। ਜਾਣਕਾਰੀ ਅਨੁਸਾਰ ਇੱਥੋਂ ਦੇ ਡੀਸੀ ਦਫ਼ਤਰ ਵਾਲੀ ਸੜਕ ’ਤੇ ਦਰੱਖਤ ਡਿੱਗਣ ਕਾਰਨ ਜਿੱਥੇ ਸਾਰਾ ਦਿਨ ਆਵਾਜਾਈ ਪ੍ਰਭਾਵਿਤ ਰਹੀ ਉਥੇ ਤਾਰਾਂ ਟੁੱਟਣ ਕਾਰਨ ਬਿਜਲੀ ਸਪਲਾਈ ’ਤੇ ਵੀ ਅਸਰ ਪਿਆ। ਖਬਰ ਲਿਖੇ ਜਾਣ ਤੱਕ ਨਿਗਮ ਮੁਲਾਜ਼ਮ ਦਰੱਖ਼ਤ ਹਟਾਉਣ ’ਚ ਜੁਟੇ ਹੋਏ ਸਨ। ਇਸ ਤੋਂ ਇਲਾਵਾ ਮੁੱਖ ਮਾਰਗ ’ਤੇ ਪੀਏਪੀ ਚੌਕ ਤੋਂ ਰਾਮਾਮੰਡੀ, ਕਾਕੀ ਪਿੰਡ, ਭੂਰ ਮੰਡੀ, ਲਾਡੋਵਾਲ ਰੋਡ, ਨਵੀਂ ਸਬਜੀ ਮੰਡੀ, ਰੈਣਕ ਬਾਜ਼ਾਰ, ਜੋਤੀ ਚੌਕ, ਮਾਈ ਹੀਰਾ ਗੇਟ ਸਮੇਤ ਹੋਰ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਵਿਚ ਵਿਘਨ ਪਿਆ ਹੈ ਤੇ ਕਈ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਮੀਂਹ ਦੌਰਾਨ ਸ਼ਹਿਰ ਦੇ ਦਮੋਰੀਆ ਪੁਲ ’ਤੇ ਸਟਰੀਟ ਲਾਈਟਾਂ ਦੇ ਖੰਭਿਆਂ ਨਾਲ ਲਟਕਦੀਆਂ ਬਿਜਲੀ ਦੀਆਂ ਤਾਰਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ।
ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਵਾਲੇ ਸਭ ਤੋਂ ਵਿਅਸਤ ਰੂਟਾਂ ਵਿੱਚੋਂ ਇੱਕ ਫਲਾਈਓਵਰ ਇੱਕ ਜੋਖਮ ਭਰੇ ਰਸਤੇ ਵਿੱਚ ਬਦਲ ਗਿਆ ਹੈ ਕਿਉਂਕਿ ਇਸ ਦੇ ਨਾਲ-ਨਾਲ ਕਈ ਬਿਜਲੀ ਦੇ ਖੰਭਿਆਂ ’ਤੇ ਖੁੱਲ੍ਹੀਆਂ ਜਾਂ ਲਟਕਦੀਆਂ ਤਾਰਾਂ ਹਨ। ਮੀਂਹ ਕਾਰਨ ਖਤਰਾ ਹੋਰ ਵਧ ਗਿਆ ਹੈ। ਕਈ ਦੋਪਹੀਆ ਵਾਹਨ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਨੇ ਪੁਲ ’ਤੇ ਤਾਰਾਂ ਦੇ ਸੰਪਰਕ ਵਿੱਚ ਆਉਣ ਦੇ ਜੋਖਮ ’ਤੇ ਚਿੰਤਾ ਪ੍ਰਗਟ ਕੀਤੀ ਹੈ। ਰੋਜ਼ਾਨਾ ਪੁਲ ਤੋਂ ਲੰਘਣ ਵਾਲੇ ਗੁਰਪ੍ਰੀਤ ਸਿੰਘ ਨੇ ਕਿਹਾ ਇਹ ਵੱਡੀ ਲਾਪ੍ਰਵਾਹੀ ਨਹੀਂ ਹੈ। ਰਾਤ ਨੂੰ ਜਦੋਂ ਚਾਨਣ ਘੱਟ ਹੁੰਦਾ ਹੈ ਤਾਂ ਕੋਈ ਵੀ ਇਨ੍ਹਾਂ ਤਾਰਾਂ ਨਾਲ ਖਹਿ ਸਕਦਾ ਹੈ। ਟਕਰਾ ਸਕਦਾ ਹੈ ਅਤੇ ਬਿਜਲੀ ਦਾ ਕਰੰਟ ਲੱਗ ਸਕਦਾ ਹੈ। ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਨਗਰ ਨਿਗਮ ਅਤੇ ਬਿਜਲੀ ਵਿਭਾਗ ਨੂੰ ਅਪੀਲ ਕਰਨ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਬੁਨਿਆਦੀ ਸੁਰੱਖਿਆ ਆਡਿਟ ਦੀ ਘਾਟ ਹੈ ਅਤੇ ਸਟਰੀਟ ਲਾਈਟਾਂ ਦੀ ਦੇਖਭਾਲ ਮਹੀਨਿਆਂ ਤੋਂ ਅਣਗੌਲੀ ਹੈ। ਇਸ ਦੌਰਾਨ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਵੱਖ ਵੱਖ ਥਾਵਾਂ ’ਤੇ ਤਾਰਾਂ ਠੀਕ ਕਰ ਰਹੇ ਹਨ ਅਤੇ ਪਹਿਲ ਦੇ ਆਧਾਰ’ਤੇ ਇਸ ਪੁਲ ਦੀਆਂ ਤਾਰਾਂ ਵੀ ਠੀਕ ਕਰ ਦਿੱਤੀਆਂ ਜਾਣਗੀਆਂ। ਮੁਲਾਜ਼ਮ ਕੰਮ ਵਿੱਚ ਲੱਗੇ ਹੋਏ ਹਨ।
ਮੁਕਤੇਸ਼ਵਰ ਧਾਮ ਝੀਲ ਵਿੱਚ ਪਾਣੀ ਦਾ ਪੱਧਰ ਵਧਿਆ
ਪਠਾਨਕੋਟ (ਐਨਪੀ ਧਵਨ): ਮੀਂਹ ਕਾਰਨ ਮੁਕਤੇਸ਼ਵਰ ਧਾਮ ਸਥਿਤ ਝੀਲ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਸ਼ਾਸਨ ਅਤੇ ਮੁਕਤੇਸ਼ਵਰ ਧਾਮ ਦੇ ਆਗੂਆਂ ਨੇ ਲੋਕਾਂ ਦੇ ਝੀਲ ਦੇ ਕਿਨਾਰੇ ਜਾਣ ’ਤੇ ਪਾਬੰਦੀ ਲਾ ਦਿੱਤੀ ਹੈ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਸਮੇਂ ਝੀਲ ਕਿਨਾਰੇ ਖੜ੍ਹਾ ਹੋਣਾ ਵੀ ਜੋਖਮ ਭਰਿਆ ਸਾਬਤ ਹੋ ਸਕਦਾ ਹੈ ਕਿਉਂਕਿ ਤੇਜ਼ ਵਹਾਅ ਕਾਰਨ ਕਿਨਾਰੇ ਦੀ ਮਿੱਟੀ ਖਿਸਕ ਸਕਦੀ ਹੈ। ਹਾਲ ਹੀ ਵਿੱਚ ਕੁੱਝ ਨੌਜਵਾਨਾਂ ਵੱਲੋਂ ਝੀਲ ਵਿੱਚ ਨਹਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਨ੍ਹਾਂ ਨੂੰ ਸਮਾਂ ਰਹਿੰਦੇ ਬਚਾਅ ਲਿਆ ਗਿਆ ਸੀ। ਇਸ ਘਟਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਧਾਮ ਦੇ ਆਗੂਆਂ ਅਤੇ ਸਥਾਨਕ ਅਧਿਕਾਰੀਆਂ ਨੇ ਖੇਤਰ ਵਿੱਚ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਚਿਤਾਵਨੀ ਬੋਰਡ ਵੀ ਲਗਾਏ ਜਾ ਰਹੇ ਹਨ ਅਤੇ ਗਸ਼ਤ ਵਧਾ ਦਿੱਤੀ ਗਈ ਹੈ।