ਭਰਜਾਈ ਤੋਂ ਪ੍ਰੇਸ਼ਾਨ ਵਿਅਕਤੀ ਨੇ ਫਾਹਾ ਲਿਆ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 9 ਜੂਨ
ਹਲਕਾ ਜਗਰਾਉਂ ਦੇ ਪਿੰਡ ਸ਼ੇਰਪੁਰ ਕਲਾਂ ਵਿੱਚ ਕੱਲ੍ਹ ਰਾਤ ਇੱਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ (50) ਵਜੋਂ ਹੋਈ ਹੈ। ਉਸ ਦੀ ਜੇਬ ਵਿੱਚੋਂ ਖੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ਵਿੱਚ ਉਸ ਨੇ ਮੌਤ ਲਈ ਆਪਣੀ ਭਰਜਾਈ ਤੇ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਸਸਕਾਰ ਕਰ ਤੋਂ ਇਨਕਾਰ ਕਰ ਦਿੱਤਾ ਹੈ। ਪੁਲੀਸ ਨੇ ਜੀਜੇ ਤੇ ਭੈਣ ਦੇ ਬਿਆਨਾਂ ’ਤੇ ਦੋਵਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਰਾਜਿੰਦਰ ਸਿੰਘ ਦੇ ਬੱਚੇ ਵਿਦੇਸ਼ ਵਿੱਚ ਹਨ ਅਤੇ ਉਹ ਆਪਣੇ ਪਿੰਡ ਸ਼ੇਰਪੁਰ ਕਲਾਂ ਵਿੱਚ ਇਕੱਲਾ ਹੀ ਰਹਿ ਰਿਹਾ ਸੀ। ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਖੁਦਕੁਸ਼ੀ ਨੋਟ ਦੀਆਂ ਤਸਵੀਰਾਂ ਤੇ ਕੁਝ ਆਡੀਓ ਰਿਕਾਰਡਿੰਗਜ਼ ਆਪਣੀ ਭੈਣ ਤੇ ਜੀਜੇ ਬਲਜਿੰਦਰ ਸਿੰਘ ਨੂੰ ਰਾਤ ਹੀ ਭੇਜ ਦਿੱਤੀਆਂ ਸਨ। ਬਲਜਿੰਦਰ ਸਿੰਘ ਨੇ ਜਦੋਂ ਸਵੇਰੇ ਉੱਠ ਕੇ ਖੁਦਕੁਸ਼ੀ ਨੋਟ ਪੜ੍ਹਿਆ ਤਾਂ ਉਹ ਬਿਨਾਂ ਦੇਰੀ ਕੀਤੇ ਸ਼ੇਰਪੁਰ ਕਲਾਂ ਪਹੁੰਚਿਆ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਚੁੱਕੀ ਸੀ। ਸੂਚਨਾ ਮਿਲਣ ਮਗਰੋਂ ਸਦਰ ਪੁਲੀਸ ਵੀ ਘਟਨਾ ਸਥਾਨ ’ਤੇ ਪਹੁੰਚ ਗਈ। ਜਾਂਚ ਦੌਰਾਨ ਰਾਜਿੰਦਰ ਦੀ ਜੇਬ ਵਿੱਚੋਂ ਖੁਦਕੁਸ਼ੀ ਨੋਟ ਮਿਲਿਆ। ਪੁਲੀਸ ਨੇ ਦੱਸਿਆ ਕਿ ਉਸ ਨੇ ਮੌਤ ਲਈ ਆਪਣੀ ਭਰਜਾਈ ਰਣਜੀਤ ਕੌਰ ਅਤੇ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਸੁਰਜੀਤ ਸਿੰਘ ਉਰਫ ਸੀਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੀ ਜ਼ਮੀਨ ਵੇਚੀ ਸੀ ਜਿਸ ਦੇ ਪੈਸਿਆਂ ਵਿੱਚੋਂ ਰਣਜੀਤ ਕੌਰ ਕਥਿਤ ਤੌਰ ’ਤੇ ਜਬਰੀ ਹਿੱਸਾ ਮੰਗ ਰਹੀ ਸੀ ਜਦਕਿ ਸੁਰਜੀਤ ਸਿੰਘ ਉਸ ਦੀ ਕਥਿਤ ਮਦਦ ਕਰ ਰਿਹਾ ਸੀ। ਇਸ ਕਾਰਨ ਉਹ ਪ੍ਰੇਸ਼ਾਨ ਸੀ।