ਭਦੌੜ ਵਿੱਚ ਸੀਵਰੇਜ ਦੀ ਲੀਕੇਜ ਕਾਰਨ ਲੋਕ ਪ੍ਰੇਸ਼ਾਨ
ਰਾਜਿੰਦਰ ਵਰਮਾ
ਭਦੌੜ, 8 ਜੂਨ
ਕਸਬਾ ਭਦੌੜ ਵਿੱਚ ਪਿਆ ਸੀਵਰੇਜ ਦਾ ਸਿਸਟਮ ਬੁਰੀ ਤਰਾਂ ਖਰਾਬ ਹੋ ਗਿਆ ਹੈ ਤੇ ਕਈ ਥਾਵਾਂ ਤੋਂ ਲੀਕੇਜ ਹੋਣ ਕਾਰਨ ਸ਼ਹਿਰ ਦਾ ਗੰਦਾ ਪਾਣੀ ਜਿੱਥੇ ਸੜਕਾਂ ’ਤੇ ਭਰਿਆ ਹੋਇਆ ਹੈ, ਉਥੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ ਪੂਰਾ ਭਦੌੜ ਸ਼ਹਿਰ ਅਤੇ ਸਾਰੀਆਂ ਸ਼ਹਿਰ ਦੀਆਂ ਉੱਪਰਲੀਆਂ ਫਿਰਨੀਆਂ, ਮੇਨ ਬਾਜ਼ਾਰ ਨੂੰ ਜਾਣ ਵਾਲੇ ਸਾਰੇ ਰਸਤੇ, ਬਰਨਾਲਾ ਬਾਜਾ ਖਾਨਾ ਰੋਡ ਭਦੌੜ ਗਰਿੱਡ ਦੇ ਨਜ਼ਦੀਕ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਸੜਕ ਉਪਰ ਵੱਡੇ-ਵੱਡੇ ਖੱਡੇ ਪਏ ਹੋਏ ਹਨ ਅਤੇ ਲੰਮੇ ਸਮੇਂ ਤੋਂ ਇਸ ਸੜਕ ਦੀ ਇੱਕ ਸਾਈਡ ਟ੍ਰੈਫਿਕ ਲਈ ਬੰਦ ਪਈ ਹੈ। ਕਿਸਾਨ ਆਗੂ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਭਦੌੜ ਛੰਨਾ ਰੋਡ ’ਤੇ ਸੀਵਰੇਜ ਦੇ ਪਾਣੀ ਕਾਰਨ ਸੜਕ ਟੁੱਟ ਚੁੱਕੀ ਹੈ ਅਤੇ ਸੀਵਰੇਜ ਦਾ ਗੰਦਾ ਪਾਣੀ ਕਾਫੀ ਲੰਬੇ ਸਮੇਂ ਤੋਂ ਸੜਕ ’ਤੇ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਪਲਾਂਟ ਵਿੱਚ ਲੱਗੀਆਂ ਮੋਟਰਾਂ ਸਮੇਂ ਸਿਰ ਨਾ ਚਲਾਉਣ ਕਾਰਨ ਇਹ ਸਮੱਸਿਆ ਲਗਾਤਾਰ ਸਾਹਮਣੇ ਆ ਰਹੀ ਹੈ ਅਤੇ ਇਸ ਦੇ ਸਬੰਧ ਵਿੱਚ ਕਈ ਵਾਰ ਉੱਚ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਹੈ ਪਰ ਉੱਚ ਅਧਿਕਾਰੀਆਂ ਨੂੰ ਦੱਸਣ ਦੇ ਬਾਵਜੂਦ ਵੀ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਸੀਵਰੇਜ ਦੇ ਗੰਦੇ ਪਾਣੀ ਨੇ ਭਦੌੜ ਦੇ ਲੋਕਾਂ ਦਾ ਜਿਊਣਾ ਦੁੱਬਰ ਕੀਤਾ ਹੈ ਅਤੇ ਇਸ ਸਮੱਸਿਆ ਵੱਲ ਸੀਵਰੇਜ ਬੋਰਡ ਦਾ ਕੋਈ ਖਾਸ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਦੇ ਸਾਰੇ ਭਦੌੜ ਵਾਸੀਆਂ ਵੱਲੋਂ ਜ਼ੋਰਦਾਰ ਮੰਗ ਕੀਤੀ ਜਾਂਦੀ ਹੈ ਕਿ ਇਸ ਗੰਦੇ ਪਾਣੀ ਦਾ ਕੋਈ ਸਥਾਈ ਹੱਲ ਕੀਤਾ ਜਾਵੇ।
ਨਗਰ ਕੌਂਸਲ ਦੇ ਪ੍ਰਧਾਨ ਮੁਨੀਸ਼ ਗਰਗ ਨੇ ਕਿਹਾ ਕਿ ਸੀਵਰੇਜ ਬੋਰਡ ਦੀ ਕਾਰਗੁਜ਼ਾਰੀ ਢਿੱਲੀ ਹੈ ਪਰ ਨਗਰ ਕੌਂਸਲ ਵੱਲੋਂ ਕੱਲ ਤੋਂ ਮਸ਼ੀਨ ਲਗਾ ਕੇ ਆਪਣੇ ਤੌਰ ’ਤੇ ਸੀਵਰੇਜ ਦੀ ਸਫ਼ਾਈ ਕਰਵਾਈ ਜਾ ਰਹੀ ਹੈ ।