ਪੱਤਰ ਪ੍ਰੇਰਕਭਵਾਨੀਗੜ੍ਹ, 2 ਜੁਲਾਈਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਡਰੱਗ ਨਸ਼ੇ ਅਕਾਲੀ ਭਾਜਪਾ ਸਰਕਾਰ ਦੌਰਾਨ ਸ਼ੁਰੂ ਹੋਏ ਅਤੇ ਕਾਂਗਰਸ ਰਾਜ ਸਮੇਂ ਵਧੇ ਫੁਲੇ। ਹੁਣ ਭਗਵੰਤ ਮਾਨ ਸਰਕਾਰ ਡਰੱਗ ਨਸ਼ਿਆਂ ਨੂੰ ਰੋਕਣ ਲਈ ਕੋਈ ਗੰਭੀਰ ਯਤਨ ਕਰਨ ਦੀ ਥਾਂ ਦੇ ਸਿਰਫ਼ ਡਰਾਮੇ ਕਰ ਰਹੀ ਹੈ। ਉਨ੍ਹਾਂ ਬਲਾਕ ਦੇ ਕਈ ਪਿੰਡਾਂ ਵਿੱਚ ਵਰਕਰਾਂ ਨਾਲ ਮਿਲਣੀਆਂ ਕਰਨ ਉਪਰੰਤ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਰਲ਼ ਮਿਲ਼ ਕੇ ਪੰਜਾਬ ਅਤੇ ਪੰਥ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੀਆਂ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਣ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਗੁਰਨੈਬ ਸਿੰਘ ਰਾਮਪੁਰਾ, ਸੁਖਵੀਰ ਸਿੰਘ ਆਲੋਅਰਖ ਅਤੇ ਤਰਸੇਮ ਕਾਕੜਾ ਵੀ ਹਾਜ਼ਰ ਸਨ।