ਭਗਵੰਤ ਮਾਨ ਦੀ ਪਟਿਆਲਾ ਫੇਰੀ ’ਤੇ ਵਿਦਿਆਰਥੀਆਂ ਵੱਲੋਂ ਨਾਅਰੇਬਾਜ਼ੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਅਪਰੈਲ
ਇੱਥੇ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਅੰਬੇਡਕਰ ਜੈਅੰਤੀ ਸਬੰਧੀ ਹੋਏ ਸੂਬਾਈ ਸਮਾਗਮ ਵਿੱਚ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦੇਣ ਅਤੇ ਸਵਾਲ ਕਰਨ ਲਈ ਪੁੱਜੇ ਵੱਖ ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਪੁਲੀਸ ਨੇ ਸਮਾਗਮ ਸਥਾਨ ਤੱਕ ਨਾ ਜਾਣ ਦਿੱਤਾ ਪਰ ਉਨ੍ਹਾਂ ਨੂੰ ਇੱਕ ਥਾਂ ਇਕੱਠੇ ਕਰਕੇ ਉਨ੍ਹਾਂ ਦੇ ਮੰਗ ਪੱਤਰ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਸਿਮਰਨਜੀਤ ਸਿੰਘ (ਆਈਏਐੱਸ) ਨੂੰ ਦਿਵਾ ਦਿੱਤੇੇ।
ਜਦੋਂ ਮੁੱਖ ਮੰਤਰੀ ਅੰਦਰ ਭਾਸ਼ਣ ਦੇ ਰਹੇ ਸਨ ਤਾਂ ਕੁਝ ਯੂਨੀਵਰਸਿਟੀ ਵਿਦਿਆਰਥੀਆਂ ਨੇ ਸਮਾਗਮ ਸਥਾਨ ਵੱਲ ਵਧਣ ਦੀ ਕੋਸਿਸ਼ ਵੀ ਕੀਤੀ ਪਰ ਪੁਲੀਸ ਨੇ ਅਗਾਊਂ ਹੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਿੱਛੇ ਧਕੇਲ ਦਿੱਤਾ। ਭਾਵੇਂ ਪੁਲੀਸ ਨੇ ਉਨ੍ਹਾਂ ਨੂੰ ਫਰਕ ਨਾਲ ਹੀ ਰੋਕਿਆ ਹੋਇਆ ਸੀ ਪਰ ਫੇਰ ਵੀ ਮੁੱਖ ਮੰਤਰੀ ਦੇ ਕਾਫ਼ਲੇ ਦੀ ਵਾਪਸੀ ਮੌਕੇ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਅਕਾਲੀ ਦਲ ਨਾਲ ਸਬੰਧਿਤ ਐੱਸਓਆਈ ਦੇ ਮੈਂਬਰ ਵੀ ਸ਼ਾਮਲ ਸਨ। ਉਧਰ ਜਿਨ੍ਹਾਂ ਤੋਂ ਸਪੈਸ਼ਲ ਸੈਕਟਰੀ ਨੇ ਮੰਗ ਪੱਤਰ ਹਾਸਲ ਕੀਤੇ, ਉਨ੍ਹਾਂ ਵਿਚ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਦੀ ਜਥੇਬੰਦੀ ਦੇ ਸੂਬਾਈ ਆਗੂ ਸੋਨੀ ਧਾਲੀਵਾਲ, ਗੈਸਟ ਫੈਕਲਟੀ ਟੀਚਰਜ ਦੇ ਆਗੂ ਵਰਿੰਦਰ ਖੁਰਾਣਾ, ਬੇਰੁਜਗਾਰ ਮਲਟੀਪਰਪਜ ਜਥੇਬੰਦੀ ਦੇ ਆਗੂ ਸੰਦੀਪ ਸਿੰਘ ਤੇ ਲਲਿਤ ਬਾਂਸਲ, ਦਿਵਿਆਂਗ ਜਥੇਬੰਦੀ ਦੇ ਆਗੂ ਹਰਦਾਸ ਸਿੰਘ ਦੇ ਨਾਮ ਸ਼ਾਮਲ ਹਨ।
ਬਘੌਰਾ ਨੇ ਕਮਰੇ ’ਚ ਬੰਦ ਕਰਨ ਦੇ ਦੋਸ਼ ਲਾਏ
ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਉਹ ਕੇਂਦਰ ਕੋਲੋਂ ਹਜ਼ੂਰ ਸਾਹਿਬ ਅਤੇ ਹੋਰ ਗੁਰਧਾਮਾਂ ਲਈ ਰੇਲਵੇ ਸਹੂੁਲਤ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਨੂੰ ਮੰਗ ਪੱੱਤਰ ਦੇਣ ਆਏ ਸਨ ਪਰ ਪੁਲੀਸ ਨੇ ਕਈ ਹੋਰਨਾਂ ਸਣੇ ਉਸ ਨੂੰ ਵੀ ਮੁੱਖ ਮੰਤਰੀ ਨੂੰ ਮਿਲਾਉਣ ਦਾ ਭਰੋਸਾ ਦੇ ਕੇ ਇੱਕ ਵੱਖਰੇ ਕਮਰੇ ’ਚ ਬੰਦ ਕਰ ਦਿਤਾ। ਉਧਰ ਇੱਕ ਪੁਲੀਸ ਅਧਿਕਾਰੀ ਨੇ ਬਘੌਰਾ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਸ਼ੇਸ਼ ਸਕੱਤਰ ਰਾਹੀਂ ਮੰਗ ਪੱਤਰ ਭਿਜਵਾਓਣ ਲਈ ਹੋਰਨਾਂ ਸਮੇਤ ਇੱਕ ਥਾਂ ਇਕੱਤਰ ਕੀਤਾ ਸੀ ਕਿਉਂਕਿ ਪੁਲੀਸ ਨਹੀਂ ਸੀ ਚਾਹੁੰਦੀ ਕਿ ਅੰਬੇਡਕਰ ਜੈਅੰਤੀ ਦੇ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦਾ ਵਿਘਨ ਪਵੇ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 429.24 ਕਰੋੜ ਵੰਡਣ ਦੀ ਸ਼ਲਾਘਾ
ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ 429.24 ਕਰੋੜ ਦੇ ਫੰਡ ਵੰਡਣ ’ਤੇ ਤਸੱਲੀ ਜਾਹਰ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਅੱਜ ਇਥੇ ਹੋਏ ਰਾਜ ਵਿਆਪੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ। ਮਾਲੇਟਕੋਟਲਾ ਵਾਸੀ ਬੀਸੀਏ ਆਨਰ ਦੀ ਵਿਦਿਆਰਥਣ ਪ੍ਰਭਜੀਤ ਕੌਰ ਨੇ ਮੁੱਖ ਮੰਤਰੀ ਦੀ ਮੌਜੂਦਗੀ ’ਚ ਮੰਚ ਤੋਂ ਬੋਲਦਿਆਂ ਕਿਹਾ ਕਿ ਦਿਹਾੜੀਦਾਰ ਹੋਣ ਕਰਕੇ ਉਸ ਦੇ ਪਿਤਾ ਲਈ ਪੰਜ ਭੈਣ-ਭਰਾਵਾਂ ਦੀ ਪੜ੍ਹਾਈ ਦਾ ਖਰਚਾ ਚੁੱਕਣਾ ਮੁਸ਼ਕਲ ਸੀ ਪਰ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਉਹ ਸਾਰੇ ਭੈਣ-ਭਰਾ ਉਚ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਹੋਏ। ਬੀਸੀਏ ਆਨਰ ਦੀ ਹੀ ਮੁਸਕਾਨ ਦੇਵੀ ਨੇ ਵੀ ਕਿਹਾ ਕਿ ਉਹ ਖ਼ੁਸ਼ਕਿਸਮਤ ਹੈ ਕਿ ਸਰਕਾਰ ਡਾ. ਅੰਬੇਦਕਰ ਦੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ, ਤਾਂ ਜੋ ਖਾਸ ਕਰ ਕੇ ਕਮਜ਼ੋਰ ਅਤੇ ਪਛੜੇ ਵਰਗਾਂ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਇਆ ਜਾ ਸਕੇ। ਬੀਟੈੱਕ ਮਕੈਨੀਕਲ ਇੰਜਨੀਅਰਿੰਗ ਦੀ ਗੁਰਲੀਨ ਕੌਰ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੇ ਹਰੇਕ ਵਿਦਿਆਰਥੀ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਬਹੁਤ ਮਦਦ ਕੀਤੀ ਹੈ। ਫਿਜ਼ੀਓਥੈਰੇਪੀ ਵਿਭਾਗ ਤੋਂ ਪ੍ਰੋ. ਰਵਿੰਦਰ ਕੌਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਯਾਦ ਕੀਤਾ। ਅਧਿਆਪਕਾ ਡਾ. ਜਗਪ੍ਰੀਤ ਕੌਰ ਨੇ ਕਿਹਾ ਕਿ ਸਕਾਲਰਸ਼ਿਪ ਸਕੀਮ ਕਾਰਨ ਕਮਜ਼ੋਰ ਅਤੇ ਪਛੜੇ ਵਰਗਾਂ ਦੇ ਕਈ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਪੇਸ਼ੇਵਰ ਕੋਰਸਾਂ ਦੀ ਫੀਸ ਨਿਯਮਤ ਕੋਰਸਾਂ ਨਾਲੋਂ ਵੱਧ ਹੈ, ਜਿਸ ਕਾਰਨ ਪੋਸਟ ਮੈਟ੍ਰਿਕ ਸਕੀਮ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ।