For the best experience, open
https://m.punjabitribuneonline.com
on your mobile browser.
Advertisement

ਭਗਤ ਸਿੰਘ ਯੁਗਾਂ ਤੱਕ ਜਿਊਂਦਾ ਰਹੇਗਾ

04:09 AM Mar 23, 2025 IST
ਭਗਤ ਸਿੰਘ ਯੁਗਾਂ ਤੱਕ ਜਿਊਂਦਾ ਰਹੇਗਾ
Advertisement

ਪਾਕਿਸਤਾਨ ਦੀ ਉੱਘੀ ਲੇਖਕਾ ਅਫਜ਼ਲ ਤੌਸੀਫ਼ (18 ਮਈ 1936 - 30 ਦਸੰਬਰ 2014) ਦਾ ਜਨਮ ਚੜ੍ਹਦੇ ਪੰਜਾਬ ਦੇ ਪਿੰਡ ਕੂੰਮਕਲਾਂ ’ਚ ਹੋਇਆ ਤੇ ਦੇਸ਼ਵੰਡ ਪਿੱਛੋਂ ਉਨ੍ਹਾਂ ਦਾ ਪਰਿਵਾਰ ਲਾਹੌਰ ਜਾ ਵਸਿਆ। ਉਨ੍ਹਾਂ ਨੇ ਕੋਇਟਾ ਦੇ ਕਾਲਜ ਵਿੱਚ ਲੈਕਚਰਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਲਾਹੌਰ ਉਹ ਜਿਸ ਕਾਲੋਨੀ ’ਚ ਰਹਿੰਦੇ ਸਨ ਉਹ ਸ਼ਾਦਮਾਨ ਚੌਕ ਦੇ ਨਾਲ ਲੱਗਦੀ ਸੀ ਜਿੱਥੇ ਆਜ਼ਾਦੀ ਦੇ ਪਰਵਾਨਿਆਂ ਨੂੰ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਸ਼ਹੀਦਾਂ ਦੇ ਖ਼ੂਨ ਨਾਲ ਰੰਗੀ ਉਸ ਧਰਤੀ ਨੂੰ ਆਪਣੀ ਇਸ ਰਚਨਾ ਨਾਲ ਸਿਜਦਾ ਕੀਤਾ ਜਿਸ ਦਾ ਅਨੁਵਾਦ ਅਜਮੇਰ ਸਿੱਧੂ (ਸੰਪਰਕ: 94630-63990) ਨੇ ਕੀਤਾ ਹੈ।

Advertisement

ਇਤਿਹਾਸ ਕਿਤੇ ਵੀ ਉਪਜ ਸਕਦਾ ਹੈ ਅਤੇ ਇਸ ਨੂੰ ਕਿਤੋਂ ਵੀ ਖੋਜਿਆ ਜਾ ਸਕਦਾ ਹੈ। ਇਤਿਹਾਸਕ ਤੱਥ ਲੰਮੇ ਸਮੇਂ ਲਈ ਛੁਪੇ ਨਹੀਂ ਰਹਿ ਸਕਦੇ। ਕਦੇ ਨਾ ਕਦੇ ਕਹਾਣੀਆਂ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਣਾ, ਇਤਿਹਾਸ ਦਾ ਗੁਣ ਹੈ। ਕਦੇ-ਕਦੇ ਕੌੜੇ ਸੱਚ ਕਹਾਣੀਆਂ ਦਾ ਰੂਪ ਲੈ ਲੈਂਦੇ ਹਨ, ਜਦੋਂ ਉਹ ਵਾਰ-ਵਾਰ ਦੁਹਰਾਈਆਂ ਜਾਂ ਦੁਬਾਰਾ ਲਿਖੀਆਂ ਜਾਂਦੀਆਂ ਹਨ। ਭਗਤ ਸਿੰਘ ਵੀਹਵੀਂ ਸਦੀ ਦਾ ਮਹਾਨ ਨਾਇਕ ਅਤੇ ਪੰਜਾਬ ਦੀਆਂ ਦੰਦਕਥਾਵਾਂ ਦਾ ਇੱਕ ਪਾਤਰ ਹੈ। ਇਸ ਮਹਾਨ ਆਜ਼ਾਦੀ ਘੁਲਾਟੀਏ ਬਾਰੇ ਬਹੁਤ ਸਾਰੀਆਂ ਕਹਾਣੀਆਂ ਚਰਚਿਤ ਹਨ ਅਤੇ ਭਗਤ ਸਿੰਘ ਬਾਰੇ ਘੱਟੋ-ਘੱਟ ਚਾਰ ਫਿਲਮਾਂ ਭਾਰਤ ਵਿੱਚ ਬਣੀਆਂ ਹਨ।
ਲਾਹੌਰ ਦਾ ਰਹਿਣ ਵਾਲਾ ਮਜੀਦ ਸੇਖ਼ ਕਹਾਣੀਆਂ ਦੀ ਪੇਸ਼ਕਾਰੀ ਆਪਣੇ ਢੰਗ ਨਾਲ ਕਰਦਾ ਹੈ। ਉਸ ਅਨੁਸਾਰ ਬਹੁਤੇ ਲੋਕ ਇਸ ਤੱਥ ਤੋਂ ਵਾਕਫ਼ ਨਹੀਂ ਹਨ ਕਿ ਸ਼ਾਹ ਜਮਾਲ ਅਤੇ ਸ਼ਾਦਮਾਨ ਦਾ ਇਲਾਕਾ ਕਦੇ ਲਹਿਣਾ ਸਿੰਘ ਦੀ ਛਾਉਣੀ ਵਜੋਂ ਜਾਣਿਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਤੋਂ ਪਹਿਲਾਂ ਲਾਹੌਰ ਉੱਤੇ ਰਾਜ ਕਰਨ ਵਾਲੇ ਤਿੰਨ ਸ਼ਾਸਕਾਂ ਵਿੱਚੋਂ ਇੱਕ ਸੀ ਲਹਿਣਾ ਸਿੰਘ (ਜ਼ਿਕਰਯੋਗ ਹੈ ਕਿ ਲਹਿਣਾ ਸਿੰਘ ਨੇ ਭੰਗੀ ਮਿਸਲ ਦੇ ਸਰਦਾਰ ਗੁੱਜਰ ਸਿੰਘ ਅਤੇ ਕਨ੍ਹੱਈਆ ਮਿਸਲ ਦੇ ਸਰਦਾਰ ਸੋਭਾ ਸਿੰਘ ਨਾਲ ਮਿਲ ਕੇ 1765 ਵਿੱਚ ਅਫ਼ਗ਼ਾਨ ਸ਼ਾਸਕਾਂ ਤੋਂ ਲਾਹੌਰ ਜਿੱਤਿਆ ਸੀ)। ਉਸ ਦੀ ਛਾਉਣੀ ਵਿੱਚ ਇੱਕ ਵੱਡੀ ਹਵੇਲੀ ਸੀ। ਉਸ ਜਗ੍ਹਾ ’ਤੇ ਅੱਜਕੱਲ੍ਹ ਸ਼ਾਦਮਾਨ ਚੌਕ ਬਣਾਇਆ ਗਿਆ ਹੈ। ਸੂਫ਼ੀ ਸੰਤ ਬਾਬਾ ਸ਼ਾਹ ਜਮਾਲ ਦੇ ਮਕਬਰੇ ਦੇ ਬਹੁਤ ਨੇੜੇ ਇਹ ਗੋਲਾਕਾਰ ਚੌਕ ਬਣਿਆ ਹੋਇਆ ਹੈ।
ਕਹਾਣੀ ਇਹ ਹੈ ਕਿ ਕਸੂਰ ਦੇ ਖ਼ਾਨ, ਜਿਹੜੇ ਲਾਹੌਰ ਦੇ ਤਖ਼ਤ ਨੂੰ ਉਲਟਾਉਣ ਵਿੱਚ ਗੋਰਿਆਂ ਦੇ ਭਾਈਵਾਲ ਸਨ, ਨੇ ਮਹਾਰਾਜਾ ਰਣਜੀਤ ਸਿੰਘ ਦਾ ਕਤਲ ਕਰਨ ਲਈ ਸਿੱਖਾਂ ਦੇ ਸਰਦਾਰ ਕੋਲ ਇੱਕ ਦੂਤ ਭੇਜਿਆ। ਗੱਲ ਪੁੱਠੀ ਪੈ ਗਈ ਅਤੇ ਦੂਤ ਮੌਕੇ ’ਤੇ ਹੀ ਮਾਰਿਆ ਗਿਆ।
ਜਦੋਂ ਅੰਗਰੇਜ਼ਾਂ ਨੇ ਲਾਹੌਰ ’ਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਨੇ ਲਹਿਣਾ ਸਿੰਘ ਦੀ ਛਾਉਣੀ ਨੂੰ ਢਾਹ ਕੇ ਪੰਜਾਬ ਦੀ ਇੱਕ ਵੱਡੀ ਜੇਲ੍ਹ ਦਾ ਰੂਪ ਦੇ ਦਿੱਤਾ, ਜਿੱਥੇ ਲੰਮੀ ਕੈਦ ਅਤੇ ਕਤਲ ਦੇ ਮੁਜਰਮਾਂ ਨੂੰ ਰੱਖਿਆ ਜਾਂਦਾ ਸੀ। ਲਹਿਣਾ ਸਿੰਘ ਦੇ ਘਰ ਵਾਲੀ ਥਾਂ ਮਕਤਲ ਵਿੱਚ ਤਬਦੀਲ ਕਰ ਦਿੱਤੀ ਗਈ, ਜਿੱਥੇ ਆਜ਼ਾਦੀ ਘੁਲਾਟੀਏ ਅਤੇ ਸਿਆਸੀ ਕੈਦੀ ਰੱਖੇ ਗਏ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ।
ਸੰਨ 1928 ਵਿੱਚ ਬ੍ਰਿਟਿਸ਼ ਸਰਕਾਰ ਨੇ ਸਰ ਜੌਹਨ ਸਾਈਮਨ ਦੀ ਅਗਵਾਈ ਹੇਠ ਇੱਕ ਕਮਿਸ਼ਨ ਬਿਠਾਇਆ, ਜਿਸ ਨੇ ਹਿੰਦੋਸਤਾਨ ਵਿੱਚ ਸਿਆਸੀ ਹਾਲਾਤ ਬਾਰੇ ਤਾਜ਼ਾ ਰਿਪੋਰਟ ਤਿਆਰ ਕਰਨੀ ਸੀ। ਭਾਰਤੀ ਸਿਆਸੀ ਪਾਰਟੀਆਂ ਨੇ ਇਸ ਕਮਿਸ਼ਨ ਦਾ ਬਾਈਕਾਟ ਕੀਤਾ ਕਿਉਂਕਿ ਇਸ ਕਮਿਸ਼ਨ ਵਿੱਚ ਕਿਸੇ ਭਾਰਤੀ ਨੂੰ ਮੈਂਬਰ ਨਹੀਂ ਲਿਆ ਗਿਆ ਸੀ। ਇਸ ਕਰਕੇ ਦੇਸ਼ ਭਰ ਵਿੱਚ ਇਸ ਦਾ ਵਿਰੋਧ ਹੋਇਆ। 30 ਅਕਤੂਬਰ 1928 ਨੂੰ ਇਹ ਕਮਿਸ਼ਨ ਲਾਹੌਰ ਪੁੱਜਾ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਲੋਕਾਂ ਨੇ ਪੁਰਅਮਨ ਅਤੇ ਅਹਿੰਸਕ ਤਰੀਕੇ ਨਾਲ ਇਸ ਦਾ ਵਿਰੋਧ ਕਰਦਿਆਂ ਮਾਰਚ ਕੀਤਾ ਪਰ ਪੁਲੀਸ ਨੇ ਇਸ ਨੂੰ ਹਿੰਸਕ ਬਣਾ ਦਿੱਤਾ। ਪੁਲੀਸ ਮੁਖੀ ਸਕੌਟ ਨੇ ਲਾਲਾ ਲਾਜਪਤ ਰਾਏ ਅਤੇ ਪ੍ਰਦਰਸ਼ਨਕਾਰੀ ਲੋਕਾਂ ’ਤੇ ਬੁਰੀ ਤਰਾਂ ਲਾਠੀਚਾਰਜ ਕਰਵਾਇਆ। ਇਸ ਦੌਰਾਨ ਲਾਲਾ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਭਗਤ ਸਿੰਘ ਇਸ ਘਟਨਾ ਦਾ ਚਸ਼ਮਦੀਦ ਗਵਾਹ ਸੀ ਅਤੇ ਮਾਰਚ ਵਿੱਚ ਸ਼ਾਮਿਲ ਸੀ। ਭਗਤ ਸਿੰਘ ਨੇ ਇਸ ਘਟਨਾ ਦਾ ਬਦਲਾ ਲੈਣ ਦੀ ਸਹੁੰ ਖਾਧੀ। ਉਸ ਨੇ ਹੋਰ ਇਨਕਲਾਬੀਆਂ ਸ਼ਿਵਰਾਮ ਰਾਜਗੁਰੂ, ਜੈ ਗੋਪਾਲ ਅਤੇ ਸੁਖਦੇਵ ਥਾਪਰ ਨੂੰ ਨਾਲ ਲਿਆ ਅਤੇ ਪੁਲੀਸ ਮੁਖੀ ਨੂੰ ਮਾਰਨ ਦੀ ਯੋਜਨਾ ਬਣਾਈ। ਜੈ ਗੋਪਾਲ ਨੇ ਸਕੌਟ ਵੱਲ ਇਸ਼ਾਰਾ ਕਰਨਾ ਸੀ ਅਤੇ ਭਗਤ ਸਿੰਘ ਨੇ ਉਸ ਨੂੰ ਗੋਲੀ ਮਾਰਨੀ ਸੀ। ਜੈ ਗੋਪਾਲ ਨੇ ਗ਼ਲਤੀ ਨਾਲ ਜੇ.ਪੀ. ਸਾਂਡਰਸ ਵੱਲ ਇਸ਼ਾਰਾ ਕੀਤਾ, ਜੋ ਪੁਲੀਸ ਦਾ ਡਿਪਟੀ ਸੁਪਰਡੈਂਟ ਸੀ। ਇਸ ਤਰ੍ਹਾਂ ਸਕੌਟ ਦੀ ਥਾਂ ਸਾਂਡਰਸ ਮਾਰਿਆ ਗਿਆ। ਉਹ ਪੁਲੀਸ ਤੋਂ ਬਚਣ ਲਈ ਉਸੇ ਵੇਲੇ ਲਾਹੌਰ ਛੱਡ ਗਏ। ਪੁਲੀਸ ਨੂੰ ਝਕਾਨੀ ਦੇਣ ਲਈ ਭਗਤ ਸਿੰਘ ਨੇ ਆਪਣੀ ਦਾੜ੍ਹੀ ਤੇ ਵਾਲ ਕਟਵਾ ਲਏ।
ਇਨਕਲਾਬੀਆਂ ਦੀ ਇਸ ਦਲੇਰਾਨਾ ਕਾਰਵਾਈ ਮਗਰੋਂ ਬ੍ਰਿਟਿਸ਼ ਸਰਕਾਰ ਨੇ ਡਿਫੈਂਸ ਇੰਡੀਆ ਐਕਟ ਅਧੀਨ ਪੁਲੀਸ ਨੂੰ ਵਾਧੂ ਸ਼ਕਤੀਆਂ ਦੇ ਦਿੱਤੀਆਂ। ਇਹ ਕਾਨੂੰਨ ਕਾਂਉਸਿਲ ਵਿੱਚ ਇੱਕ ਵੋਟ ਤੋਂ ਹਾਰ ਗਿਆ। ਫੇਰ ਹਰ ਹੀਲੇ ਇਸ ਨੂੰ ਲਾਗੂ ਕਰਨ ਲਈ ਆਰਡੀਨੈਂਸ ਜਾਰੀ ਕੀਤਾ ਗਿਆ ਅਤੇ ਇਹ ਦਾਅਵਾ ਕੀਤਾ ਗਿਆ ਕਿ ਇਹ ਆਰਡੀਨੈਂਸ ਲੋਕਾਂ ਦੇ ਵੱਡੇ ਹਿੱਤ ਵਿੱਚ ਹੈ। ਇਸ ਕਾਨੂੰਨ ਦੇ ਵਿਰੋਧ ਵਿੱਚ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਫ਼ੈਸਲਾ ਕੀਤਾ, ਜਿੱਥੇ ਇਹ ਕਾਨੂੰਨ ਪਾਸ ਕੀਤਾ ਜਾਣਾ ਸੀ। ਇਹ ਫ਼ੈਸਲਾ ਹੋਇਆ ਕਿ ਭਗਤ ਸਿੰਘ ਅਤੇ ਇੱਕ ਹੋਰ ਕ੍ਰਾਂਤੀਕਾਰੀ ਬਟੁਕੇਸ਼ਵਰ ਦੱਤ ਅਸੈਂਬਲੀ ਵਿੱਚ ਬੰਬ ਸੁੱਟਣਗੇ। ਅੱਠ ਅਪਰੈਲ 1929 ਨੂੰ ਭਗਤ ਸਿੰਘ ਅਤੇ ਬੀ.ਕੇ. ਦੱਤ ਨੇ ਅਸੈਂਬਲੀ ਦੀ ਗੈਲਰੀ ਵਿੱਚੋਂ ਬੰਬ ਸੁੱਟਿਆ, ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਅਤੇ ਨਾਲ ਹੀ ਇਸ਼ਤਿਹਾਰ ਸੁੱਟੇ। ਉਨ੍ਹਾਂ ਕਿਹਾ ਕਿ ਬੰਬ ਸੁੱਟਣ ਦਾ ਮਕਸਦ ਬੋਲੀ ਬ੍ਰਿਟਿਸ਼ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਹੈ। ਇਸ ਬੰਬ ਨਾਲ ਨਾ ਕੋਈ ਜ਼ਖ਼ਮੀ ਹੋਇਆ ਅਤੇ ਨਾ ਹੀ ਕਿਸੇ ਦੀ ਮੌਤ ਹੋਈ। ਵਿਦੇਸ਼ੀ ਅਸਲਾ ਮਾਹਿਰਾਂ ਨੇ ਵੀ ਭਗਤ ਸਿੰਘ ਅਤੇ ਦੱਤ ਦੇ ਦਾਅਵੇ ਨੂੰ ਸਹੀ ਠਹਿਰਾਇਆ ਕਿ ਇਹ ਬੰਬ ਸ਼ਕਤੀਸ਼ਾਲੀ ਬੰਬ ਨਹੀਂ ਸੀ ਜਿਸ ਨਾਲ ਕੋਈ ਜ਼ਖ਼ਮੀ ਹੁੰਦਾ। ਅਸਲ ਵਿੱਚ ਇਹ ਬੰਬ ਲੋਕਾਂ ਦੀ ਆਵਾਜ਼ ਅਤੇ ਬਰਤਾਨਵੀ ਸਰਕਾਰ ਲਈ ਸਮੂਹਿਕ ਵੰਗਾਰ ਸੀ। ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਆਪਣੀ ਗ੍ਰਿਫ਼ਤਾਰੀ ਦਿੱਤੀ ਅਤੇ ਦੋਵਾਂ ਨੂੰ 12 ਜੂਨ 1929 ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
ਇਸ ਗ੍ਰਿਫ਼ਤਾਰੀ ਤੋਂ ਬਾਅਦ ਅਤੇ ਅਸੈਂਬਲੀ ਬੰਬ ਕੇਸ ਦੌਰਾਨ ਪਤਾ ਲੱਗਾ ਕਿ ਜੇ.ਪੀ. ਸਾਂਡਰਸ ਦੀ ਮੌਤ ਦੇ ਜ਼ਿੰਮੇਵਾਰ ਵੀ ਇਹ ਹੀ ਹਨ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸਿਰ ਇਹ ਕਤਲ ਦਾ ਕੇਸ ਪਾ ਦਿੱਤਾ ਗਿਆ। ਭਗਤ ਸਿੰਘ ਹੋਰਾਂ ਨੇ ਮਤਾ ਪਕਾਇਆ ਸੀ ਕਿ ਅਦਾਲਤ ਨੂੰ ਭਾਰਤ ਦੀ ਆਜ਼ਾਦੀ ਲਈ ਪ੍ਰਾਪੇਗੰਡੇ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਵੇ। ਉਸ ਨੇ ਇਸ ਕਤਲ ਨੂੰ ਆਪਣੇ ਜ਼ਿੰਮੇ ਲੈ ਲਿਆ ਤੇ ਚਲਦੇ ਕੇਸ ਦੌਰਾਨ ਅੰਗਰੇਜ਼ ਸਰਕਾਰ ਵਿਰੁੱਧ ਆਪਣਾ ਹਲਫ਼ਨਾਮਾ ਪੇਸ਼ ਕੀਤਾ। ਇਸ ਕੇਸ ਦੀ ਸੁਣਵਾਈ ਸਮੇਂ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਸਿਵਾਏ ਹੋਰ ਕੋਈ ਨਹੀਂ ਸੀ। ਇਸ ਨਾਲ ਭਗਤ ਸਿੰਘ ਦੇ ਸਾਥੀਆਂ ਵਿੱਚ ਰੋਸ ਫੈਲ ਗਿਆ।
ਉਕਤ ਜੇਲ੍ਹ ਵਿੱਚ ਭਗਤ ਸਿੰਘ ਅਤੇ ਦੂਸਰੇ ਕੈਦੀਆਂ ਨੇ ਕੈਦੀਆਂ ਦੀਆਂ ਕੁਝ ਮੰਗਾਂ ਦੇ ਸਬੰਧ ਵਿੱਚ ਭੁੱਖ ਹੜਤਾਲ ਕੀਤੀ। ਇਸ ਦਾ ਵੱਡਾ ਕਾਰਨ ਇਹ ਸੀ ਕਿ ਸਿਆਸੀ ਕੈਦੀਆਂ ਨੂੰ ਕਾਨੂੰਨ ਮੁਤਾਬਿਕ ਜ਼ਿਆਦਾ ਹੱਕ ਪ੍ਰਾਪਤ ਸਨ ਪਰ ਕਾਤਲਾਂ ਅਤੇ ਚੋਰਾਂ ਨਾਲ ਸਿਆਸੀ ਕੈਦੀਆਂ ਨਾਲੋਂ ਚੰਗਾ ਵਤੀਰਾ ਕੀਤਾ ਜਾਂਦਾ ਸੀ। ਇਸ ਹੜਤਾਲ ਦਾ ਮੁੱਖ ਮੰਤਵ ਸਿਆਸੀ ਕੈਦੀਆਂ ਲਈ ਚੰਗੇ ਭੋਜਨ, ਕਿਤਾਬਾਂ ਅਤੇ ਰੋਜ਼ਾਨਾ ਅਖ਼ਬਾਰਾਂ, ਕੱਪੜਿਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕਰਨਾ ਸੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਿਆਸੀ ਕੈਦੀਆਂ ਕੋਲੋਂ ਕੋਈ ਭਾਰੀ ਮੁਸ਼ੱਕਤ ਵਾਲਾ ਜਿਸਮਾਨੀ ਅਤੇ ਬੇਹੂਦਾ ਕੰਮ ਨਾ ਕਰਵਾਇਆ ਜਾਵੇ।
ਇਹ ਭੁੱਖ ਹੜਤਾਲ 63 ਦਿਨ ਤੱਕ ਚੱਲੀ ਅਤੇ ਬ੍ਰਿਟਿਸ਼ ਸਰਕਾਰ ਨੂੰ ਬਹੁਤ ਸਾਰੀਆਂ ਮੰਗਾਂ ਮੰਨਣੀਆਂ ਪਈਆਂ। ਦੇਸ਼ ਭਰ ਦੇ ਲੋਕਾਂ ਵਿੱਚ ਭਗਤ ਸਿੰਘ ਅਤੇ ਸਾਥੀ ਹਰਮਨ ਪਿਆਰੇ ਹੋ ਗਏ। ਇਸ ਹੜਤਾਲ ਤੋਂ ਪਹਿਲਾਂ ਭਗਤ ਸਿੰਘ ਦੀ ਪਛਾਣ ਸਿਰਫ਼ ਪੰਜਾਬ ਖਿੱਤੇ ਤੱਕ ਹੀ ਸੀਮਿਤ ਸੀ।
ਭਗਤ ਸਿੰਘ ਨੂੰ 7 ਅਕਤੂਬਰ 1930 ਨੂੰ ਫਾਂਸੀ ਦੇ ਦਿੱਤੀ ਜਾਣੀ ਸੀ। ਅੰਗਰੇਜ਼ ਇਸ ਕਾਰਵਾਈ ਤੋਂ ਇੰਨਾ ਡਰਦੇ ਸਨ ਕਿ ਸਾਰੇ ਦੇਸ਼ ਵਿੱਚ ਭਗਤ ਸਿੰਘ ਦੀ ਮੌਤ ਦੇ ਵਾਰੰਟ ਉੱਤੇ ਦਸਤਖ਼ਤ ਕਰਨ ਲਈ ਕੋਈ ਮੈਜਿਸਟ੍ਰੇਟ ਸਾਹਮਣੇ ਨਾ ਆਇਆ। ਅੰਤ ਗੋਰੇ ਕਸੂਰ ਪਹੁੰਚ ਗਏ, ਜਿੱਥੇ ਵਫ਼ਾਦਾਰ ਮੈਜਿਸਟ੍ਰੇਟ ਲੱਭਿਆ ਗਿਆ। ਆਖ਼ਰ ਨਵਾਬ ਮੁਹੰਮਦ ਅਹਿਮਦ ਖਾਨ ਇਨਕਲਾਬੀਆਂ ਦੀ ਮੌਤ ਦੇ ਵਾਰੰਟ ’ਤੇ ਦਸਤਖ਼ਤ ਕਰਨ ਲਈ ਮੰਨ ਗਿਆ ਅਤੇ ਉਸ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਸਮੇਂ ਹਾਜ਼ਰ ਹੋਣ ਲਈ ਹਾਮੀ ਭਰ ਦਿੱਤੀ। ਨਿਡਰ ਤੇ ਬਹਾਦਰ ਯੋਧਿਆਂ ਨੇ ਹਿੰਦੋਸਤਾਨ ਦੀ ਆਜ਼ਾਦੀ ਅਤੇ ਸਮਾਜਵਾਦ ਜ਼ਿੰਦਾਬਾਦ ਦੇ ਨਾਅਰੇ ਲਗਾਏ। ਬਰਤਾਨਵੀ ਸਾਮਰਾਜ ਉਸ ਸਮੇਂ ਦੁਨੀਆ ਦੀ ਇੱਕ ਵੱਡੀ ਤਾਕਤ ਮੰਨਿਆ ਜਾਂਦਾ ਸੀ। ਇਹ ਯੋਧੇ ਉਸ ਵਿਰੁੱਧ ਅਤੇ ਦੇਸ਼ ਦੀ ਆਜ਼ਾਦੀ ਲਈ ਲੜੇ।
ਤੇਈ ਮਾਰਚ 1931 ਨੂੰ ਭਗਤ ਸਿੰਘ ਅਤੇ ਉਸ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਉਸ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ, ਜਿਹੜੀ ਲਹਿਣਾ ਸਿੰਘ ਦੀ ਵੱਡੀ ਹਵੇਲੀ ਵਿੱਚ ਬਣਾਈ ਗਈ ਸੀ।
ਕੁਝ ਹੋਰ ਕਹਿਣ ਤੋਂ ਪਹਿਲਾਂ ਮੈਂ ਕੁਝ ਹੋਰ ਦੱਸਣਾ ਚਾਹੁੰਦੀ ਹਾਂ ਕਿ 44 ਸਾਲ ਬਾਅਦ ਭਾਵ 1975 ਵਿੱਚ ਨਵਾਬ ਮੁਹੰਮਦ ਅਹਿਮਦ ਖ਼ਾਨ ਨੂੰ ਵੀ ਉਸੇ ਥਾਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਿੱਥੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਸੀ। ਨਵਾਬ ਦੇ ਪੁੱਤਰ ਅਹਿਮਦ ਰਜ਼ਾ ਕਸੂਰੀ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਵਿਰੁੱਧ ਕੇਸ ਕੀਤਾ ਸੀ। ਕੁਝ ਸਾਲਾਂ ਬਾਅਦ ਜਨਰਲ ਜ਼ਿਆ-ਉਲ-ਹੱਕ ਨੇ ਪਾਕਿਸਤਾਨ ਦੀ ਪੀਪਲਜ਼ ਪਾਰਟੀ ਦੇ ਲੋਕ ਰਾਜ ਦਾ ਤਖਤਾ ਪਲਟਾ ਦਿੱਤਾ ਅਤੇ ਮਾਰਸ਼ਲ ਲਾਅ ਲਾ ਦਿੱਤਾ।
ਜ਼ੁਲਫ਼ਿਕਾਰ ਅਲੀ ਭੁੱਟੋ ਪਾਕਿਸਤਾਨ ਦੀ ਪੀਪਲਜ਼ ਪਾਰਟੀ ਦਾ ਬਾਨੀ ਸੀ ਅਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਸੀ। ਉਸ ਨੂੰ 4 ਅਪਰੈਲ 1979 ਨੂੰ ਫਾਂਸੀ ਚਾੜ੍ਹ ਦਿੱਤਾ ਗਿਆ। ਭਾਵੇਂ ਇਹ ਸਾਰੇ ਜਾਣਦੇ ਸਨ ਕਿ ਉਸ ਨੂੰ ਫ਼ੌਜੀ ਤਾਨਾਸ਼ਾਹ ਜਨਰਲ ਜ਼ਿਆ-ਉਲ-ਹੱਕ ਦੇ ਕਹਿਣ ’ਤੇ ਹੋਈ ਸੀ। ਇਸ ਦੁਖਾਂਤ ਦੀਆਂ ਤਾਰਾਂ ਵੀ ਉਸੇ ਜਗ੍ਹਾ, ਸ਼ਾਹ ਜਮਾਲ, ਮੁਹੰਮਦ ਅਹਿਮਦ ਕਸੂਰੀ ਅਤੇ ਉਸ ਦੇ ਪੁੱਤਰ ਅਹਿਮਦ ਰਜ਼ਾ ਕਸੂਰੀ ਨਾਲ ਜੁੜਦੀਆਂ ਹਨ। ਅੱਜਕੱਲ੍ਹ ਇਸ ਜਗ੍ਹਾ ਸ਼ਾਦਮਾਨ ਚੌਕ ਬਣਿਆ ਹੋਇਆ ਹੈ। ਇਸ ਚੌਕ ਦੇ ਨਾਲ ਹੀ ਸਰਕਾਰੀ ਕਾਲੋਨੀ ਬਣੀ ਹੋਈ ਹੈ। ਇਹ ਚੌਕ ਅਤੇ ਕਾਲੋਨੀ ਦੀ ਜਗ੍ਹਾ ਸਾਡੇ ਸ਼ਹੀਦਾਂ ਦੇ ਖ਼ੂਨ ਨਾਲ ਰੰਗੀ ਹੋਈ ਹੈ। ਅੱਜਕੱਲ੍ਹ ਮੈਂ ਇਸ ਕਾਲੋਨੀ ਦੀ ਵਸਨੀਕ ਹਾਂ। ਮੈਨੂੰ ਲਗਦਾ ਹੈ, ਇਹ ਮੇਰੇ ਵੀਰ ਮੇਰੇ ਨਾਲ ਹੀ ਜੀਅ ਰਹੇ ਹਨ। ਕਹਿ ਰਹੇ ਹਨ- ਲੜਨ ਵਾਲਿਆਂ ਦੀ ਲੜਾਈ ਅਜੇ ਮੁੱਕੀ ਨਹੀਂਂ।

Advertisement
Advertisement

Advertisement
Author Image

Ravneet Kaur

View all posts

Advertisement