ਭਗਤ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਫਰਵਰੀ
ਇੱਥੋਂ ਨੇੜਲੇ ਪਿੰਡ ਢੋਲਣ ਅਤੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਵਿੱਚ ਭਗਤ ਰਵਿਦਾਸ ਦੇ 648ਵੇਂ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਨਗਰ ਕੀਰਤਨ ਸਜਾਇਆ ਗਿਆ। ਪਿੰਡ ਢੋਲਣ ਦਾ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਪਿੰਡ ਵਿੱਚ ਵੱਖ-ਵੱਖ ਪੜਾਵਾਂ ’ਤੇ ਢਾਡੀ ਜਥਿਆਂ ਨੇ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ। ਇਨ੍ਹਾਂ ਵਿੱਚ ਢਾਡੀ ਜਥਾ ਗੁਰਸੇਵਕ ਸਿੰਘ ਜੋਗੀ ਬਰਨਾਲਾ ਵੀ ਸ਼ਾਮਲ ਸਨ ਜਦਕਿ ਸਟੇਜ ਸੈਕਟਰੀ ਦੀ ਸੇਵਾ ਗ੍ਰੰਥੀ ਬਾਬਾ ਹਰਨੇਕ ਸਿੰਘ ਲੋਹਗੜ੍ਹ ਨੇ ਨਿਭਾਈ। ਪਿੰਡ ਦੀ ਪਰਿਕਰਮਾ ਕਰਦਾ ਹੋਇਆ ਨਗਰ ਕੀਰਤਨ ਵਾਪਸ ਗੁਰਦੁਆਰਾ ਸਾਹਿਬ ਜਾ ਕੇ ਸਮਾਪਤ ਹੋਇਆ। ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਗੁਰਮੁਖ ਸਿੰਘ, ਸਾਬਕਾ ਪ੍ਰਧਾਨ ਸ਼ਿੰਗਾਰਾ ਸਿੰਘ ਢੋਲਣ, ਖਜ਼ਾਨਚੀ ਰੁਲਦੂ ਸਿੰਘ, ਸੁਖਦਰਸ਼ਨ ਸਿੰਘ, ਰਾਮ ਪ੍ਰਕਾਸ਼ ਸਿੰਘ, ਮਿਸਤਰੀ ਜਰਨੈਲ ਸਿੰਘ, ਰਾਮ ਸਿੰਘ, ਸੂਬੇਦਾਰ ਮੇਜਰ ਸਿੰਘ, ਹੌਲਦਾਰ ਪ੍ਰੇਮ ਸਿੰਘ, ਜੇਈ ਰਾਜਪਾਲ ਸਿੰਘ, ਇੰਸਪੈਕਟਰ ਜਸਵੰਤ ਸਿੰਘ ਤੇ ਜਗਦੀਸ਼ ਸਿੰਘ ਹਾਜ਼ਰ ਸਨ। ਇਸੇ ਤਰ੍ਹਾਂ ਪਿੰਡ ਕਾਉਂਕੇ ਕਲਾਂ ਵਾਲਾ ਨਗਰ ਕੀਰਤਨ ਗੁਰਦੁਆਰਾ ਭਗਤ ਰਵਿਦਾਸ ਜੀ ਬਾਦਾ ਪੱਤੀ ਤੋਂ ਕੱਢਿਆ ਗਿਆ। ਨਗਰ ਕੀਰਤਨ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਫੁੱਲਾਂ ਨਾਲ ਸਜੀ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਨੇ ਪਿੰਡ ’ਚ ਦਸ ਥਾਵਾਂ ’ਤੇ ਪੜਾਅ ਕੀਤਾ, ਜਿਸ ਦੌਰਾਨ ਸੰਗਤਾਂ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਮੌਕੇ ਥਾਂ-ਥਾਂ ਲੰਗਰ ਲਾਏ ਗਏ ਸਨ। ਪੰਡਤ ਸੋਮਨਾਥ ਦੇ ਕਵੀਸ਼ਰੀ ਜਥੇ ਨੇ ਵਾਰਾਂ ਰਾਹੀਂ ਸੰਗਤ ਨੂੰ ਭਗਤ ਰਵਿਦਾਸ ਦੇ ਜੀਵਨ ਬਾਰੇ ਜਾਣੂ ਕਰਵਾਇਆ ਜਦਕਿ ਕੀਰਤਨ ਭਾਈ ਪ੍ਰੇਮ ਸਿੰਘ ਕਾਉਂਕੇ ਕਲਾਂ ਦੇ ਜਥੇ ਨੇ ਕੀਤਾ। ਇਸ ਮੌਕੇ ਸਰਪੰਚ ਚਰਨਜੀਤ ਕੌਰ, ਪ੍ਰਧਾਨ ਮੇਜਰ ਸਿੰਘ, ਬੂਟਾ ਸਿੰਘ, ਪ੍ਰੀਤਮ ਸਿੰਘ, ਮੱਖਣ ਸਿੰਘ, ਜਗਤਾਰ ਸਿੰਘ, ਨਛੱਤਰ ਸਿੰਘ ਬਿੱਲੂ, ਮਲਕੀਤ ਸਿੰਘ, ਵਿਸਾਖਾ ਸਿੰਘ, ਕੁਲਦੀਪ ਸਿੰਘ ਖਾਲਸਾ, ਕਰਮਜੀਤ ਸਿੰਘ ਤੇ ਇੰਦਰਜੀਤ ਸਿੰਘ ਵੀ ਨਗਰ ਕੀਰਤਨ ’ਚ ਸ਼ਾਮਲ ਸਨ।