ਬੱਸ ਦੀ ਟੱਕਰ ਕਾਰਨ ਸਕੂਟਰੀ ਸਵਾਰ ਔਰਤ ਹਲਾਕ
ਬਹਾਦਰਜੀਤ ਸਿੰਘ
ਬਲਾਚੌਰ, 29 ਜੂਨ
ਬਲਾਚੌਰ-ਰੂਪਨਗਰ ਕੌਮੀ ਮਾਰਗ ’ਤੇ ਆਸਰੋਂ ਚੌਕੀ ਨੇੜੇ ਬੱਸ ਅਤੇ ਸਕੂਟਰੀ ਵਿਚਾਲੇ ਟੱਕਰ ਕਾਰਨ ਸਕੂਟਰੀ ਸਵਾਰ ਔਰਤ ਦੀ ਮੌਤ ਹੋ ਗਈ। ਚੌਕੀ ਇੰਚਾਰਜ ਏਐੱਸਆਈ ਸਿੰਕਦਰ ਸਿੰਘ ਨੇ ਦੱਸਿਆ ਕਿ ਰੀਤੂ ਪਤਨੀ ਜੋਗਿੰਦਰ ਸਿੰਘ ਵਾਸੀ ਗੜ੍ਹਡੋਲੀਆਂ ਜ਼ਿਲ੍ਹਾ ਰੋਪੜ ਆਪਣੀ ਸਕੂਟਰੀ ’ਤੇ ਆਸਰੋਂ ਤੋਂ ਰੋਪੜ ਜਾ ਰਹੀ ਸੀ। ਇਸ ਦੌਰਾਨ ਰੋਪੜ ਵਾਲੇ ਪਾਸੇ ਤੋਂ ਪੰਜਾਬ ਰੋਡਵੇਜ਼ ਪਠਾਨਕੋਟ ਡਿਪੂ ਦੀ ਬੱਸ ਜਦੋਂ ਆਸਰੋਂ ਚੌਕੀ ਨੇੜੇ ਪਹੁੰਚੀ ਤਾਂ ਅਚਾਨਕ ਸਕੂਟਰੀ ਅਤੇ ਬੱਸ ਦੀ ਟੱਕਰ ਹੋ ਗਈ। ਸਕੂਟਰੀ ਬੱਸ ਦੇ ਅਗਲੇ ਹਿੱਸੇ ਵਿੱਚ ਫਸ ਗਈ ਜਿਸ ਨਾਲ ਸਕੂਟਰੀ ਸਵਾਰ ਔਰਤ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਆਸਰੋਂ ਪੁਲੀਸ ਵੱਲੋਂ ਇਲਾਜ ਲਈ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਆਸਰੋਂ ਪੁਲੀਸ ਵੱਲੋਂ ਬੱਸ ਅਤੇ ਸਕੂਟਰੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਅਨੁਸਾਰ ਬੱਸ ਨੂੰ ਡਰਾਈਵਰ ਮਨਜੀਤ ਸਿੰਘ ਚਲਾ ਰਿਹਾ ਸੀ।
ਪੁਲ ਤੋਂ ਡਿੱਗਣ ਕਾਰਨ ਸਕਿਉਰਿਟੀ ਗਾਰਡ ਦੀ ਮੌਤ
ਬਟਾਲਾ (ਹਰਜੀਤ ਸਿੰਘ ਪਰਮਾਰ): ਇੱਥੇ ਜਲੰਧਰ ਰੋਡ ’ਤੇ ਡਿਊਟੀ ਦੌਰਾਨ ਪਿੰਡ ਚਾਹਲ ਕਲਾਂ ਨੇੜੇ ਬਣ ਰਹੇ ਪੁਲ ਤੋਂ ਡਿੱਗਣ ਕਾਰਨ ਜ਼ਖਮੀ ਹੋਏ ਇੱਕ ਸਕਿਉਰਿਟੀ ਗਾਰਡ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਗੰਭੀਰ ਰੂਪ ਵਿੱਚ ਜ਼ਖਮੀ ਹੋਣ ਉਪਰੰਤ ਉਸ ਦਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (32) ਪੁੱਤਰ ਜਗੀਰ ਸਿੰਘ ਵਾਸੀ ਪਿੰਡ ਚੋਣੇ ਵਜੋਂ ਹੋਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਲੰਘੀ 26 ਜੂਨ ਦੀ ਰਾਤ ਨੂੰ ਪਿੰਡ ਚਾਹਲ ਕਲਾਂ ਨੇੜੇ ਬਣ ਰਹੇ ਹਾਈਵੇਅ ਪੁਲ ’ਤੇ ਡਿਊਟੀ ਕਰ ਰਿਹਾ ਸੀ ਕਿ ਅਚਾਨਕ ਪੁਲ ਤੋਂ ਹੇਠਾਂ ਡਿੱਗ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਦੀ ਵੀ ਕੁੱਝ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਗੁਰਪ੍ਰੀਤ ਸਿੰਘ ਹੀ ਪਰਿਵਾਰ ਦਾ ਖਰਚਾ ਚਲਾ ਰਿਹਾ ਸੀ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਹਾਈਵੇਅ ਅਥਾਰਟੀ ਯੋਗ ਮੁਆਵਜ਼ਾ ਦੇਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਵੀ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।