ਬੱਸ ਅੱਡੇ ਦਾ ਰੱਫੜ: ਸੰਘਰਸ਼ ਕਮੇਟੀ ਨੇ ਏਡੀਸੀ ਕੋਲ ਰੱਖਿਆ ਆਪਣਾ ਪੱਖ
ਸ਼ਗਨ ਕਟਾਰੀਆ
ਬਠਿੰਡਾ, 7 ਜੂਨ
ਬਠਿੰਡਾ ਦੇ ਮੌਜੂਦਾ ਬੱਸ ਅੱਡੇ ਦੀ ਜਗ੍ਹਾ ਦੇ ਤਬਾਦਲੇ ਖ਼ਿਲਾਫ਼ ਬਣੀ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਦੇ ਆਗੂਆਂ ਨੇ ਏਡੀਸੀ (ਜਨਰਲ) ਕੰਚਨ ਅੱਗੇ ਆਪਣਾ ਪੱਖ ਤੱਥਾਂ ਸਮੇਤ ਰੱਖਦਿਆਂ, ਇਤਰਾਜ਼ ਨੋਟ ਕਰਵਾਏ।
ਕੰਚਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਗਠਿਤ ਉਸ ਕਮੇਟੀ ਦੇ ਚੇਅਰਪਰਸਨ ਹਨ, ਜਿਸ ਕਮੇਟੀ ਵੱਲੋਂ ਪੁਰਾਣੇ ਅਤੇ ਨਵੇਂ ਬੱਸ ਅੱਡੇ ਬਾਰੇ ਲੋਕਾਂ ਦੀ ਰਾਇ ਜਾਣੀ ਜਾ ਰਹੀ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਬਲਤੇਜ ਸਿੰਘ ਵਾਂਦਰ ਅਤੇ ਸੰਦੀਪ ਅਗਰਵਾਲ ਮੁਤਾਬਿਕ ਕਮੇਟੀ ਦੇ ਪ੍ਰਤੀਨਿਧਾਂ ਨੇ ਆਪਣਾ ਪੱਖ ਵਿਸਥਾਰ ਨਾਲ ਪੇਸ਼ ਕਰਦਿਆਂ ਕਿਹਾ ਕਿ ਵਰਤਮਾਨ ਬੱਸ ਅੱਡਾ ਸ਼ਹਿਰ ਵਿਚਕਾਰ ਹੋਣ ਕਰਕੇ, ਸ਼ਹਿਰ ’ਚ ਕੰਮਕਾਰ ਲਈ ਆਉਣ ਵਾਲੇ ਬਾਹਰੀ ਲੋਕਾਂ ਲਈ ਸਹੂਲਤਯੋਗ ਥਾਂ ਹੈ।
ਗੁਰਪ੍ਰੀਤ ਸਿੰਘ ਆਰਟਿਸਟ ਨੇ ਕਿਹਾ ਕਿ ਸ਼ਹਿਰ ਵਿਚਲਾ ਬੱਸ ਅੱਡਾ ਜੇਕਰ ਟ੍ਰੈਫ਼ਿਕ ਦਾ ਕਾਰਨ ਬਣ ਰਿਹਾ ਹੈ, ਤਾਂ ਕੁਝ ਕੁ ਪ੍ਰਬੰਧਕੀ ਸੁਧਾਰ ਕਰਕੇ ਇਸ ਮੁਸ਼ਕਿਲ ਨੂੰ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਂਜ ਸ਼ਹਿਰ ਚੁਫ਼ੇਰਿਓਂ ਚਹੁੰ-ਮਾਰਗੀ ਸੜਕਾਂ ਨਾਲ ਜੁੜਿਆ ਹੋਣ ਕਰਕੇ ਟ੍ਰੈਫ਼ਿਕ ਸਮੱਸਿਆ ਨਾਲ ਨਜਿੱਠਣਾ ਕਠਿਨ ਕਾਰਜ ਉੱਕਾ ਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਸ਼ਹਿਰ ਦੇ ਕਾਰੋਬਾਰੀ ਦੁਕਾਨਦਾਰਾਂ ਦੀ ਵਿੱਤੀ ਹਾਲਤ ਪਹਿਲਾਂ ਹੀ ਮਾੜੀ ਹੈ ਅਤੇ ਜੇ ਅੱਡਾ ਪ੍ਰਸਤਾਵਿਤ ਮਲੋਟ ਰੋਡ ’ਤੇ ਚਲਾ ਜਾਂਦਾ ਹੈ, ਤਾਂ ਛੋਟੇ ਦੁਕਾਨਦਾਰਾਂ ਦੀ ਦਸ਼ਾ ਹੋਰ ਵੀ ਘਾਤਕ ਹੋਵੇਗੀ।
ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਹੈਪੀ ਨੇ ਕਿਹਾ ਨੇ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜ਼ਿਲ੍ਹਾ ਕਚਹਿਰੀਆਂ ਐਨ ਬੱਸ ਅੱਡੇ ਦੇ ਸਾਹਮਣੇ ਹਨ, ਜਦ ਕਿ ਰੇਲਵੇ ਸਟੇਸ਼ਨ, ਮੁੱਖ ਵਿੱਦਿਅਕ ਤੇ ਸਿਹਤ ਅਦਾਰੇ ਵੀ ਅੱਡੇ ਦੇ ਨਜ਼ਦੀਕ ਹੀ ਹਨ। ਉਨ੍ਹਾਂ ਕਿਹਾ ਕਿ ਅੱਡਾ ਮਲੋਟ ਰੋਡ ’ਤੇ ਜਾਣ ਕਾਰਨ ਬੱਸ ਮੁਸਾਫ਼ਿਰਾਂ ਨੂੰ ਪੁਰਾਣੇ ਅੱਡੇ ’ਤੇ ਪੁੱਜਣ ਲਈ ਕਰੀਬ 7 ਕਿਲੋਮੀਟਰ ਸਫ਼ਰ ਤੈਅ ਕਰਨਾ ਪਵੇਗਾ, ਜਿਸ ਸਦਕਾ ਲੋਕਾਂ ਦੇ ਧਨ ਅਤੇ ਸਮੇਂ ਦੀ ਬਰਬਾਦੀ ਹੋਵੇਗੀ।
ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਤਰਕ ਦਿੱਤਾ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬੱਸ ਅੱਡਿਆਂ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਦਾ ਪਿੱਛਲਾ ਤਜਰਬਾ ਨਾ-ਕਾਮਯਾਬ ਰਿਹਾ ਹੈ, ਇਸ ਕਰ ਕੇ ਬਠਿੰਡੇ ਵਿੱਚ ਵੀ ਇਹ ਨੀਤੀ ਗ਼ਲਤ ਦਿਸ਼ਾ ਵੱਲ ਚੁੱਕਿਆ ਕਦਮ ਸਿੱਧ ਹੋਵੇਗੀ। ਆਗੂਆਂ ਨੇ ਪ੍ਰਸ਼ਾਸਨ ਨੂੰ ਮਸ਼ਵਰਾ ਦਿੱਤਾ ਕਿ ਮੌਜੂਦਾ ਬੱਸ ਅੱਡੇ ਨੂੰ ਹੀ ਬਹੁ-ਮੰਜ਼ਿਲਾ ਅਤੇ ਏਅਰਕੰਡੀਸ਼ਨਡ ਬਣਾ ਕੇ ਵਿਕਸਤ ਕੀਤਾ ਜਾਵੇ, ਨਾ ਕਿ ਇਸ ਨੂੰ ਸ਼ਹਿਰ ਤੋਂ ਬਾਹਰ ਲਿਜਾਇਆ ਜਾਵੇ। ਉਨ੍ਹਾਂ ਕਿਹਾ ਕਿ ਬੱਸ ਅੱਡਾ ਬਦਲਣ ਨਾਲ ਪੀਆਰਟੀਸੀ ਦੇ ਬਠਿੰਡਾ ਸਥਿਤ ਡਿੱਪੂ ਸਮੇਤ ਕਈ ਵਿਭਾਗਾਂ ਲਈ ਘਾਟੇ ਦਾ ਸੌਦਾ ਸਾਬਿਤ ਹੋਵੇਗਾ। ਉਨ੍ਹਾਂ ਅੱਡੇ ਦੀ ਥਾਂ ਬਦਲੇ ਜਾਣ ਦੀ ਪ੍ਰਸਤਾਵਿਤ ਤਜਵੀਜ਼ ਨੂੰ ਵਿਕਾਸ ਨਹੀਂ, ਵਿਨਾਸ਼ ਦੀ ਯੋਜਨਾ ਦੱਸਿਆ।
ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਪੂਰੀ ਗੱਲ ਸੁਣਨ ਬਾਅਦ ਏਡੀਸੀ ਮੈਡਮ ਕੰਚਨ ਨੇ ਭਰੋਸਾ ਦਿੱਤਾ ਕਿ ਬਹੁ ਗਿਣਤੀ ਲੋਕਾਂ ਦੀ ਰਾਇ ਨੂੰ ਆਧਾਰ ਬਣਾ ਕੇ ਹੀ ਪ੍ਰਸ਼ਾਸਨ ਬੱਸ ਅੱਡੇ ਬਾਰੇ ਫੈਸਲਾ ਲਵੇਗਾ।