ਬੱਤੀਸੀ ਦਾ ਦੁੱਖ
ਪ੍ਰੇਮ ਗੁਪਤਾ ‘ਮਾਨੀ’
ਕਈ ਸਾਲ ਪਹਿਲਾਂ ਕਿਸੇ ਨੇ ਉਸ ਨੂੰ ਦੱਸਿਆ ਸੀ ਕਿ ਹੱਸਦੇ ਰਹਿਣ ਨਾਲ ਆਦਮੀ ਦੀ ਸਿਹਤ ਚੰਗੀ ਰਹਿੰਦੀ ਹੈ। ਬਸ ਉਸੇ ਦਿਨ ਤੋਂ ਉਸ ਨੇ ਆਪਣੀ ਸਿਹਤ ਦੀ ਖ਼ਾਤਰ ਉੁਹ ਗੱਲ ਪੱਲੇ ਬੰਨ੍ਹ ਲਈ। ਜੀਵਨ ਵਿੱਚ ਦੁੱਖ ਹੋਵੇ ਜਾਂ ਸੁਖ, ਉਹ ਬਸ ਹੱਸਦਾ ਰਹਿੰਦਾ ਸੀ ਅਤੇ ਹਰ ਸਮੇਂ ਹੱਸਦੇ ਰਹਿਣ ਕਾਰਨ ਉਸ ਦੀ ਸਿਹਤ ਤਾਂ ਚੰਗੀ ਹੋ ਗਈ ਪਰ ਉਹ ਇੱਕ ਮੁਸੀਬਤ ਵਿੱਚ ਪੈ ਗਿਆ। ਹਰ ਸਮੇਂ ਹੱਸਦੇ ਰਹਿਣ ਦਾ ਉਸ ਨੂੰ ਇੰਨਾ ਅਭਿਆਸ ਹੋ ਗਿਆ ਸੀ ਕਿ ਚਾਹੁੰਦੇ ਹੋਏ ਵੀ ਉਸ ਦੀ ਬੱਤੀਸੀ ਅੰਦਰ ਜਾਂਦੀ ਹੀ ਨਹੀਂ ਸੀ।
ਹਰ ਸਮੇਂ ਮੂੰਹ ਖੋਲ੍ਹ ਕੇ ਬੱਤੀਸੀ ਚਮਕਾਉਣ ਕਾਰਨ ਵੇਲੇ ਕੁਵੇਲੇ ਉਸ ਨੂੰ ਲੋਕਾਂ ਤੋਂ ਫਿਟਕਾਰ ਪੈ ਚੁੱਕੀ ਸੀ... ਪਰ ਉਹ ਸੀ ਕਿ ਆਦਤ ਤੋਂ ਮਜਬੂਰ... ਮੂੰਹ ਖੋਲ੍ਹ ਕੇ ਹੱਸਦਾ ਰਹਿੰਦਾ...। ਫਿਟਕਾਰਨ ਵਾਲਾ ਵੀ ਹੱਸ ਪੈਂਦਾ, ‘‘...ਯਾਰ, ਤੇਰੇ ਜਿਹਾ ਬੇਸ਼ਰਮ ਆਦਮੀ ਨਹੀਂ ਦੇਖਿਆ।’’
ਆਪਣੇ ਲਈ ‘ਬੇਸ਼ਰਮ’ ਸ਼ਬਦ ਸੁਣ ਕੇ ਉਸ ਦੇ ਦਿਲ ਨੂੰ ਸੱਟ ਵੱਜਦੀ। ਉਹ ਜ਼ਬਰਦਸਤੀ ਆਪਣਾ ਮੂੰਹ ਬੰਦ ਕਰ ਲੈਂਦਾ ਪਰ ਦੂਜੇ ਹੀ ਪਲ ਬੱਤੀਸੀ ਆਪਣੇ ਆਪ ਲਿਸ਼ਕ ਪੈਂਦੀ... ਬੁੱਲ੍ਹ ਚੌੜੇ ਹੋ ਜਾਂਦੇ...। ਦੇਖ ਕੇ ਜਾਪਦਾ ਜਿਵੇਂ ਹੱਸ ਰਿਹਾ ਹੋਵੇ। ਸਾਹਮਣੇ ਵਾਲਾ ਗੁੱਸੇ ਵਿੱਚ ਅੱਗੇ ਵਧ ਜਾਂਦਾ, ‘‘ਉਏ ਕੁਝ ਤਾਂ ਸ਼ਰਮ ਕਰ...।’’
ਆਪਣੀ ਇਸ ਆਦਤ ਤੋਂ ਉਹ ਵੀ ਘੱਟ ਪ੍ਰੇਸ਼ਾਨ ਨਹੀਂ ਸੀ। ਸੋ ਸਮੇਂ-ਸਮੇਂ ਹੱਸਦੇ ਸਮੇਂ ਉਹ ਉਸ ਆਦਮੀ ਨੂੰ ਲੱਖ-ਲੱਖ ਬਦਅਸੀਸ ਦਿੰਦਾ, ਜਿਸ ਨੇ ਉਸ ਨੂੰ ਹੱਸਦੇ ਰਹਿਣ ਦੀ ਸਲਾਹ ਦਿੱਤੀ ਸੀ। ਇਸ ਆਦਤ ਤੋਂ ਉਸ ਦੀ ਪਤਨੀ ਅਤੇ ਬੱਚੇ ਵੀ ਘੱਟ ਪ੍ਰੇਸ਼ਾਨ ਨਹੀਂ ਸਨ।
ਇੱਕ ਦਿਨ ਦਫ਼ਤਰ ਤੋਂ ਘਰ ਆਇਆ ਤਾਂ ਦੇਖਿਆ ਕਿ ਪਤਨੀ ਪੇਟ ਦਰਦ ਨਾਲ ਬੁਰੀ ਤਰ੍ਹਾਂ ਤੜਪ ਰਹੀ ਸੀ। ਉਸ ਨੇ ਪਤਨੀ ਨੂੰ ਇਸ ਹਾਲਤ ਵਿੱਚ ਦੇਖਿਆ ਤਾਂ ਹੱਸਣ ਲੱਗਿਆ, ‘‘ਕਿਉਂ ਕੀ ਹੋਇਆ ਤੈਨੂੰ? ਤੂੰ ਇਸ ਤਰ੍ਹਾਂ ਲੋਟ-ਪੋਟ ਕਿਉਂ ਹੋ ਰਹੀ ਹੈ?’’
‘‘ਤੁਹਾਨੂੰ ਕੀ ਦਿਸਦਾ ਹੈ? ਪੇਟ ਦਰਦ ਨਾਲ ਮੇਰਾ ਬੁਰਾ ਹਾਲ ਹੈ ਅਤੇ ਤੁਸੀਂ ਖ਼ੁਸ਼ ਹੋ ਰਹੇ ਹੋ। ਛੇਤੀ ਡਾਕਟਰ ਨੂੰ ਬੁਲਾਓ, ਨਹੀਂ ਤਾਂ ਮੈਂ ਮਰ ਜਾਵਾਂਗੀ।’’
ਪਤਨੀ ਨੇ ਰੋਂਦੇ ਹੋਏ ਕਿਹਾ ਤਾਂ ਉਸ ਦਾ ਹੱਸਣਾ ਬੰਦ ਹੋ ਗਿਆ, ਪਰ ਬੱਤੀਸੀ ਖੁੱਲ੍ਹੀ ਰਹੀ ‘‘... ਹਾਂ... ਹਾਂ... ਮੈਂ ਹੁਣੇ ਹੀ ਡਾਕਟਰ ਨੂੰ ਲੈ ਕੇ ਆਉਂਦਾ ਹਾਂ...।’’
ਬੱਤੀਸੀ ਖੋਲ੍ਹੀ ਉਹ ਬਾਹਰ ਨਿਕਲਿਆ ਤਾਂ ਗੁਆਂਢੀ ਸ਼ਰਮਾ ਨੇ ਕਿਹਾ, ‘‘ਕੀ ਗੱਲ ਹੈ ਮਿਸ਼ਰਾ ਜੀ... ਬੜੇ ਖ਼ੁਸ਼ ਨਜ਼ਰ ਆ ਰਹੇ ਹੋ...?’’
‘‘ਨਹੀਂ ਸ਼ਰਮਾ ਜੀ, ਅਜਿਹੀ ਕੋਈ ਗੱਲ ਨਹੀਂ... ਦਰਅਸਲ ਡਾਕਟਰ ਨੂੰ ਲੈਣ ਜਾ ਰਿਹਾ ਹਾਂ। ਪੇਟ ਦਰਦ ਨਾਲ ਪਤਨੀ ਦੀ ਹਾਲਤ ਬਹੁਤ ਖਰਾਬ ਹੈ।’’
ਇਸ ਤੋਂ ਪਹਿਲਾਂ ਕਿ ਹੈਰਾਨ ਸ਼ਰਮਾ ਉਸ ਤੋਂ ਕੁਝ ਹੋਰ ਪੁੱਛਦਾ, ਉਹ ਹੱਸਦਾ ਹੋਇਆ ਚਲਾ ਗਿਆ। ਡਾਕਟਰ ਦਾ ਕਲੀਨਿਕ ਘਰ ਦੇ ਨੇੜੇ ਹੀ ਸੀ। ਦਸ ਮਿੰਟ ਵਿੱਚ ਹੀ ਪਹੁੰਚ ਗਿਆ। ਡਾਕਟਰ ਕਿਸੇ ਦੂਸਰੇ ਮਰੀਜ਼ ਨੂੰ ਦੇਖ ਰਿਹਾ ਸੀ। ਸਮਾਂ ਲੱਗਦਾ ਦੇਖ ਕੇ ਹੱਸਦਾ ਹੋਇਆ ਬੈਂਚ ਉੱਤੇ ਬੈਠ ਗਿਆ ਅਤੇ ਆਉਣ ਵਾਲੇ ਮਰੀਜ਼ਾਂ ਨੂੰ ਪੂਰੀ ਬੱਤੀਸੀ ਖੋਲ੍ਹ ਕੇ ਦੇਖਣ ਲੱਗਾ। ਮਰੀਜ਼ ਉਸ ਨੂੰ ਗੁੱਸੇ ਨਾਲ ਦੇਖਦੇ ਅਤੇ ਅੱਗੇ ਵਧ ਜਾਂਦੇ।
ਥੋੜ੍ਹੀ ਦੇਰ ਬਾਅਦ ਡਾਕਟਰ ਵਿਹਲਾ ਹੋਇਆ ਤਾਂ ਉਸ ਵੱਲ ਮੁੜਿਆ, ‘‘ਦੱਸੋ ਮਿਸ਼ਰਾ ਜੀ... ਕਿਵੇਂ ਆਉਣਾ ਹੋਇਆ?’’
‘‘ਜੀ, ਪਤਨੀ ਦੇ ਪੇਟ ਵਿੱਚ ਬੜਾ ਭਿਅੰਕਰ ਦਰਦ ਹੈ... ਜ਼ਰਾ ਚੱਲ ਕੇ ਦੇਖ ਲੈਂਦੇ।’’ ਇਹ ਕਹਿ ਕੇ ਉਹ ਹੱਸਣ ਲੱਗਾ ਤਾਂ ਡਾਕਟਰ ਨੂੰ ਵੀ ਹਾਸਾ ਆ ਗਿਆ, ‘‘ਮਿਸ਼ਰਾ ਜੀ, ਤੁਹਾਨੂੰ ਆਪਣੀ ਪਤਨੀ ਨਾਲ ਅਜਿਹੀ ਵੀ ਕੀ ਨਫ਼ਰਤ ਹੈ ਕਿ ਉਸ ਦੇ ਦੁੱਖ ਵਿੱਚ ਵੀ ਤੁਸੀਂ ਖ਼ੁਸ਼ ਹੋ ਰਹੇ ਹੋ...?’’
‘‘ਨਹੀਂ...ਨਹੀਂ...।’’ ਕੁਝ ਸਫ਼ਾਈ ਜਿਹੀ ਦਿੰਦੇ ਹੋਏ ਉਸ ਨੇ ਡਾਕਟਰ ਦਾ ਬੈਗ ਚੁੱਕਿਆ ਅਤੇ ਫਿਰ ਆਪਣੀ ਪੂਰੀ ਬੱਤੀਸੀ ਚਮਕਾਉਂਦਾ ਹੋਇਆ ਘਰ ਵੱਲ ਚੱਲ ਪਿਆ।
ਉਸ ਦੀ ਪਤਨੀ ਦਾ ਚੈਕਅੱਪ ਕਰ, ਦਵਾਈ ਆਦਿ ਲਿਖ ਕੇ ਡਾਕਟਰ ਤਾਂ ਚਲਾ ਗਿਆ, ਪਰ ਉਸ ਮਗਰੋਂ ਪਤਨੀ ਨੇ ਘਰ ਵਿੱਚ ਜੋ ਮਹਾਭਾਰਤ ਕੀਤੀ ਕਿ ਅਸਲੀ ਕੌਰਵ ਵੀ ਹੁੰਦੇ ਤਾਂ ਇਹ ਦੇਖ ਕੇ ਮਹਾਭਾਰਤ ਤੋਂ ਤੌਬਾ ਕਰ ਲੈਂਦੇ। ਉਸ ਨੇ ਪਤਨੀ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ। ਹਰ ਹੀਲੇ ਆਪਣੇ ਅਮਰ ਪ੍ਰੇਮ ਦਾ ਯਕੀਨ ਦਿਵਾਇਆ, ਪਰ ਸਭ ਵਿਅਰਥ...।
ਪਤਨੀ ਦੀ ਇੱਕੋ ਰਟ, ‘‘ਮੇਰੇ ਦੁੱਖ ਵਿੱਚ ਤੁਹਾਨੂੰ ਬੜਾ ਹਾਸਾ ਆਉਂਦਾ ਹੈ ਨਾ...। ਹੁਣ ਦੇਖਿਓ, ਜਦ ਤੁਸੀਂ ਬਿਮਾਰ ਹੋਵੋਗੇ ਤਾਂ ਮੈਂ ਡਾਕਟਰ ਨੂੰ ਵੀ ਨਹੀਂ ਬੁਲਾਵਾਂਗੀ...।’’
ਪਤਨੀ ਫਿਰ ਧਾਹਾਂ ਮਾਰ ਮਾਰ ਕੇ ਰੋਣ ਲੱਗੀ ਤਾਂ ਬਹਾਨਾ ਬਣਾ ਕੇ ਉਹ ਛੇਤੀ ਨਾਲ ਖਿਸਕ ਗਿਆ। ਕਾਫ਼ੀ ਦੇਰ ਬਾਅਦ ਹੱਸਦਾ ਹੋਇਆ ਬਾਹਰੋਂ ਘਰ ਆਇਆ ਤਾਂ ਫਿਰ ਉਹੀ ਦ੍ਰਿਸ਼...। ਘਬਰਾ ਕੇ ਬਾਥਰੂਮ ਵਿੱਚ ਵੜ ਗਿਆ। ਇਸ ਮੁਸ਼ਕਿਲ ਘੜੀ ਵਿੱਚ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰੇ...। ਕਾਫ਼ੀ ਦੇਰ ਬਾਅਦ ਬਾਹਰ ਨਿਕਲਿਆ ਤਾਂ ਪੂਰਾ ਨੁਚੜਿਆ ਹੋਇਆ।
ਆਪਣੀ ਇਸ ਹਾਲਤ ਤੋਂ ਉਪਜੀ ਸਥਿਤੀ ਨਾਲ ਉਸ ਨੂੰ ਕਿੰਨੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਇਹ ਕਿਸੇ ਨੂੰ ਕਿਵੇਂ ਸਮਝਾਏ? ਇੱਕ ਵਾਰ ਤਾਂ ਮੂੰਹ ਲੁਕਾ ਕੇ ਭੱਜਣਾ ਪਿਆ। ਹੋਇਆ ਇੰਝ ਕਿ ਉਸ ਦੇ ਇੱਕ ਰਿਸ਼ਤੇਦਾਰ ਦੀ ਮੌਤ ਹੋ ਗਈ। ਨਾ ਚਾਹੁੰਦੇ ਹੋਏ ਵੀ ਪਿਤਾ ਦੇ ਕਹਿਣ ਕਾਰਨ ਉਸ ਨੂੰ ਉੱਥੇ ਜਾਣਾ ਹੀ ਪਿਆ। ਜਾਂਦੇ ਸਮੇਂ ਪਿਤਾ ਨੇ ਖ਼ਾਸ ਹਦਾਇਤ ਦਿੱਤੀ ਸੀ, ‘‘ਧਰਵਾਸਾ ਦਿੰਦੇ ਸਮੇਂ ਜ਼ਰਾ ਆਪਣੀ ਬੱਤੀਸੀ ਉੱਤੇ ਕਾਬੂ ਰੱਖੀਂ...। ਇਸ ਕਾਰਨ ਜੇਕਰ ਸਾਡੇ ਰਿਸ਼ਤੇ ਉੱਤੇ ਕੋਈ ਅਸਰ ਪਿਆ ਤਾਂ ਸਮਝ ਲਵੀਂ... ਤੇਰੀ ਖ਼ੈਰ ਨਹੀਂ...।’’ ਉਸ ਨੇ ਪਿਤਾ ਦੇ ਹੁਕਮ ਅਨੁਸਾਰ ਅਜਿਹਾ ਕੀਤਾ ਵੀ। ਉੱਥੇ ਸਾਰਿਆਂ ਸਾਹਮਣੇ ਉਦਾਸ ਅੱਖਾਂ ਨਾਲ ਉਸ ਨੇ ਕਾਫ਼ੀ ਦੇਰ ਤੱਕ ਆਪਣੀ ਬੱਤੀਸੀ ਉੱਤੇ ਕਾਬੂ ਪਾਈ ਰੱਖਿਆ, ਪਰ ਜਿਉਂ ਹੀ ਮ੍ਰਿਤਕ ਰਿਸ਼ਤੇਦਾਰ ਦੀ ਪਤਨੀ-ਬੱਚਿਆਂ ਨੇ ਧਾਹਾਂ ਮਾਰ ਕੇ ਰੋਣਾ ਸ਼ੁਰੂ ਕੀਤਾ, ਉਸ ਦੀ ਬੱਤੀਸੀ ਖੁੱਲ੍ਹ ਗਈ...। ਉਸ ਨੂੰ ਦੇਖ ਕੇ ਗੁੱਸੇ ਵਿੱਚ ਲੋਕਾਂ ਨੇ ਅਜਿਹੀਆਂ ਗੱਲਾਂ ਆਖੀਆਂ ਕਿ ਉਸ ਨੂੰ ਉੱਥੋਂ ਭੱਜਣਾ ਪਿਆ।
ਇਸ ਵੱਡੇ ਕਾਂਡ ਮਗਰੋਂ ਉਸ ਨੇ ਕਿਸੇ ਦੇ ਘਰ ਮਾਤਮ ਵਿੱਚ ਜਾਣਾ ਹੀ ਛੱਡ ਦਿੱਤਾ। ਦੂਜੇ ਤੱਕ ਤਾਂ ਫਿਰ ਵੀ ਚੱਲ ਗਿਆ, ਪਰ ਆਪਣੇ ਘਰ ਕੀ ਕਰਦਾ...? ਪਿਤਾ ਦੀ ਅਚਾਨਕ ਮੌਤ ਹੋ ਗਈ ਤਾਂ ਵੀ ਉਸ ਦਾ ਉਹੀ ਹਾਲ ਰਿਹਾ। ਮੋਢੇ ਉੱਤੇ ਪਿਤਾ ਦੀ ਅਰਥੀ ਸੀ ਅਤੇ ਉਸ ਦੇ ਚਿਹਰੇ ਉੱਤੇ ਬੱਤੀਸੀ ਖਿੜੀ ਹੋਈ ਸੀ। ਰਿਸ਼ਤੇਦਾਰਾਂ ਨੇ ਦੇਖਿਆ ਤਾਂ ਥੂ-ਥੂ ਕੀਤਾ, ‘‘ਕਿਹੋ ਜਿਹਾ ਕਪੁੱਤ ਜੰਮਿਆ ਹੈ ਚਿਰੰਜੀ ਲਾਲ ਦੇ ਘਰ...। ਦੇਖੋ ਤਾਂ ਸਹੀ, ਬਾਪ ਦੇ ਮਰਨ ’ਤੇ ਕਿਵੇਂ ਹੱਸ ਰਿਹਾ ਏ... ਇੰਨਾ ਖ਼ੁਸ਼ ਤਾਂ ਕੋਈ ਦੁਸ਼ਮਣ ਦੇ ਮਰਨ ਉੱਤੇ ਵੀ ਨਹੀਂ ਹੁੰਦਾ...।’’
ਪਤਨੀ ਨੇ ਵੀ ਰਾਤ ਨੂੰ ਲੰਮੇ ਹੱਥੀਂ ਲਿਆ, ‘‘ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦੰਦ ਕੱਢਦੇ ਹੋਏ...? ਜੇਕਰ ਦਿਲ ਵਿੱਚ ਦੁੱਖ ਨਹੀਂ ਸੀ ਤਾਂ ਘੱਟ ਤੋਂ ਘੱਟ ਝੂਠ-ਮੂਠ ਹੀ ਦੁੱਖ ਦਰਸਾ ਕੇ ਇੱਜ਼ਤ ਬਚਾ ਲੈਂਦੇ। ਰਿਸ਼ਤੇਦਾਰਾਂ ਦਾ ਖ਼ਿਆਲ ਤਾਂ ਕਰਦੇ। ... ਕੀ ਸੋਚਦੇ ਹੋਣਗੇ ਸਾਰੇ...? ਤੁਸੀਂ ਆਪ ਸੋਚੋ ਕਿ ਤੁਹਾਡੇ ਮਰਨੇ ਉੱਤੇ ਜੇਕਰ ਤੁਹਾਡਾ ਬੇਟਾ ਵੀ ਇਸੇ ਤਰ੍ਹਾਂ ਹੱਸੇ ਤਾਂ ਕਿਹੋ ਜਿਹਾ ਲੱਗੇਗਾ...?’’
ਫਿਰ ਦੂਜੇ ਹੀ ਪਲ ਪਤਨੀ ਦੁਹੱਥੜ ਮਾਰ ਕੇ ਰੋਣ ਲੱਗੀ, ‘‘ਜਦ ਤੁਸੀਂ ਜਨਮ ਦੇਣ ਵਾਲੇ ਪਿਤਾ ਦੇ ਮਰਨ ਉੱਤੇ ਨਹੀਂ ਰੋਏ ਤਾਂ ਮੇਰੇ ਮਰਨ ਉੱਤੇ ਕੀ ਸੁਆਹ ਰੋਵੋਗੇ...?’’
ਇਹ ਗੱਲ ਨਹੀਂ ਕਿ ਉਹ ਆਪਣੀ ਇਸ ਆਦਤ ਤੋਂ ਮੁਕਤੀ ਦਾ ਕੋਈ ਉਪਾਅ ਸੋਚਣ ਦੀ ਕੋਸ਼ਿਸ਼ ਨਾ ਕਰਦਾ ਹੋਵੇ। ਇਸੇ ਚੱਕਰ ਵਿੱਚ ਇੱਕ ਵਾਰ ਉਸ ਨੇ ਬੁਰਕਾ ਪਾਉਣ ਉੱਤੇ ਵੀ ਵਿਚਾਰ ਕੀਤਾ ਸੀ, ਪਰ ਫਿਰ ਜੱਗ-ਹਸਾਈ ਦੇ ਡਰ ਤੋਂ ਇਹ ਵਿਚਾਰ ਵੀ ਤਿਆਗ ਦਿੱਤਾ।
ਇਧਰ ਉਹ ਇੱਕ ਹੋਰ ਸੰਕਟ ਵਿੱਚ ਫਸ ਗਿਆ। ਪਤਨੀ ਨੇ ਖ਼ੁਦ ਤਾਂ ਉਸ ਨਾਲ ਬੋਲਣਾ ਛੱਡਿਆ ਹੀ ਸੀ, ਨਾਲ ਹੀ ਬੱਚਿਆਂ ਨੂੰ ਵੀ ਸਖ਼ਤ ਹਦਾਇਤ ਦਿੱਤੀ ਸੀ, ‘‘ਜਦ ਤੱਕ ਤੁਹਾਡੇ ਪਿਤਾ ਨਹੀਂ ਸੁਧਰਨਗੇ ਤਦ ਤੱਕ ਉਨ੍ਹਾਂ ਨਾਲ ਕੋਈ ਗੱਲ ਨਹੀਂ ਕਰੇਗਾ...।’’ ਹੁਣ ਬੱਚੇ ਹੋਏ ਮਾਂ ਦੇ ਪਰਮ ਭਗਤ... ਸਾਰਿਆਂ ਨੇ ਉਸ ਨਾਲ ਬੋਲਣਾ ਛੱਡ ਦਿੱਤਾ।
ਉਹ ਰੋਜ਼ ਸੁਵਖਤੇ ਹੱਸਦਾ ਹੋਇਆ ਉੱਠਦਾ... ਨਹਾਉਣ ਆਦਿ ਤੋਂ ਫਾਰਗ ਹੋ ਕੇ ਮੇਜ਼ ਉੱਤੇ ਪਹਿਲਾਂ ਹੀ ਰੱਖਿਆ ਖਾਣਾ ਹੱਸਦਾ-ਹੱਸਦਾ ਖਾਂਦਾ ਅਤੇ ਦਫ਼ਤਰ ਰਵਾਨਾ ਹੋ ਜਾਂਦਾ। ਮਾਂ ਕੋਲੋਂ ਉਸ ਦਾ ਇਕੱਲਾਪਣ ਦੇਖਿਆ ਨਹੀਂ ਜਾ ਰਿਹਾ ਸੀ। ਇੱਕ ਦਿਨ ਮਾਂ ਨੇ ਬਹੁਤ ਸਮਝਾਇਆ, ‘‘ਪੁੱਤਰ, ਖ਼ੁਸ਼ ਰਹਿਣਾ ਚੰਗੀ ਗੱਲ ਹੈ, ਪਰ ਦੁੱਖ ਸਮੇਂ ਵੀ ਹੱਸਦਾ ਰਹਿੰਦਾ ਏਂ, ਇਹ ਵੀ ਕੋਈ ਗੱਲ ਹੋਈ...? ਇਹ ਚੰਗੀ ਗੱਲ ਨਹੀਂ ਹੈ ਪੁੱਤਰ...।’’
ਮਾਂ ਦੀ ਇਹ ਗੱਲ ਤੀਰ ਵਾਂਗ ਉਸ ਦੀ ਅੰਤਰਆਤਮਾ ਨੂੰ ਜ਼ਖ਼ਮੀ ਕਰ ਗਈ। ਉਸ ਨੇ ਉਸੇ ਵਕਤ ਸਹੁੰ ਖਾਧੀ... ‘ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ...। ਅੱਜ ਇਸੇ ਵਕਤ ਬੱਤੀਸੀ ਨੂੰ ਪੁੱਟ ਸੁੱਟਾਂਗਾ...।’ ਮਾਰੇ ਗੁੱਸੇ ਅਤੇ ਪਛਤਾਵੇ ਦੇ ਮਨ ਹੀ ਮਨ ਉਸ ਨੇ ਪ੍ਰਣ ਲਿਆ ਪਰ ਉਸ ਮੁਸ਼ਕਲ ਘੜੀ ਵਿੱਚ ਵੀ ਉਸ ਦੀ ਖੁੱਲ੍ਹੀ ਬੱਤੀਸੀ ਨਾਲ ਹਾਸਾ ਬਰਕਰਾਰ ਸੀ। ਆਪਣੀ ਰਾਏ ਉਸ ਨੂੰ ਸਾਹਮਣੇ ਲੱਗੇ ਸ਼ੀਸ਼ੇ ਵਿੱਚ ਦਿਖਾਈ ਦਿੱਤੀ ਤਾਂ ਸ਼ੀਸ਼ੇ ਨੂੰ ਤੋੜ ਕੇ ਜਾ ਪਹੁੰਚਿਆ ਦੰਦਾਂ ਦੇ ਡਾਕਟਰ ਦੇ ਕੋਲ, ‘‘ਡਾਕਟਰ ਸਾਹਬ, ਪੂਰੀ ਬੱਤੀਸੀ ਪੁੱਟਣ ਦਾ ਕੀ ਲਵੋਗੇ...?’’
ਡਾਕਟਰ ਨੇ ਉਸ ਵੱਲ ਦੇਖਿਆ। ਬੱਤੀਸੀ ਖੁੱਲ੍ਹੀ ਦੇਖ ਕੇ ਗੁੱਸੇ ਹੋ ਗਿਆ, ‘‘ਸ਼ਰਮ ਨਹੀਂ ਆਉਂਦੀ ਡਾਕਟਰ ਨਾਲ ਮਜ਼ਾਕ ਕਰਦੇ ਹੋਏ...?’’
ਉਹ ਪ੍ਰੇਸ਼ਾਨ ਹੋ ਗਿਆ। ਕਿਸੇ ਤਰ੍ਹਾਂ ਡਾਕਟਰ ਨੂੰ ਉਸ ਨੇ ਆਪਣੀ ਸਮੱਸਿਆ ਸਮਝਾਈ। ਡਾਕਟਰ ਨੂੰ ਰਹਿਮ ਆ ਗਿਆ। ਉਹ ਕਲਯੁਗੀ ਹੋਣ ਦੇ ਬਾਵਜੂਦ ਪੈਸੇ ਅਤੇ ਦਵਾਈ ਦੇ ਮਾਮਲੇ ਵਿੱਚ ਸਤਯੁਗੀ ਨਿਕਲਿਆ। ਘੱਟ ਪੈਸਿਆਂ ਅਤੇ ਉਸ ਤੋਂ ਵੀ ਘੱਟ ਸਮੇਂ ਵਿੱਚ ਹੀ ਡਾਕਟਰ ਨੇ ਉਸ ਦੀ ਪੂਰੀ ਬੱਤੀਸੀ ਪੁੱਟ ਕੇ ਉਸ ਦੇ ਹੱਥਾਂ ਵਿੱਚ ਦੇ ਦਿੱਤੀ।
ਉਹ ਬੇਹੱਦ ਖ਼ੁਸ਼ ਹੋਇਆ ਅਤੇ ਜੋਸ਼ ਵਿੱਚ ਉਹ ਆਪਣਾ ਸਾਰਾ ਦੁੱਖ ਭੁੱਲ ਗਿਆ। ਕਾਫ਼ੀ ਖ਼ੁਸ਼ ਹੋ ਕੇ ਉਹ ਘਰ ਪਹੁੰਚਿਆ ਅਤੇ ਪਤਨੀ ਨੂੰ ਕਹਿਣ ਲੱਗਾ, ‘‘ਲੈ ਭਾਗਵਾਨੇ, ਜਿਸ ਕਾਰਨ ਤੂੰ ਮੇਰੇ ਨਾਲ ਗੁੱਸੇ ਰਹਿੰਦੀ ਸੀ, ਉਸ ਕਾਰਨ ਨੂੰ ਮੈਂ ਜੜ੍ਹੋਂ ਹੀ ਪੁੱਟ ਸੁੱਟਿਆ।’’ ਕਹਿੰਦੇ-ਕਹਿੰਦੇ ਉਸ ਦਾ ਮੂੰਹ ਫਿਰ ਖੁੱਲ੍ਹ ਗਿਆ। ਉਸ ਦੇ ਮੂੰਹ ਦਾ ਹਨੇਰਾ ਦੇਖ ਪਤਨੀ ਤਾਂ ਗਸ਼ ਖਾ ਕੇ ਡਿੱਗ ਪਈ। ਮਾਂ ਨੇ ਦੇਖਿਆ ਤਾਂ ਧਾਹਾਂ ਮਾਰ ਕੇ ਰੋ ਪਈ, ‘‘ਓਏ ਬੁੱਧੂਆ, ਅਜੇ ਤਾਂ ਮੈਂ ਹੀ ਬੈਠੀ ਹਾਂ, ਫਿਰ ਤੂੰ ਪਹਿਲਾਂ ਕਿਵੇਂ ਬੁੱਢਾ ਹੋ ਗਿਆ ਪੁੱਤਰਾ...?’’
ਪਤਨੀ ਵੀ ਲੰਘਦੀ-ਵੜਦੀ ਗੁੱਸੇ ਵਿੱਚ ਮੂੰਹ ਫੇਰ ਕੇ ਅੱਗੇ ਤੁਰ ਜਾਂਦੀ, ‘‘ਖੜੂਸ ਬੁੱਢਾ ਕਿਸੇ ਥਾਂ ਦਾ...।’’
ਹੁਣ ਉਹ ਪਹਿਲਾਂ ਨਾਲੋਂ ਵੱਧ ਪ੍ਰੇਸ਼ਾਨ ਸੀ। ਪਹਿਲਾਂ ਜਿੱਥੇ ਸਿਰਫ਼ ਪਤਨੀ ਅਤੇ ਬੱਚੇ ਗੁੱਸੇ ਸਨ, ਉੱਥੇ ਹੁਣ ਮਾਂ ਵੀ ਰੁੱਸ ਗਈ ਹੈ। ਉਸ ਦਾ ਘਰੋਂ ਬਾਹਰ ਨਿਕਲਣਾ ਵੀ ਦੁੱਭਰ ਹੋ ਗਿਆ ਹੈ। ਉਸ ਦਾ ਮੂੰਹ ਹੁਣ ਵੀ ਖੁੱਲ੍ਹ ਜਾਂਦਾ ਹੈ, ਜਿਹਨੂੰ ਦੇਖ ਕੇ ਕੁੜੀਆਂ ਤਾਂ ਗੁੱਸੇ ਨਾਲ ਬੋਲਣ ਲੱਗਦੀਆਂ ਹਨ, ‘‘ਇਸ ਬੁੱਢੇ ਨੂੰ ਦੇਖੋ ਤਾਂ ਸਹੀ... ਮੂੰਹ ’ਚ ਇੱਕ ਵੀ ਦੰਦ ਨਹੀਂ... ਕਬਰ ’ਚ ਪੈਰ ਲਮਕਾਈ ਬੈਠਾ ਹੈ, ਫਿਰ ਵੀ ਕੁੜੀਆਂ ਨੂੰ ਦੇਖ ਕੇ ਹੱਸਦਾ ਹੈ... ਕੁੱਤਾ ਕਿਸੇ ਥਾਂ ਦਾ...।’’
ਇਨ੍ਹਾਂ ਸਾਰੀਆਂ ਘਟਨਾਵਾਂ ਕਾਰਨ ਉਹ ਇੰਨਾ ਪ੍ਰੇਸ਼ਾਨ ਹੋ ਗਿਆ ਹੈ ਕਿ ਹੁਣ ਫਿਰ ਤੋਂ ਬੱਤੀਸੀ ਲਗਵਾਉਣ ਦੇ ਚੱਕਰ ਵਿੱਚ ਹੈ। ਬਸ ਉਸ ਨੂੰ ਭਾਲ ਹੈ ਕਿ ਇੱਕ ਹੋਰ ਡਾਕਟਰ ਦੀ...।
ਅਨੁਵਾਦ: ਨਿਰਮਲ ਪ੍ਰੇਮੀ ਰਾਮਗੜ੍ਹ
ਸੰਪਰਕ: 94631-61691