ਬੱਚੀ ਦੇ ਪਰਿਵਾਰ ਨੂੰ ਮਿਲੇ ‘ਆਪ’ ਆਗੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਇਕ ਦਰਿੰਦੇ ਦੀ ਹੈਵਾਨੀਅਤ ਦੀ ਸ਼ਿਕਾਰ ਬਣੀ ਨੌਂ ਸਾਲ ਦੀ ਬੱਚੀ ਦੇ ਮਾਪਿਆਂ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਨਹਿਰੂ ਬਿਹਾਰ ਵਿੱਚ ਮੁਲਾਕਾਤ ਕੀਤੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ‘ਆਪ’ ਆਗੂਆਂ ਵਿੱਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ, ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੌਰਭ ਭਾਰਤਵਾਜ, ਵਿਧਾਇਕ ਆਦਿਲ ਖਾਨ ਅਤੇ ਸੰਜੀਵ ਸ਼ਾਮਲ ਸਨ।
ਆਤਸ਼ੀ ਨੇ ਦੱਸਿਆ ਕਿ ਨਹਿਰੂ ਵਿਹਾਰ ਵਿੱਚ ਇੱਕ ਮਾਸੂਮ 9 ਸਾਲ ਦੀ ਬੱਚੀ ਨਾਲ ਹੋਈ ਬੇਰਹਿਮੀ ਨੇ ਸਾਰੇ ਦਿੱਲੀ ਵਾਸੀਆਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਪੀੜਤ ਪਰਿਵਾਰ ਨੂੰ ਮਿਲੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਇਨਸਾਫ਼ ਲਈ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੂਰਾ ਇਲਾਕਾ ਡਰਿਆ ਹੋਇਆ ਹੈ। ਕੋਈ ਵੀ ਕੁੜੀਆਂ ਨੂੰ ਘਰਾਂ ਤੋਂ ਬਾਹਰ ਨਹੀਂ ਆਉਣ ਦੇ ਰਿਹਾ। ਇੰਨੀ ਵੱਡੀ ਘਟਨਾ ਤੋਂ ਬਾਅਦ ਵੀ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਪੀੜਤ ਪਰਿਵਾਰ ਨੂੰ ਮਿਲਣ ਨਹੀਂ ਆਏ। ਉਨ੍ਹਾਂ ਨੂੰ ਦਿੱਲੀ ਦੀਆਂ ਧੀਆਂ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਚਾਰ ਇੰਜਣ ਵਾਲੀ ਭਾਜਪਾ ਸਰਕਾਰ ਦਿੱਲੀ ਦੀਆਂ ਔਰਤਾਂ ਅਤੇ ਕੁੜੀਆਂ ਨੂੰ ਸੁਰੱਖਿਆ ਦੇਣ ਵਿੱਚ ਅਸਫਲ ਰਹੀ ਹੈ।
ਇਸੇ ਦੌਰਾਨ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਦਵਿੰਦਰ ਕੁਮਾਰ ਨੇ ਵੀ ਕੇਂਦਰ ਅਤੇ ਦਿੱਲੀ ਦੀ ਭਾਜਪਾ ਸਰਕਾਰਾਂ ਨੂੰ ਕੌਮੀ ਰਾਜਧਾਨੀ ਦੀ ਵਿਗੜ ਰਹੀ ਅਮਨ ਕਾਨੂੰਨ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਪੀੜਤ ਮਾਪਿਆਂ ਨੂੰ ਛੇਤੀ ਇਨਸਾਫ ਦੇਣ ਦੀ ਮੰਗ ਕੀਤੀ।