ਬੱਚਾ ਚੁੱਕਣ ਦੇ ਸ਼ੱਕ ਵਿੱਚ ਫੜੇ ਤਿੰਂਨ ਵਿਅਕਤੀ ਪੁਲੀਸ ਹਵਾਲੇ ਕੀਤੇ

ਬਹਾਦਰਜੀਤ ਸਿੰਘ
ਰੂਪਨਗਰ, 12 ਅਗਸਤ
ਰੂਪਨਗਰ ਸ਼ਹਿਰ ਦੇ ਵਿਚ ਪੈਂਦੀ ਹਵੇਲੀ ਕਲਾਂ ਦੀ ਮਸਜਿਦ ਦੇ ਨਜ਼ਦੀਕ ਅੱਜ ਸਾਧੂਆਂ ਦੇ ਭੇਸ ਵਿਚ ਘੁੰਮ ਰਹੇ 4 ਵਿਅਕਤੀਆਂ ਨੂੰ ਬੱਚਾ ਚੁੱਕਣ ਵਾਲੇ ਗਰੋਹ ਦੇ ਸ਼ੱਕ ਪੈਣ ’ਤੇ ਲੋਕਾਂ ਨੇ ਦਬੋਚ ਲਿਆ, ਜਿਸ ਵਿਚ ਇੱਕ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਤਿੰਨ ਦੀ ਲੋਕਾਂ ਨੇ ਫੜ ਕੇ ਕੁੱਟਮਾਰ ਕੀਤੀ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ।
ਇਲਾਕਾ ਨਿਵਾਸੀ ਗੁਰਬਿੰਦਰ ਸਿੰਘ, ਮਨਜੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਅੱਜ ਬਕਰੀਦ ਦਾ ਤਿਉਹਾਰ ਹੋਣ ਕਰਕੇ ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦਾਂ ਵਿਚ ਇਕੱਠੇ ਹੋ ਕੇ ਤਿਉਹਾਰ ਮਨਾ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਸਾਧੂਆਂ ਦੇ ਭੇਸ ਵਿਚ ਬੱਚੇ ਚੁੱਕਣ ਵਾਲਾ ਗਰੋਹ ਘੁੰਮ ਰਿਹਾ ਹੈ ਅਤੇ ਮਸਜਿਦ ਦੇ ਨੇੜੇ ਇਹ ਬੱਚਾ ਚੁੱਕਣ ਦੀ ਤਾਂਘ ਵਿਚ ਵੀ ਹਨ।
ਸ਼ੱਕ ਪੈਣ ’ਤੇ ਉਨ੍ਹਾਂ ਨੇ ਸਿਟੀ ਪੁਲੀਸ ਨੂੰ ਇਤਲਾਹ ਦਿੱਤੀ ਅਤੇ ਸ਼ੱਕੀ ਵਿਅਕਤੀਆਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਉਧਰ, ਸਿਟੀ ਥਾਣੇ ਦੇ ਮੁਖੀ ਸੁਨੀਲ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਤੋਂ ਪਤਾ ਚੱਲਿਆ ਹੈ ਕਿ ਸ਼ੱਕੀ ਵਿਅਕਤੀ ਬੱਚਾ ਚੋਰ ਨਹੀਂ ਹਨ ਅਤੇ ਰੂਪਨਗਰ ਦੇ ਸਦਾਬਰਤ ਇਲਾਕੇ ਦੇ ਭੀਖ ਮੰਗਣ ਵਾਲੇ ਹਨ।