ਬੰਗਲਾਦੇਸ਼ ਦੀ ਸਿਆਸਤ
ਬੰਗਲਾਦੇਸ਼ ਵਿੱਚ ਮੁੜ ਗੜਬੜੀ ਦੌਰਾਨ ਵਿਦਿਆਰਥੀਆਂ ਦੀ ਅਗਵਾਈ ’ਚ ਨਵੀਂ ਸਿਆਸੀ ਪਾਰਟੀ ਹੋਂਦ ’ਚ ਆਈ ਹੈ ਜਿਸ ਦਾ ਅਹਿਦ ਹੈ ਕਿ ਉਹ 2024 ਦੀ ਬਗ਼ਾਵਤ ਮਗਰੋਂ ਪੈਦਾ ਹੋਈਆਂ ‘ਨਵੀਆਂ ਉਮੀਦਾਂ ਅਤੇ ਖਾਹਿਸ਼ਾਂ’ ਦੀ ਪੂਰਤੀ ਕਰੇਗੀ। ਨਵੀਂ ਗਠਿਤ ਜਾਤੀਆ ਨਾਗਰਿਕ ਪਾਰਟੀ ਦੇ ਚੋਟੀ ਦੇ ਅਹੁਦੇ ਉਨ੍ਹਾਂ ਨੌਜਵਾਨ ਕਾਰਕੁਨਾਂ ਨੇ ਸੰਭਾਲੇ ਹਨ ਜਿਨ੍ਹਾਂ ਪੱਖਪਾਤ ਵਿਰੋਧੀ ਅੰਦੋਲਨ ’ਚ ਅਹਿਮ ਭੂਮਿਕਾ ਅਦਾ ਕੀਤੀ ਸੀ। ਇਹ ਅੰਦੋਲਨ ਪਿਛਲੇ ਸਾਲ ਸ਼ੇਖ ਹਸੀਨਾ ਦੀ ਅਵਾਮੀ ਲੀਗ ਸਰਕਾਰ ਦੇ ਪਤਨ ਦਾ ਕਾਰਨ ਬਣਿਆ ਸੀ। ਵਿਦਿਆਰਥੀ ਆਗੂਆਂ ਵੱਲੋਂ ਆਪਣੀ ਵੱਖਰੀ ਪਾਰਟੀ ਖੜ੍ਹੀ ਕਰਨ ਦੇ ਫ਼ੈਸਲੇ ’ਚੋਂ ਝਲਕਦਾ ਹੈ ਕਿ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਅੰਤ੍ਰਿਮ ਸਰਕਾਰ ਤੋਂ ਉਨ੍ਹਾਂ ਦਾ ਮੋਹ ਭੰਗ ਹੋ ਚੁੱਕਾ ਹੈ। ਇਸ ਨਵੀਂ ਸਰਗਰਮੀ ਦਾ ਅਸਰ ਭਾਈਵਾਲ ਰਹੀਆਂ ਧਿਰਾਂ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਅਤੇ ਜਮਾਤ-ਏ-ਇਸਲਾਮੀ ਉੱਤੇ ਵੀ ਪਏਗਾ।
ਬੰਗਲਾਦੇਸ਼ ਅੱਜ ਚੌਰਾਹੇ ’ਤੇ ਖੜ੍ਹਾ ਹੈ ਜਾਂ ਇਹ ਕਹਿ ਲਈਏ ਕਿ ਢਲਾਨ ਦੇ ਬਿਲਕੁਲ ਕੰਢੇ ’ਤੇ ਹੈ। ਜਮਹੂਰੀਅਤ ਬਹਾਲ ਕਰਨ ਲਈ ਇਸ ਨੂੰ ਵਿਆਪਕ ਸੁਧਾਰਾਂ ਦੀ ਬਹੁਤ ਲੋੜ ਹੈ ਪਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਅਤੇ ਬਾਕੀ ਸਿਆਸੀ ਧੜੇ ਸਬਰ ਗੁਆ ਰਹੇ ਹਨ। ਉਹ ਚਾਹੁੰਦੇ ਹਨ ਕਿ ਥੋੜ੍ਹੇ ਬਹੁਤ ਸੁਧਾਰ ਕਰ ਕੇ ਜਿੰਨੀ ਜਲਦੀ ਸੰਭਵ ਹੋ ਸਕੇ, ਕੌਮੀ ਚੋਣਾਂ ਕਰਵਾ ਲਈਆਂ ਜਾਣ ਹਾਲਾਂਕਿ ਇਹ ਸੁਭਾਵਿਕ ਹੈ ਕਿ ਖਾਲਿਦਾ ਜ਼ਿਆ ਦੀ ਅਗਵਾਈ ਵਾਲੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਸੱਤਾ ’ਚ ਆਪਣੀ ਵਾਪਸੀ ਨੂੰ ਪਹਿਲਾਂ ਹੀ ਨਿਸ਼ਚਿਤ ਮੰਨ ਕੇ ਨਹੀਂ ਚੱਲ ਸਕਦੀ। ਯੂਨਸ ਪ੍ਰਸ਼ਾਸਨ ਦੀ ਨਿਰਪੱਖਤਾ ’ਤੇ ਸ਼ੱਕ ਜ਼ਾਹਿਰ ਕਰਦਿਆਂ ਖਾਲਿਦਾ ਜ਼ਿਆ ਨੇ ਦੋਸ਼ ਲਾਇਆ ਹੈ ਕਿ ‘ਫਾਸ਼ੀਵਾਦੀ ਭਾਈਵਾਲ’ ਅਜੇ ਵੀ ਵਿਦਰੋਹ ਦੀਆਂ ਉਪਲਬਧੀਆਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਉਸ ਨੇ ਅਵਾਮੀ ਲੀਗ ਦੇ ਆਗੂਆਂ ਅਤੇ ਸਮਰਥਕਾਂ ਖ਼ਿਲਾਫ਼ ਭੜਾਸ ਕੱਢਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਨ੍ਹਾਂ ਦੇ ਘਰਾਂ ਤੇ ਕਾਰੋਬਾਰਾਂ ਨੂੰ ਕੁਝ ਹਫ਼ਤੇ ਪਹਿਲਾਂ ਮੁਜ਼ਾਹਰਾਕਾਰੀਆਂ ਨੇ ਸਾੜ ਦਿੱਤਾ ਸੀ। ਮੁਲਕ ਦੇ ਬਾਨੀ ਸ਼ੇਖ਼ ਮੁਜੀਬਰ ਰਹਿਮਾਨ ਦੀ ਵਿਰਾਸਤ ਨੂੰ ਬੇਰਹਿਮੀ ਨਾਲ ਮਿਟਾਇਆ ਜਾ ਰਿਹਾ ਹੈ ਅਤੇ ਉਸ ਦੀ ਧੀ ਹਸੀਨਾ ਭਾਰਤ ’ਚ ਵੀਵੀਆਈਪੀ ਸ਼ਰਨਾਰਥੀ ਬਣੀ ਹੋਈ ਹੈ। ਪਿਛਲੇ ਸਾਲ ਬਗ਼ਾਵਤ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਆ ਗਈ ਸੀ ਤੇ ਉਦੋਂ ਤੋਂ ਰਾਜਨੀਤਕ ਸ਼ਰਨਾਰਥੀ ਦੇ ਤੌਰ ’ਤੇ ਇੱਥੇ ਹੀ ਰਹਿ ਰਹੀ ਹੈ ਹਾਲਾਂਕਿ ਬੰਗਲਾਦੇਸ਼ ’ਚ ਉਸ ਦੀ ਹਵਾਲਗੀ ਦੀ ਮੰਗ ਜ਼ੋਰ-ਸ਼ੋਰ ਨਾਲ ਉੱਠਦੀ ਰਹੀ ਹੈ।
ਇਸ ਸਿਆਸੀ ਉਥਲ-ਪੁਥਲ ਦੇ ਪ੍ਰਮੁੱਖ ਹਿੱਤ ਧਾਰਕਾਂ ’ਚ ਫ਼ੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਵੀ ਸ਼ਾਮਿਲ ਹਨ। ਪਾਕਿਸਤਾਨ ਨਾਲ ਬੰਗਲਾਦੇਸ਼ੀ ਫ਼ੌਜ ਦੀ ਵਧਦੀ ਨੇੜਤਾ ਦੱਸਦੀ ਹੈ ਕਿ ਉਹ ਵੀ ਆਪਣੇ ਪੱਧਰ ’ਤੇ ਵੱਡੀਆਂ ਖ਼ਾਹਿਸ਼ਾਂ ਪਾਲ਼ ਰਹੇ ਹਨ। ਸੱਤਾ ਦੀ ਵਰਤਮਾਨ ਖਿੱਚੋਤਾਣ ਤੋਂ ਜਾਪਦਾ ਹੈ ਕਿ ਕਿਸੇ ਵੀ ਨਵੀਂ ਪਾਰਟੀ ਲਈ ਆਪਣੇ ਆਪ ਨੂੰ ਬੰਗਲਾਦੇਸ਼ ਵਿੱਚ ਵਿਹਾਰਕ ਸਿਆਸੀ ਬਦਲ ਵਜੋਂ ਸਥਾਪਿਤ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਫਿਰ ਵੀ ਇਹ ਨਿਤਾਰਾ ਸਿਆਸੀ ਪਿੜ ਵਿੱਚ ਹੋਵੇਗਾ। ਇਹ ਤੱਥ ਵੀ ਧਿਆਨ ਦੇਣ ਯੋਗ ਹੈ ਕਿ ਕੌਮਾਂਤਰੀ ਪੱਧਰ ’ਤੇ ਕਈ ਧਿਰਾਂ ਦਾ ਧਿਆਨ ਬੰਗਲਾਦੇਸ਼ ਦੀ ਸਿਆਸਤ ’ਤੇ ਹੈ।