ਬ੍ਰੈਖ਼ਤ ਦੀ ਬੌਧਿਕ ਸੰਵੇਦਨਾ
ਕਮਲੇਸ਼ ਉੱਪਲ
ਬਰਤੋਲਤ ਬ੍ਰੈਖ਼ਤ, ਜਿਸ ਨੂੰ ਕੁਝ ਪੰਜਾਬੀ ਬਰਤੋਲਤ ਬ੍ਰੈਸ਼ਟ ਵੀ ਕਹਿੰਦੇ ਹਨ, ਜਰਮਨ ਨਾਟਕਕਾਰ (1898-1956) ਸੀ ਜਿਸ ਨੇ ਪ੍ਰਗਤੀਸ਼ੀਲ ਵਿਚਾਰਧਾਰਾ ਲੈ ਕੇ ਨਾਟ-ਸਾਹਿਤ ਰਚਿਆ ਅਤੇ ਨਾਟਕ ਖੇਡੇ। ਬ੍ਰੈਖ਼ਤ ਦੀ ਅਗਾਂਹਵਧੂ ਸੋਚ ਦਾ ਕੇਂਦਰ ਸਭ ਤੋਂ ਵਧ ਕੇ ਰੰਗਮੰਚ ਜਾਂ ਥੀਏਟਰ ਹੀ ਸੀ। ਬ੍ਰੈਖ਼ਤ ਨੇ ਰਵਾਇਤੀ ਥੀਏਟਰ ਦੇ ਵਿਰੁੱਧ ਆਵਾਜ਼ ਉਠਾਈ ਅਤੇ ਇੱਕ ਬਿਲਕੁਲ ਨਵਾਂ ਥੀਏਟਰੀ ਸਿਧਾਂਤ ਅਤੇ ਅਮਲ ਦੁਨੀਆ ਅੱਗੇ ਪੇਸ਼ ਕੀਤਾ। ਉਸ ਦੀ ਧਾਰਨਾ ਸੀ ਕਿ ਥੀਏਟਰ ਕੇਵਲ ਮਰਪਰਚਾਵਾ ਨਹੀਂ ਹੈ ਸਗੋਂ ਸਮਾਜਿਕ ਪਰਿਵਰਤਨ ਲਈ ਵਰਤਿਆ ਜਾਣ ਵਾਲਾ ਸ਼ਕਤੀਸ਼ਾਲੀ ਹਥਿਆਰ ਹੈ। ਬ੍ਰੈਖ਼ਤ ਚਾਹੁੰਦਾ ਸੀ ਕਿ ਬੰਦਾ ਨਾਟਕ ਵੇਖ ਕੇ ਸਿਰਫ਼ ਹੱਸ ਕੇ ਜਾਂ ਰੋ ਕੇ ਥੀਏਟਰ ਹਾਲ ਵਿੱਚੋਂ ਨਾ ਨਿਕਲੇ, ਬਲਕਿ ਵੱਧ ਸਿਆਣਾ ਤੇ ਸੋਚਵਾਨ ਇਨਸਾਨ ਬਣ ਕੇ ਨਿਕਲੇ ਅਤੇ ਸਮਾਜ ਨੂੰ ਬਦਲਣ ਦਾ ਕੋਈ ਹੀਲਾ ਲੱਭਣ ਦੀ ਧਾਰਨਾ ਬਣਾਵੇ।
ਬ੍ਰੈਖ਼ਤ ਦੇ ਨਾਟਕ ਦੁਨੀਆ ਭਰ ਵਿੱਚ ਮਸ਼ਹੂਰ ਹੋਏ ਹਨ। ਸ਼ੇਕਸਪੀਅਰ ਤੋਂ ਬਾਅਦ ਬ੍ਰੈਖ਼ਤ ਹੀ ਐਸਾ ਨਾਟਕਕਾਰ ਹੈ ਜਿਸ ਦੇ ਨਾਟਕਾਂ ਨੇ ਹਰ ਮੁਲਕ ਵਿੱਚ ਧੁੰਮਾਂ ਪਾਈਆਂ ਹਨ। ਪੰਜਾਬੀਆਂ ਨੇ ਵੀ ਬ੍ਰੈਖ਼ਤ ਨਾਲ ਉਸ ਦੇ ਨਾਟਕਾਂ ਜ਼ਰੀਏ ਗੂੜ੍ਹੀ ਸਾਂਝ ਬਣਾਈ ਹੈ। ਉਸ ਦੇ ਰਚੇ ਨਾਟਕਾਂ ਵਿੱਚੋਂ ‘ਦਿ ਕਾਕੇਸ਼ੀਅਨ ਚਾਕ ਸਰਕਲ’, ‘ਦਿ ਥ੍ਰੀ ਪੈਨੀ ਓਪੇਰਾ’, ‘ਦਿ ਗੁਡ ਵੁਮੈਨ ਆਫ ਸੇਜ਼ੁਆਂ’, ‘ਮਦਰ ਕਰੇਜ’ ਆਦਿ, ਹੋਰ ਭਾਰਤੀ ਭਾਸ਼ਾਵਾਂ ਵਾਂਗ, ਪੰਜਾਬੀ ਵਿੱਚ ਵੀ ਅਨੁਵਾਦੇ ਅਤੇ ਖੇਡੇ ਗਏ ਹਨ। ਸਭ ਤੋਂ ਵੱਧ ਮੰਚਿਤ ਹੋਣ ਅਤੇ ਮਕਬੂਲ ਹੋਣ ਵਾਲਾ ਨਾਟਕ ‘ਦਿ ਕਾਕੇਸ਼ੀਅਨ ਚਾਕ ਸਰਕਲ’ ਹੈ। ਇਸ ਨਾਟਕ ਵਿੱਚ ਇੱਕ ਚੀਨੀ ਲੋਕ ਕਥਾ ਨੂੰ ਆਧਾਰ ਬਣਾ ਕੇ ਮਨੁੱਖੀ ਵਿਵੇਕ ਅਨੁਸਾਰ ਇਨਸਾਫ਼ ਕਰਨ ਦੇ ਵਿਚਾਰ ਦਾ ਸੰਚਾਰ ਨਵੇਂ ਸਿਰਿਉਂ ਕੀਤਾ ਗਿਆ ਹੈ। ਇਹ ਨਾਟਕ ਸਭ ਤੋਂ ਪਹਿਲਾਂ 1973 ਵਿੱਚ ਪੰਜਾਬੀ ਵਿੱਚ ਪੇਸ਼ ਹੋਇਆ ਜਦੋਂ ਪੰਜਾਬ ਸਰਕਾਰ ਦੇ ਸੱਭਿਆਚਾਰਕ ਵਿਭਾਗ ਨੇ ਥੀਏਟਰ ਦੀ ਰੈਪਰਟਰੀ (ਨਾਟ ਕੰਪਨੀ) ਬਣਾ ਕੇ ਥਾਂ-ਥਾਂ ਮਿਆਰੀ ਨਾਟਕੀ ਪੇਸ਼ਕਾਰੀਆਂ ਵਿਖਾਉਣ ਦੀ ਮੁਹਿੰਮ ਵਿੱਢੀ ਸੀ। ਇਸ ਬਾਰੇ ਨਾਖੁਸ਼ਗਵਾਰੀ ਇਹ ਹੋਈ ਕਿ ਥੋੜ੍ਹੇ ਸਮੇਂ ਬਾਅਦ ਹੀ ਰੈਪਰਟਰੀ ਬੰਦ ਕਰਵਾ ਦਿੱਤੀ ਗਈ ਅਤੇ ਇਸ ਤਰ੍ਹਾਂ ਪੰਜਾਬੀ ਸੱਭਿਆਚਾਰ ਵਿੱਚ ਕਲਾ-ਸਿਰਜਨਾ ਰਾਹੀਂ ਇੱਕ ਸੁਹਜਮਈ ਪਾਸਾਰ ਜੁੜਨ ਦੀ ਸੰਭਾਵਨਾ ਦਮ ਤੋੜ ਗਈ। ਪਰ ਇਸ ਥੀਏਟਰ ਰੈਪਰਟਰੀ ਨੇ ਆਪਣੇ ਥੋੜ੍ਹ-ਚਿਰੇ ਕਾਰਜਕਾਲ ਵਿੱਚ ਕੁਝ ਅਹਿਮ ਨਾਟ-ਪੇਸ਼ਕਾਰੀਆਂ ਤਿਆਰ ਕੀਤੀਆਂ। ਉਨ੍ਹਾਂ ਵਿੱਚੋਂ ਹੀ ਇੱਕ ਪੇਸ਼ਕਾਰੀ ਬ੍ਰੈਖ਼ਤ ਦੇ ‘ਦਿ ਕਾਕੇਸ਼ੀਅਨ ਚਾਕ ਸਰਕਲ’ ਦੇ ਪੰਜਾਬੀ ਰੂਪ ‘ਪਰਾਈ ਕੁੱਖ’ ਦੀ ਸੀ। ‘ਪਰਾਈ ਕੁੱਖ’ ਦਾ ਵਾਰਤਕ ਭਾਗ ਅਮਰਜੀਤ ਚੰਦਨ ਨੇ ਲਿਖਿਆ ਅਤੇ ਗੀਤਾਂ ਨੂੰ ਪੰਜਾਬੀ ਰੂਪ ਅਮਿਤੋਜ ਨੇ ਦਿੱਤਾ। ਨਾਟਕ ਦੇ ਗੀਤਾਂ ਦੀਆਂ ਸੁਰ-ਬਣਤਰਾਂ ਕਮਲ ਤਿਵਾੜੀ ਨੇ ਤਿਆਰ ਕੀਤੀਆਂ। ਇਹ ਗੀਤ ਪੰਜਾਬ ਦੀਆਂ ਲੋਕਧੁਨਾਂ ’ਤੇ ਆਧਾਰਿਤ ਹਨ। ਇਹ ਨਾਟਕ ‘ਮਿੱਟੀ ਨਾ ਹੋਵੇ ਮਤਰੇਈ’ ਨਾਂ ਹੇਠ ਵੀ ਕਈ ਵਾਰ ਖੇਡਿਆ ਗਿਆ ਹੈ।
ਜਿਵੇਂ ਮਹਾਂਕਵਿ ਲਈ ਸ਼ਬਦ ਐਪਿਕ (epic) ਹੈ; ਤਿਵੇਂ ਹੀ ਬ੍ਰੈਖ਼ਤ ਨੇ ਆਪਣੇ ਨਾਟਕਾਂ ਲਈ ਸ਼ਬਦ ਮਹਾਂਨਾਟ (epic theatre) ਵਰਤਿਆ ਹੈ। ਨਾਟਕ ‘ਚਾਕ ਸਰਕਲ’ ਵੀ ਵਿਆਪਕ ਵਿਸਤਾਰਾਂ ਵਾਲੀ ਮਹਾਂਨਾਟੀ (epic) ਰਚਨਾ ਹੈ ਜਿਸ ਨੂੰ ਸਟੇਜ ਉੱਤੇ ਐਕਟਾਂ ਜਾਂ ਦ੍ਰਿਸ਼ਾਂ ਵਿੱਚ ਨਹੀਂ ਬਲਕਿ ਪ੍ਰਸੰਗਾਂ (episodes) ਵਿੱਚ ਖੇਡਿਆ ਜਾਂਦਾ ਹੈ। ਗੀਤਾਂ ਦੀ ਬਹੁਲਤਾ ਕਰਕੇ ਨਾਟਕ ਦੀ ਪੇਸ਼ਕਾਰੀ ਦੀ ਸਫਲਤਾ ਯਕੀਨੀ ਹੈ। ਇਹ ਗੱਲ ਵੱਖਰੀ ਹੈ ਕਿ ਪੇਸ਼ਕਾਰੀ ਦੀਆਂ ਸੰਭਾਵਨਾਵਾਂ ਕਿੰਨੀ ਕੁਸ਼ਲਤਾ ਨਾਲ ਜਗਾਈਆਂ ਜਾਂਦੀਆਂ ਹਨ। ‘ਚਾਕ ਸਰਕਲ’ ਦਾ ਪੰਜਾਬੀ ਵਿੱਚ ਵਾਰ-ਵਾਰ ਮੰਚਣ ਹੋਣਾ ‘ਪਰਾਈ ਕੁੱਖ’ ਦੀ ਸ਼ਾਨਦਾਰ ਸਫ਼ਲਤਾ ਦੇ ਸਮੇਂ ਤੋਂ ਜਾਰੀ ਰਿਹਾ ਹੈ। ਗੀਤ-ਸੰਗੀਤ ਪੱਖੋਂ ‘ਪਰਾਈ ਕੁੱਖ’ ਦੀ ਪੇਸ਼ਕਾਰੀ ਏਨੀ ਸਮਰਿੱਧ ਸੀ ਕਿ ਇਸ ਦੇ ਗੀਤਾਂ ਦੀਆਂ ਧੁਨਾਂ 50 ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਨਾਟ-ਪ੍ਰੇਮੀਆਂ ਦੇ ਜ਼ਿਹਨ ਵਿੱਚ ਤਾਜ਼ਾ ਹਨ।
ਬ੍ਰੈਖ਼ਤ ਦੇ ਹੋਰ ਬਹੁਤ ਸਾਰੇ ਨਾਟਕਾਂ ਵਾਂਗ ‘ਚਾਕ ਸਰਕਲ’ ਵੀ ਸਮਕਾਲੀ ਅਤੇ ਸਦੀਵੀ ਮਸਲਿਆਂ ਦੀ ਤਰਜਮਾਨੀ ਕਰਦਾ ਹੈ। ਇਸ ਵਿੱਚ ਸਾਮੰਤਵਾਦੀ ਵਤੀਰਾ, ਅਮੀਰਾਂ ਦੇ ਚੋਜ, ਸੱਤਾਧਾਰੀਆਂ ਦੇ ਬਗ਼ਾਵਤ ਨੂੰ ਕੁਚਲਣ ਦੇ ਯਤਨ, ਬੰਦੇ ਦੀ ਲਾਲਚੀ ਪਰਵਿਰਤੀ ਆਦਿ ਸਦੀਵੀ ਸਰੋਕਾਰ ਹਨ ਅਤੇ ਨਾਲ ਹੀ ਕਿਸਾਨ, ਨੌਕਰਸ਼ਾਹੀ, ਪੁਲੀਸ ਅਤੇ ਜ਼ਿੰਦਗੀ ਨੂੰ ਹਰ ਹੀਲੇ ਬਚਾਉਣ ਦੀ ਜੱਦੋਜਹਿਦ ਵਿੱਚ ਪਈ ਔਰਤ ਵਰਗੇ ਅੱਜ ਵੀ ਸਾਡੇ ਆਸ-ਪਾਸ ਵਿਚਰਦੇ ਕਿਰਦਾਰ ਹਨ। ਪਰ ਬ੍ਰੈਖ਼ਤ ਦੇ ਨਾਟਕਾਂ ਦਾ ਅਨੁਵਾਦ ਸੌਖਾ ਕੰਮ ਨਹੀਂ। ਇਨ੍ਹਾਂ ਨਾਟਕਾਂ ਦੀ ਬਣਤਰ ਵਿਲੱਖਣ ਅਤੇ ਭਾਸ਼ਾ-ਸ਼ੈਲੀ ਅਜੀਬੋ-ਗਰੀਬ ਹੈ। ਇਹ ਨਾਟਕ ਲੋਕ-ਬੋਲੀ ਸਮੇਤ ਕਈ ਹੋਰ ਲੋਕਧਾਰਾਈ ਤੱਤਾਂ ਅਤੇ ਕਲਾਸਕੀ ਵਿਸ਼ੇਸ਼ਤਾਈਆਂ ਦੀ ਭਰਪੂਰਤਾ ਵਾਲੇ ਨਾਟਕ ਹਨ। ‘ਚਾਕ ਸਰਕਲ’ ਦੇ ਮੂਲ ਪਾਠ ਵਿੱਚ ਲੋਕਧਾਰਾਈ ਤੱਤਾਂ ਦੀ ਮੌਜੂਦਗੀ ਇਸ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਇਸ ਲਈ ਹੀ ਇਹ ਨਾਟਕ ਅਨੁਵਾਦ ਦੀ ਬਜਾਇ ਰੂਪਾਂਤਰਨ ਲਈ ਵੱਧ ਢੁੱਕਵਾਂ ਸਾਬਤ ਹੋਇਆ ਹੈ। ਜਿਵੇਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਹੈ, ਇਸ ਰੂਪਾਂਤਰਨ ਦੇ ਗੀਤ ਪੰਜਾਬੀ ਦੇ ਦਿਵੰਗਤ ਕਵੀ ਅਮਿਤੋਜ ਨੇ ਲਿਖੇ ਹਨ। ਨਾਟਕ ਦੇ ਪੰਜਾਬੀ ਰੂਪਾਂਤਰਨ ਦੇ ਪ੍ਰਸੰਗਾਂ ਵਿੱਚ ਨਗੀਨਿਆਂ ਵਾਂਗ ਜੜੇ ਗੀਤਾਂ ਦੀ ਵੰਨਗੀ ਵੇਖੋ:
1. ਹਾਕਮਾਂ ਬਾਗ ਲੁਆ ਦੇ ਵੇ ਲੋਕਾਂ ਦੀਆਂ ਝੁੱਗੀਆਂ ਢਾਹ ਦੇ ਵੇ
2. ਤੁਰਕੀ ’ਚ ਲੱਗ ਗਈ ਲਾਮ ਫ਼ੌਜੀਆਂ ਦੀ ਛੁੱਟੀ ਮੁੱਕ ਗਈ
3. ਅੱਲਾ ਜੀ ਸਾਨੂੰ ਮੁਨਸਫ਼ ਲਾ ਦੇ/ ਯਾਰਾਂ ਦੀ ਕੁੰਡੀ ਪਾ ਦੇ
ਓ ਕੁਰਸੀ ਮਖ਼ਮਲ ਦੀ/ ਸਾਡੇ ਬਹਿਣ ਲਈ ਡਾਹ ਦੇ
4. ਮੇਰਾ ਨਗ ਮੁੰਦਰੀ ਵਿੱਚ ਪਾ ਦੇ ਤੇ ਭਾਵੇਂ ਮੇਰੀ ਜਿੰਦ ਕੱਢ ਲੈ
ਇਨ੍ਹਾਂ ਗੀਤਾਂ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਪੰਜਾਬੀ ਵਿੱਚ ‘ਦਿ ਕਾਕੇਸ਼ੀਅਨ ਚਾਕ ਸਰਕਲ’ ਦੀ ਪੇਸ਼ਕਾਰੀ ਕਿੰਨੀ ਦਿਲ-ਖਿੱਚਵੀਂ ਹੋ ਸਕਦੀ ਹੈ। ਇਹ ਨਾਟਕ ਬ੍ਰੈਖ਼ਤ ਦੇ ਮਹਾਂਨਾਟ ਸਿਧਾਂਤ (ਐਪਿਕ ਥਿਓਰੀ) ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਬ੍ਰੈਖ਼ਤ ਦੀ ਐਪਿਕ ਦੀ ਧਾਰਨਾ ਨੂੰ ਸਮਝਾਉਣ ਲਈ ਵੱਖਰਾ ਲੇਖ ਲਿਖਣ ਦੀ ਗੁੰਜਾਇਸ਼ ਹੈ। ਫਿਲਹਾਲ ਏਨਾ ਦੱਸ ਦਿੰਦੇ ਹਾਂ ਕਿ ਬ੍ਰੈਖ਼ਤ ਆਮ ਰਵਾਇਤੀ ਡਰਾਮਿਆਂ ਨਾਲੋਂ ਵੱਖਰੀ ਭਾਂਤ ਦੇ ਅਤੇ ਮਨੁੱਖ ਨੂੰ ਚੇਤੰਨ ਕਰਨ ਵਾਲੇ ਥੀਏਟਰ ਦੀ ਪੈਰਵੀ ਕਰਦਾ ਸੀ। ਉਸ ਦੇ ਨਾਟਕਾਂ ਦਾ ਇਹ ਖਾਸਾ ਹੈ ਕਿ ਕਿਸੇ ਵੀ ਸਥਾਨਕ ਬੋਲੀ ਵਿੱਚ ਇਹ ਨਾਟਕ ਚੰਗਾ ਰੰਗਮੰਚੀ ਅਨੁਭਵ ਬਣਨ ਦੀ ਸਮਰੱਥਾ ਰੱਖਦੇ ਹਨ।
ਬ੍ਰੈਖ਼ਤ ਦੇ ਨਾਟਕਾਂ ਦਾ ਕਾਵਿ-ਸ਼ਾਸਤਰ ਨਿਰਾਲਾ ਹੈ। ਉਹ ਨਾਟਕੀ ਅਮਲ ਵਿੱਚ ਇਕਮਿਕਤਾ ਜਾਂ ਐਮਪੈਥੀ, ਜੇ ਬਣ ਵੀ ਜਾਵੇ, ਤਾਂ ਉਸ ਨੂੰ ਤੋੜ ਦੇਣਾ ਜ਼ਰੂਰੀ ਸਮਝਦਾ ਹੈ। ਪਰ ਬ੍ਰੈਖ਼ਤ ਦਾ ਮਹਾਂਨਾਟ-ਸਿਧਾਂਤ ਜਦੋਂ ਅਮਲ ਦਾ ਜਾਮਾ ਪਹਿਨਦਾ ਹੈ ਤਾਂ ਉਸ ਵਿੱਚ ਸਿਧਾਂਤ ਦੇ ਅਪਵਾਦ ਵੀ ਸਮੇਂ-ਸਮੇਂ ਆ ਜੁੜਦੇ ਹਨ ਅਤੇ ਦਰਸ਼ਕ ਕੁਝ ਇੱਕ ਪਾਤਰਾਂ ਨਾਲ ਇਕਮਿਕਤਾ ਵੀ ਕਾਇਮ ਕਰ ਲੈਂਦੇ ਹਨ ਅਤੇ ਕਿਰਦਾਰਾਂ ਦੇ ਅਕਸ ਵੀ ਮਨ ਵਿੱਚ ਵਸਾ ਲੈਂਦੇ ਹਨ। ਕਰਤਬੀ ਕਲਾਵਾਂ ਵਿੱਚ ਸਿਧਾਂਤ ਅਤੇ ਅਮਲ ਦਾ ਪੂਰੀ ਤਰ੍ਹਾਂ ਅਨੁਰੂਪੀ ਹੋ ਨਿਬੜਨਾ ਜ਼ਰੂਰੀ ਨਹੀਂ ਹੁੰਦਾ। ਥੀਏਟਰ ਵਰਗੀ ਕਰਤਬੀ ਕਲਾ ਵਿੱਚ ਵੀ ਇਹ ਪੂਰੀ ਤਰ੍ਹਾਂ ਸੰਭਵ ਨਹੀਂ ਕਿਉਂਕਿ ਥੀਏਟਰ ਦੇ ਅਮਲ ਵਿੱਚ ਮਨੁੱਖੀ ਸਮਰੱਥਾ ਕਾਰਜਸ਼ੀਲ ਹੁੰਦੀ ਹੈ ਤੇ ਮਨੁੱਖ ਭਾਵਨਾਮਈ ਪ੍ਰਾਣੀ ਹੈ। ਮਨੁੱਖ ਦੀ ਭਾਵਨਾਤਮਕ ਗਤੀ ਅਤੇ ਸਿਰਜਨਾਤਮਕ ਸਮਰੱਥਾ ਨੂੰ ਪੂਰੀ ਤਰ੍ਹਾਂ ਬੰਨ੍ਹ ਮਾਰ ਸਕਣਾ ਸੰਭਵ ਨਹੀਂ ਹੈ। ਬ੍ਰੈਖ਼ਤ ਆਪ ਕਹਿੰਦਾ ਸੀ ਕਿ ਮੈਂ ਭਾਵਨਾਤਮਕ ਸਾਂਝ ਜਾਂ ਇਕਮਿਕਤਾ (empathy) ਦੇ ਵਿਰੁੱਧ ਨਹੀਂ ਹਾਂ, ਪਰ ਇਸ ਇਕਮਿਕਤਾ ਨੂੰ ਤੋੜ ਦੇਣਾ (ਐਲੀਨੇਟ ਕਰ ਦੇਣਾ) ਚਾਹੁੰਦਾ ਹਾਂ ਕਿਉਂਕਿ ਮੈਂ ਮਨੁੱਖ ਦੀ ਆਲੋਚਨਾ ਸ਼ਕਤੀ ਅਤੇ ਕਿੰਤੂ ਕਰਨ ਵਾਲੀ ਸੂਝ ਨੂੰ ਖੁੰਢੀ ਨਹੀਂ ਹੋਣ ਦੇਣੀ ਚਾਹੁੰਦਾ। ਅਸਲ ਵਿੱਚ ਬ੍ਰੈਖ਼ਤ ਸ੍ਰੇਸ਼ਟ ਬੁੱਧੀ ਵਾਲਾ ਪ੍ਰਤਿਭਾਵਾਨ ਨਾਟਕਕਾਰ ਸੀ, ਭਾਵ, ਜੀਨੀਅਸ ਸੀ। ਜੀਨੀਅਸ ਦੀ ਸਿਰਜਨਾ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਉਸ ਦੇ ਨਾਲ ਪ੍ਰਤਿਭਾਸ਼ੀਲ ਵਿਅਕਤੀਆਂ ਦੀ ਸਿਰਜਨਾ ਦੇ ਮੇਲ ਦੇ ਅਵਸਰ ਤਾਂ ਵਾਰ-ਵਾਰ ਆਉਂਦੇ ਰਹਿੰਦੇ ਹਨ ਪਰ ਹਰ ਪ੍ਰਤਿਭਾਸ਼ਾਲੀ ਵਿਅਕਤੀ ਵਿੱਚ ‘ਜੀਨੀਅਸ’ ਦੇ ਹਾਣ ਦਾ ਹੋ ਸਕਣ ਦੀ ਸੰਭਾਵਨਾ ਸਦਾ ਨਹੀਂ ਹੁੰਦੀ।
ਬ੍ਰੈਖ਼ਤ ਦਾ ਸਿਜਨਾਤਮਿਕ ਸਫ਼ਰ 38 ਵਰ੍ਹੇ ਜਾਰੀ ਰਿਹਾ। ਇਨ੍ਹਾਂ 38 ਵਰ੍ਹਿਆਂ ਵਿੱਚ ਉਸ ਨੇ 50 ਦੇ ਲਗਭਗ ਵੱਡੇ ਛੋਟੇ ਨਾਟਕ, ਸੈਂਕੜੇ ਕਵਿਤਾਵਾਂ ਤੇ ਕਹਾਣੀਆਂ, ਥੀਏਟਰ ਸੰਬੰਧੀ ਨਿਬੰਧ ਅਤੇ ਹੋਰ ਵਿਚਾਰਧਾਰਕ ਲੇਖ ਲਿਖੇ। ਉਸ ਨੇ ਨਾਟਕ ਨਾ ਕੇਵਲ ਰਚੇ ਬਲਕਿ ਉਨ੍ਹਾਂ ਦਾ ਨਾਟ-ਸ਼ਾਸਤਰ ਵੀ ਲਿਖ ਦਿੱਤਾ। ਉਸ ਨੇ ਆਪਣੇ ਸਮਾਜਿਕ ਯਥਾਰਥ ਰਾਹੀਂ ਸਮਾਜ ਦੇ ਘਿਣਾਉਣੇ ਚਿਹਰੇ ਬੇਨਕਾਬ ਕੀਤੇ ਹਨ। ਉਹ ਪੂਰਬ ਦੀ ਨਾਟ-ਪਰੰਪਰਾ ਦਾ ਕਾਇਲ ਸੀ, ਇਸ ਲਈ ਉਸ ਨੇ ਕੋਈ ਦੁਖਾਂਤ ਨਹੀਂ ਸਿਰਜਿਆ। ਉਹ ਵਿਅੰਗ, ਵਿਨੋਦ, ਵਿਡੰਬਨਾ ਅਤੇ ਕਟਾਖਸ਼ ਜ਼ਰੀਏ ਸਮਾਜ ਉੱਤੇ ਟਿੱਪਣੀ ਕਰਦਾ ਹੈ। ਉਹ ਅੱਵਲ ਦਰਜੇ ਦਾ ਕਵੀ ਸੀ ਅਤੇ ਸੁਹਜ-ਸ਼ਾਸਤਰ ਬਾਰੇ ਡੂੰਘਾ ਗਿਆਨ ਰੱਖਦਾ ਸੀ। ਬ੍ਰੈਖ਼ਤ ਦੇ ਨਾਟ ਸਿਧਾਂਤ ਨੇ ਥੀਏਟਰ ਰਾਹੀਂ ਦਰਸ਼ਕਾਂ ਦੀਆਂ ਬੌਧਿਕ ਅਤੇ ਸੰਵੇਦਨਾਤਮਕ ਸ਼ਕਤੀਆਂ ਨੂੰ ਵੱਧ ਤੋਂ ਵੱਧ ਉਕਸਾਉਣ ਦੀ ਸਮਰੱਥਾ ਦਿੱਤੀ।
ਸੰਪਰਕ: 98149-02564