ਬ੍ਰਹਿਮੰਡ ਦੀ ਉਤਪਤੀ ਦਾ ਖੋਜੀ ਡਾ. ਜੈਅੰਤ ਵਿਸ਼ਨੂੰ ਨਾਰਲੀਕਰ
ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਡਾ. ਜੈਅੰਤ ਵਿਸ਼ਨੂੰ ਨਾਰਲੀਕਰ ਜਗਤ ਪ੍ਰਸਿੱਧ ਭਾਰਤੀ ਖਗੋਲ ਵਿਗਿਆਨੀ ਸੀ। ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਲਈ ਉਸ ਨੇ ਅੰਗਰੇਜ਼ੀ, ਹਿੰਦੀ ਅਤੇ ਮਰਾਠੀ ਵਿੱਚ ਕਿੰਨੀਆਂ ਹੀ ਪੁਸਤਕਾਂ ਲਿਖੀਆਂ। ਬ੍ਰਹਿਮੰਡ ਦੇ ਸੰਦਰਭ ’ਚ ਅਕਸਰ ਇਹ ਮਾਨਤਾ ਹੈ ਕਿ ਬ੍ਰਹਿਮੰਡ ਦੀ ਉਤਪਤੀ ਇੱਕ ਵਿਸ਼ਾਲ ਵਿਸਫੋਟ (Big Bang) ਨਾਲ ਹੋਈ ਸੀ।
ਸਮਾਂ ਪੈਣ ’ਤੇ ਬ੍ਰਹਿਮੰਡ ਦੀ ਉਤਪਤੀ ਬਾਰੇ ਇੱਕ ਹੋਰ ਸਿਧਾਂਤ ‘ਸਟੈਡੀ ਸਟੇਟ’ (ਸਥਿਰ ਅਵਸਥਾ) ਦੀ ਚਰਚਾ ਵੀ ਵੱਡੇ ਪੱਧਰ ’ਤੇ ਹੋਣ ਲੱਗੀ। ਇਸ ਸਿਧਾਂਤ ਦੇ ਖੋਜੀ ਡਾ. ਫਰੈਡਰਿਕ ਹੋਇਲ ਸਨ। ਨਾਰਲੀਕਰ ਨੇ ਫਰੈਡਰਿਕ ਹੋਇਲ ਨਾਲ ਮਿਲ ਕੇ ਇਸ ਸਿਧਾਂਤ ’ਤੇ ਕਾਫੀ ਖੋਜ ਕਾਰਜ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਆਇਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਅਤੇ ਮਾਕ ਸਿਧਾਂਤ ਨੂੰ ਮਿਲਾ ਕੇ ‘ਹੋਇਲ-ਨਾਰਲੀਕਰ ਸਿਧਾਂਤ’ ਵੀ ਖੋਜਿਆ ਸੀ। ਕੈਂਬਰਿਜ ਰਹਿੰਦਿਆਂ ਉਹ ਦੋ-ਤਿੰਨ ਸਾਲ ਸਟੀਫਨ ਹਾਕਿੰਗ ਦੇ ਸੰਪਰਕ ਵਿੱਚ ਵੀ ਰਿਹਾ।
ਜੈਅੰਤ ਵਿਸ਼ਨੂੰ ਨਾਰਲੀਕਰ ਦਾ ਜਨਮ 19 ਜੁਲਾਈ 1938 ਨੂੰ ਕੋਹਲਾਪੁਰ (ਮਹਾਰਾਸ਼ਟਰ) ਵਿੱਚ ਹੋਇਆ। ਉਸ ਦੇ ਪਿਤਾ ਵਿਸ਼ਨੂੰ ਵਾਸੂਦੇਵ ਨਾਰਲੀਕਰ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫੈਸਰ ਸਨ। ਉਹ ਸਿਧਾਂਤਕ ਫਿਜ਼ਿਕਸ ’ਚ ਵੀ ਮਾਹਿਰ ਸਨ। ਉਸ ਦੀ ਮਾਂ ਸੁਮਤੀ ਨਾਰਲੀਕਰ ਸੰਸਕ੍ਰਿਤ ਮਾਹਿਰ ਸੀ। ਉਸ ਦੀ ਪਤਨੀ ਮੰਗਲਾ ਗਣਿਤ ਦੀ ਪੀਐੱਚ.ਡੀ ਅਤੇ ਮਾਮਾ ਡਾ. ਵੀ. ਆਰ. ਹੁਜੂਰਬਾਜਾਰ ਇੱਕ ਨਾਮੀ ਅੰਕੜਾ ਵਿਗਿਆਨੀ ਸੀ।
ਨਾਰਲੀਕਰ ਦੀ ਮੁੱਢਲੀ ਪੜ੍ਹਾਈ ਸੈਂਟਰਲ ਹਿੰਦੂ ਸਕੂਲ ਬਨਾਰਸ ਤੋਂ ਹੋਈ। ਸਕੂਲ ਅਤੇ ਕਾਲਜ ਦੀ ਪੜ੍ਹਾਈ ਸਮੇਂ ਉਹ ਹੁਸ਼ਿਆਰ ਵਿਦਿਆਰਥੀ ਰਿਹਾ ਅਤੇ ਉਹ ਕਲਾਸ ਵਿੱਚੋਂ ਹਮੇਸ਼ਾਂ ਪਹਿਲੇ ਸਥਾਨ ’ਤੇ ਆਉਂਦਾ। ਗਣਿਤ ਉਸ ਦਾ ਪਸੰਦੀਦਾ ਵਿਸ਼ਾ ਸੀ। ਉਸ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। 1957 ’ਚ ਉਸ ਨੇ ਗਣਿਤ, ਫਿਜ਼ਿਕਸ ਅਤੇ ਅੰਕੜਾ ਵਿਗਿਆਨ ਵਿਸ਼ਿਆਂ ਨਾਲ ਬੀਐੱਸ. ਸੀ (ਆਨਰਜ਼) ਦੀ ਡਿਗਰੀ, ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚੋਂ ਪ੍ਰਥਮ ਰਹਿ ਕੇ ਹਾਸਲ ਕੀਤੀ। ਅਗਲੀ ਪੜ੍ਹਾਈ ਕਰਨ ਲਈ ਉਹ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਚਲਾ ਗਿਆ। ਉਦੋਂ ਉਹ 19 ਸਾਲਾਂ ਦਾ ਸੀ। ਉਸ ਦੇ ਕੈਂਬਰਿਜ ਜਾਣ ਦੀ ਦਿਲਚਸਪ ਕਹਾਣੀ ਵੀ ਸੁਣ ਲਓ। ਉਹ ਸਮੁੰਦਰੀ ਜਹਾਜ਼ ਵਿੱਚ ਜਾਣ ਦੀ ਥਾਂ ਸਮੁੰਦਰੀ ਕਿਸ਼ਤੀ ਰਾਹੀਂ ਇੰਗਲੈਂਡ ਗਿਆ। ਕਾਰਨ ਇਹ ਸੀ ਕਿ ਕਿਸ਼ਤੀ ਰਾਹੀਂ ਸਫ਼ਰ ਪੰਜ ਸੌ ਰੁਪਈਏ ਸਸਤਾ ਪੈਂਦਾ ਸੀ। ਇਨ੍ਹਾਂ ਪੈਸਿਆਂ ਵਿੱਚ ਰੋਟੀ ਪਾਣੀ ਵੀ ਨਾਲ ਮਿਲਣਾ ਸੀ। ਨਾਰਲੀਕਰ 18 ਦਿਨਾਂ ਵਿੱਚ ਕੈਂਬਰਿਜ ਪਹੁੰਚਿਆ ਸੀ।
ਕੈਂਬਰਿਜ ਪਹੁੰਚ ਕੇ ਉਸ ਦੇ ਸਾਹਮਣੇ ਦੋ ਰਸਤੇ ਸਨ। ਗਣਿਤ ਦੀ ਉੱਚ ਸਿੱਖਿਆ ਪ੍ਰਾਪਤ ਕਰਨੀ ਜਾਂ ਵਿਹਾਰਕ (applied) ਗਣਿਤ ਦੀ ਪੜ੍ਹਾਈ ਕਰਨੀ। ਵਿਹਾਰਕ ਗਣਿਤ ਵਿੱਚ ਐਸਟਰੋਨੋਮੀ ਵੀ ਪੜ੍ਹਾਉਂਦੇ ਸਨ। ਐਸਟਰੋਨੋਮੀ ਉਸ ਨੂੰ ਚੰਗੀ ਲੱਗਦੀ ਸੀ। ਉਸ ਨੇ ਵਿਹਾਰਕ ਗਣਿਤ ਪੜ੍ਹਨ ਦਾ ਫ਼ੈਸਲਾ ਕਰ ਲਿਆ। ਉਸ ਨੂੰ ਪੜ੍ਹਾਉਣ ਵਾਲੇ ਅਧਿਆਪਕ ਬੜੇ ਹੀ ਅਨੁਭਵੀ ਸਨ। ਉਹ ਆਪੋ ਆਪਣੇ ਖੋਜ ਕਾਰਜਾਂ ਵਿੱਚ ਹੀ ਰੁੱਝੇ ਰਹਿੰਦੇ ਸਨ, ਪਰ ਉਹ ਕਲਾਸ ਨੂੰ ਪੂਰੀ ਤਨਦੇਹੀ ਨਾਲ ਪੜ੍ਹਾਉਂਦੇ ਸਨ। ਇੱਥੇ ਉਸ ਨੇ ਫਰੈਡਰਿਕ ਹੋਇਲ ਦੀ ਪੁਸਤਕ: ਫਰੰਟੀਅਰਜ਼ ਆਫ ਐਸਟਰੋਨੋਮੀ ਵੀ ਪੜ੍ਹੀ ਸੀ। ਇਸ ਪੁਸਤਕ ਤੋਂ ਉਸ ਨੂੰ ਬ੍ਰਹਿਮੰਡ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਹੋਈ ਸੀ। ਫਰੈਡਰਿਕ ਹੋਇਲ ਕੈਂਬਰਿਜ ਯੂਨੀਵਰਸਿਟੀ ਦੇ ਕਿੰਗਜ਼ ਕਾਲਜ ਵਿੱਚ ‘ਆਕਾਸ਼ੀ ਪਿੰਡਾਂ ਦੀ ਰਫ਼ਤਾਰ ਅਤੇ ਸਥਿਤੀ’ ਵਿਸ਼ੇ ’ਤੇ ਖੋਜ ਅਧਿਐਨ ਕਰ ਰਿਹਾ ਸੀ। ਪ੍ਰੋ. ਹੋਇਲ, ਨਾਰਲੀਕਰ ਦੀ ਕਲਾਸ ਨੂੰ ਪੜ੍ਹਾਉਂਦਾ ਵੀ ਸੀ। ਤਿੰਨ ਸਾਲ ਵਿੱਚ ਨਾਰਲੀਕਰ ਨੇ ਇੱਥੋਂ ਮਾਸਟਰ ਦੀ ਡਿਗਰੀ ਹਾਸਲ ਕੀਤੀ। 1963 ਵਿੱਚ ਉਸ ਨੇ ਫਰੈਡਰਿਕ ਹੋਇਲ ਦੀ ਨਿਗਰਾਨੀ ਹੇਠ ਹੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਉਸ ਦੀ ਖੋਜ ਦਾ ਵਿਸ਼ਾ ਸੀ: ‘ਸਟੈਡੀ ਸਟੇਟ ਥਿਊਰੀ ਵਿੱਚ ਗਣਿਤਕ ਸੂਤਰੀਕਰਨ ਦੀ ਵਰਤੋਂ’ ਜੋ ਪਦਾਰਥ ਦੀ ਸਿਰਜਣਾ ਦੀ ਵਿਆਖਿਆ ਕਰਦੀ ਸੀ। ਬ੍ਰਹਿਮੰਡ ਦੀ ਉਤਪਤੀ ਦੀ ਬਿੱਗ ਬੈਂਗ ਥਿਊਰੀ ਮੁਤਾਬਿਕ ਸਮੁੱਚਾ ਬ੍ਰਹਿਮੰਡ ਸਿਫ਼ਰ ਵਿੱਚੋਂ ਉਤਪੰਨ ਹੋਇਆ ਮੰਨਿਆ ਜਾਂਦਾ ਸੀ। ਇਸ ’ਤੇ ਦੋਸ਼ ਲੱਗਦਾ ਰਿਹਾ ਕਿ ਇਹ ਮਾਦੇ (matter) ਅਤੇ ਊਰਜਾ ਦੇ ਸੁਰੱਖਿਅਣ ਦੇ ਨਿਯਮ ਦੀ ਉਲੰਘਣਾ ਕਰਦਾ ਸੀ। ਸਟੈਡੀ ਸਟੇਟ ਥਿਊਰੀ ਮਾਦੇ ਦੇ ਸੁਰੱਖਿਅਣ ਦੇ ਨਿਯਮ ਦੀ ਉਲੰਘਣਾ ਕੀਤੇ ਬਗੈਰ, ਰਿਣ ਊਰਜਾ ਅਤੇ ਫੈਂਟਮ ਫੀਲਡ ਦੇ ਸੰਕਲਪਾਂ ਰਾਹੀਂ ਮਾਦੇ ਦੀ ਉਤਪਤੀ ਦੀ ਗੱਲ ਸਪੱਸ਼ਟ ਕਰਦੀ ਸੀ।
ਨਾਰਲੀਕਰ ਦਾ ਮਤ ਸੀ ਕਿ ਇਕੱਲੇ ਅਨਪੜ੍ਹ ਲੋਕਾਂ ਵਿੱਚ ਹੀ ਨਹੀਂ, ਸਗੋਂ ਪੜ੍ਹਿਆਂ ਲਿਖਿਆਂ ਵਿੱਚ ਵੀ ਭਰਮਜਾਲ ਅਤੇ ਅੰਧ ਵਿਸ਼ਵਾਸ ਭਾਰੂ ਹਨ। ਇਹ ਭਰਮਜਾਲ ਉਦੋਂ ਟੁੱਟੇਗਾ ਜਦੋਂ ਸਹੀ ਜਾਣਕਾਰੀ ਲੋਕਾਂ ਕੋਲ ਪਹੁੰਚੇਗੀ। ਉਹ ਜੋਤਿਸ਼ ਨੂੰ ਵਿਗਿਆਨ ਦੀ ਸ਼ਾਖਾ ਨਹੀਂ ਮੰਨਦਾ ਸੀ। ‘ਐਨ ਇੰਡੀਅਨ ਟੈਸਟ ਆਫ ਐਸਟਰਾਲੋਜੀ’ ਸਿਰਲੇਖ ਅਧੀਨ ਉਹ ‘ਸਕੇਪਟਿਕ ਇਨਕੁਆਇਰਰ’ ਵਿੱਚ ਇੱਕ ਦਿਲਚਸਪ ਪ੍ਰਯੋਗ ਬਾਰੇ ਦੱਸਦਾ ਹੈ। ਉਸ ਨੇ ਹੋਰ ਖੋਜਕਾਰਾਂ ਨਾਲ ਮਿਲ ਕੇ ਦੋ ਸੌ ਜਨਮ ਪੱਤਰੀਆਂ (ਟੇਵੇ) ਇਕੱਤਰ ਕੀਤੀਆਂ। ਉਨ੍ਹਾਂ ਵਿੱਚ ਸੌ ਟੇਵੇ ਬੁੱਧੀਮਾਨ ਵਿਦਿਆਰਥੀਆਂ ਦੇ ਸਨ ਅਤੇ ਸੌ ਘੱਟ ਬੁੱਧੀ ਵਾਲੇ ਵਿਦਿਆਰਥੀਆਂ ਦੇ। ਵੱਡੇ ਵੱਡੇ ਜੋਤਸ਼ੀਆਂ ਨੂੰ ਟੇਵੇ ਵਾਚਣ ਦਾ ਸੱਦਾ ਦਿੱਤਾ ਗਿਆ। ਸਤਾਈ ਜੋਤਸ਼ੀਆਂ ਨੇ ਇਹ ਸੱਦਾ ਕਬੂਲ ਕੀਤਾ। ਹਰੇਕ ਜੋਤਸ਼ੀ ਨੇ ਚਾਲੀ ਟੇਵਿਆਂ ਦਾ ਅਧਿਐਨ ਕੀਤਾ। ਜੋਤਸ਼ੀਆਂ ਵੱਲੋਂ ਕੁੱਲ ਦੋ ਸੌ ਜਨਮ ਪੱਤਰੀਆਂ ਨੂੰ ਪੜਤਾਲਿਆ ਗਿਆ। ਇੱਕ ਅੱਧੇ ਨੂੰ ਛੱਡ ਕੇ ਕੋਈ ਵੀ ਬੁੱਧੀਮਾਨ ਵਿਦਿਆਰਥੀਆਂ ਨੂੰ ਮੰਦਬੁੱਧੀ ਵਿਦਿਆਰਥੀਆਂ ਨਾਲੋਂ ਨਿਖੇੜ ਨਹੀਂ ਸਕਿਆ ਸੀ।
ਕੈਂਬਰਿਜ ਯੂਨੀਵਰਸਿਟੀ ਤੋਂ 1960 ’ਚ ਉਸ ਨੇ ਗਣਿਤ ਵਿਸ਼ੇ ਵਿੱਚ ਬੀ.ਏ. ਟਾਇਸਨ ਮੈਡਲ ਨਾਲ ਪਾਸ ਕੀਤੀ। ਉਹ ਦੱਸਦਾ ਸੀ ਕਿ ਕੈਂਬਰਿਜ ਗਣਿਤ ਟਰਾਇਪੋਸ (tripos) ਦੇ ਪ੍ਰਸ਼ਨ ਪੱਤਰਾਂ ਵਿੱਚ ਹਦਾਇਤਾਂ ਦਿੱਤੀਆਂ ਹੁੰਦੀਆਂ ਸਨ ਕਿ ਕੋਈ ਛੇ ਪ੍ਰਸ਼ਨਾਂ ਦੇ ਹੱਲ ਲਿਖੋ। ਅੱਧੇ ਹੱਲ ਦੇ ਪੂਰੇ ਅੰਕ ਨਹੀਂ ਮਿਲਣਗੇ। ਪੂਰੇ ਕੀਤੇ ਸਹੀ ਸਵਾਲਾਂ ਦੇ ਵੱਧ ਅਨੁਪਾਤਕ ਅੰਕ ਦਿੱਤੇ ਜਾਣਗੇ। ਜਦੋਂ ਮੇਰਾ ਟਰਾਇਪੋ ਦਾ ਨਤੀਜਾ ਆਇਆ ਤਾਂ ਮੇਰੇ ਇੱਕ ਪੇਪਰ ਵਿੱਚ 100 ਵਿੱਚੋਂ 110 ਅੰਕ ਸਨ। ਦੂਜੇ ਪੇਪਰ ਵਿੱਚ 100 ਵਿੱਚੋਂ 140 ਅਤੇ ਇਸੇ ਤਰ੍ਹਾਂ ਹੋਰ ਪੇਪਰਾਂ ਵਿੱਚ ਵੀ ਮੇਰੇ ਵੱਧ ਅੰਕ ਆਏ ਸਨ। ਮੇਰੇ ਟਿਊਟਰ ਨੇ ਮੈਨੂੰ ਦੱਸਿਆ ਕਿ ਭਾਵੇਂ ਕੋਈ ਕਿੰਨੇ ਵੀ ਸਵਾਲ ਹੱਲ ਕਰੇ, ਸਭਨਾਂ ਸਵਾਲਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਉਨ੍ਹਾਂ ਦੇ ਅੰਕ ਵੀ ਮਿਲਦੇ ਹਨ। ਰੈਂਕ ਪ੍ਰਾਪਤ ਸਕੋਰ ’ਤੇ ਆਧਾਰਿਤ ਹੁੰਦਾ ਹੈ।
ਸਾਲ 1964 ਵਿੱਚ ਉਸ ਨੇ ਖਗੋਲ ਭੌਤਿਕੀ ਵਿੱਚ ਪੋਸਟ ਗ੍ਰੈਜੂਏਟ ਕੀਤੀ। ਇਸ ਤੋਂ ਬਾਅਦ 1972 ਤੀਕ ਉਹ ਕਿੰਗਜ਼ ਕਾਲਜ ਵਿੱਚ ਫੈਲੋ ਦੇ ਤੌਰ ’ਤੇ ਕੰਮ ਕਰਦਾ ਰਿਹਾ। ਹੁਣ ਤੱਕ ਨਾਰਲੀਕਰ ਦਾ ਖੋਜ ਅਧਿਐਨ ਦੁਨੀਆ ਦੀ ਨਜ਼ਰ ਵਿੱਚ ਆ ਚੁੱਕਾ ਸੀ ਕਿ ਉਹ ਬ੍ਰਹਿਮੰਡ ਦੀ ਉਤਪਤੀ ਦੇ ਬਿੱਗ ਬੈਂਗ ਦੇ ਸਿਧਾਂਤ ਨਾਲ ਸਹਿਮਤ ਨਹੀਂ ਸੀ। ਉਹ ਸਮਾਂਨੰਤਰ ਬ੍ਰਹਿਮੰਡਾਂ ਦੀਆਂ ਅਟਕਲਬਾਜ਼ੀਆਂ ਨੂੰ ਮੂਲੋਂ ਹੀ ਖਾਰਜ ਕਰਦਾ ਸੀ।
ਸਾਲ 1972 ’ਚ ਨਾਰਲੀਕਰ ਭਾਰਤ ਵਾਪਸ ਮੁੜ ਆਇਆ। ਉਹ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਮੁੰਬਈ ਵਿੱਚ ਪ੍ਰੋਫੈਸਰ ਲੱਗ ਗਿਆ। ਇੱਥੇ ਉਹ ਖਗੋਲ ਭੌਤਿਕੀ ਗਰੁੱਪ ਦਾ ਇੰਚਾਰਜ ਬਣਿਆ। ਉਸ ਨੇ ਡਾਕਟਰੇਟ ਕਰ ਰਹੇ ਖੋਜ ਵਿਦਿਆਰਥੀਆਂ ਦੀ ਅਗਵਾਈ ਕੀਤੀ। ਉਸ ਨੇ ਪ੍ਰਕਾਸ਼ ਨਾਲੋਂ ਤੇਜ਼ ਦੌੜਨ ਵਾਲੇ ਕਣਾਂ ਟੈਂਚਿਓਨਜ਼ (Tanchyons) ’ਤੇ ਖੋਜ ਵੀ ਜਾਰੀ ਰੱਖੀ। ਡਾ. ਨਾਰਲੀਕਰ ਅਨੁਸਾਰ ਬਲੈਕ ਹੋਲ ਇਨ੍ਹਾਂ ਕਣਾਂ ਦਾ ਆਧਾਰ ਹਨ। ਇਹ ਬਾਹਰੋਂ ਆਈ ਰੋਸ਼ਨੀ ਨੂੰ ਜਜ਼ਬ ਕਰ ਲੈਂਦੇ ਹਨ ਅਤੇ ਭਾਰੀ ਦਬਾਅ ਹੇਠ ਬਲੈਕ ਹੋਲ ਦੀ ਸਤ੍ਵ ਸੁੰਗੜਨ ਲੱਗਦੀ ਹੈ। ਮਰਾਠੀ ਵਿੱਚ ਉਸ ਨੇ ਇੱਕ ਪੁਸਤਕ ‘ਆਕਾਸ਼ਾਸੀ ਜਾਡਲੇ ਨਾਤੇ’ ਲਿਖੀ। 1988 ’ਚ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ‘ਅੰਤਰ ਯੂਨੀਵਰਸਿਟੀ ਸੈਂਟਰ ਫਾਰ ਐਸਟਰੋਨੋਮੀ ਐਂਡ ਐਸਟ੍ਰੋ ਫਿਜ਼ਿਕਸ’ (IUCAA) ਪੂਨੇ ਵਿੱਚ ਸਥਾਪਤ ਕੀਤਾ। ਨਾਰਲੀਕਰ ਇਸ ਦਾ ਪਹਿਲਾ ਨਿਰਦੇਸ਼ਕ ਬਣਿਆ। ਇਸੇ ਸਾਲ ਉਸ ਨੇ ਬਾਲਟੀਮੋਰ (ਅਮਰੀਕਾ) ਵਿਖੇ ਐਸਟਰੋਨੋਮੀ ਦੀ ਇੱਕ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ। ਪੂਨੇ ਉਹ 2003 ’ਚ ਆਪਣੀ ਸੇਵਾਮੁਕਤੀ ਤੱਕ ਰਿਹਾ। ਉਸ ਦੀ ਨਿਗਰਾਨੀ ਵਿੱਚ ਆਈਯੂਸੀਏਏ ਨੇ ਬ੍ਰਹਿਮੰਡ ਵਿਗਿਆਨ ਅਤੇ ਖਗੋਲ ਭੌਤਿਕੀ ਪੜ੍ਹਾਉਣ ਅਤੇ ਖੋਜ ਕਾਰਜ ਦੀ ਉੱਤਮਤਾ ਵਿੱਚ ਵਿਸ਼ਵ ਵਿਆਪੀ ਮਾਨਤਾ ਪ੍ਰਾਪਤ ਕੀਤੀ। ਇਸ ਸਮੇਂ ਉਹ ਇੱਥੇ ਹੀ ਪ੍ਰੋਫੈਸਰ ਆਫ ਐਮੀਰਾਈਟਸ ਰਿਹਾ। 1981 ’ਚ ਉਹ ਵਿਸ਼ਵ ਸੱਭਿਆਚਾਰਕ ਕੌਂਸਲ ਦਾ ਮੋਢੀ ਬਣਿਆ।
ਸਾਲ 1994 ਤੋਂ 1997 ਤੱਕ ਉਹ ਅੰਤਰਰਾਸ਼ਟਰੀ ਐਸਟਰੋਨੋਮੀਕਲ ਯੂਨੀਅਨ ਦੇ ਕਾਸਮੋਲੋਜੀ ਕਮਿਸ਼ਨ ਦਾ ਪ੍ਰਧਾਨ ਬਣਿਆ। ਉਸ ਦੇ ਖੋਜ ਕਾਰਜ ਵਿੱਚ ਮਾਕ ਦਾ ਸਿਧਾਂਤ, ਕੁਆਂਟਮ ਕਾਸਮਾਲੋਜੀ, ਆਕਾਸ਼ੀ ਪਿੰਡ ਅਤੇ ਬ੍ਰਹਿਮੰਡ ਦੀ ਉਤਪਤੀ ਵੀ ਸ਼ਾਮਲ ਹਨ। 1993 ’ਚ ਹੋਇਲ ਨੇ ਥਾਮਸ ਗੋਲਡ ਅਤੇ ਹਰਮੈਨ ਬੋਂਡੀ ਨਾਲ ਮਿਲ ਕੇ ਸਟੈਡੀ ਸਟੇਟ ਥਿਊਰੀ ਦੀ ਪੜਚੋਲ ਕੀਤੀ ਅਤੇ ਇੱਕ ਹੋਰ ‘ਕੁਆਸੀ ਸਟੈਟ ਥਿਊਰੀ’ ਹੋਂਦ ਵਿੱਚ ਆਈ। ਇਹ ਥਿਊਰੀ ਬਿੱਗ ਬੈਂਗ ਥਿਊਰੀ ਅਤੇ ਸਟੈਡੀ ਸਟੇਟ ਥਿਊਰੀ ਵਿਚਕਾਰ ਇੱਕ ਨਵਾਂ ਰਾਹ ਬਣਾਉਂਦੀ ਸੀ।
ਸਪੇਸ ਰਿਸਰਚ ਵਿੱਚ ਉਸ ਨੇ ਵਿਗਿਆਨੀਆਂ ਨਾਲ ਮਿਲ ਕੇ ਨਵੇਂ ਪ੍ਰਯੋਗ ਕੀਤੇ। ਵਾਯੂਮੰਡਲ ਵਿੱਚ ਵੱਧ ਤੋਂ ਵੱਧ 41 ਕਿਲੋਮੀਟਰ ਉਚਾਈ ਤੀਕ ਸਟਰੈਟੋਸਫੀਅਰ ਤੋਂ ਹਵਾ ਦੇ ਨਮੂਨੇ ਲੈ ਕੇ, ਉਨ੍ਹਾਂ ਵਿੱਚ ਸੂਖਮ ਜੀਵਾਂ ਦਾ ਅਧਿਐਨ ਕੀਤਾ। 2001-2005 ਦੌਰਾਨ ਇਕੱਤਰ ਕੀਤੇ ਨਮੂਨਿਆਂ ਦੇ ਜੀਵ ਵਿਗਿਆਨਕ ਨਿਰੀਖਣ ਤੋਂ ਇਹ ਪਤਾ ਲੱਗਾ ਕਿ ਉਨ੍ਹਾਂ ਵਿੱਚ ਜੀਵੰਤ ਸੈੱਲ ਅਤੇ ਬੈਕਟੀਰੀਆ ਮੌਜੂਦ ਸਨ। ਇਸ ਦੇ ਨਾਲ ਇਹ ਸੰਭਾਵਨਾ ਵੀ ਹੋਣ ਲੱਗੀ ਕਿ ਧਰਤੀ ਉੱਪਰ ਲਗਾਤਾਰ ਸੂਖਮ ਕੋਸ਼ਿਕਾਵਾਂ ਅਤੇ ਬੈਕਟੀਰੀਆ ਦੀ ਵਾਛੜ ਹੋ ਰਹੀ ਹੈ। ਹੋ ਸਕਦਾ ਕਿ ਉਨ੍ਹਾਂ ਵਿੱਚੋਂ ਕੁੱਝ ਇੱਥੇ ਬੀਜ ਤੋਂ ਉੱਗ ਪੈਂਦੇ ਹੋਣ ਅਤੇ ਜ਼ਿੰਦਗੀ ਹਾਸਲ ਕਰ ਲੈਂਦੇ ਹੋਣ।
ਨਾਰਲੀਕਰ ਜਦੋਂ ਕੈਂਬਰਿਜ ਵਿੱਚ ਖੋਜ ਕਾਰਜ ਕਰਦਾ ਸੀ, ਸਟੀਫਨ ਹਾਕਿੰਗ ਵੀ ਉੱਥੇ 1960 ਵਿੱਚ ਪੜ੍ਹਨ ਲੱਗਾ ਸੀ। ਨਾਰਲੀਕਰ 1960 ਤੋਂ 1963 ਤੱਕ ਫਰੈਡਰਿਕ ਹੋਇਲ ਦਾ ਵਿਦਿਆਰਥੀ ਰਿਹਾ ਸੀ। ਹਾਕਿੰਗ ਵੀ ਹੋਇਲ ਦੇ ਅਧੀਨ ਖੋਜ ਅਧਿਐਨ ਕਰਨਾ ਚਾਹੁੰਦਾ ਸੀ, ਪਰ ਖੋਜਾਰਥੀਆਂ ਦੀ ਬਹੁਤਾਤ ਕਾਰਨ ਪ੍ਰੋ. ਹੋਇਲ ਨੇ ਹਾਕਿੰਗ ਨੂੰ ਜਵਾਬ ਦੇ ਦਿੱਤਾ ਸੀ। ਨਾਰਲੀਕਰ ਤਿੰਨ ਸਾਲ ਹਾਕਿੰਗ ਦੇ ਸੰਪਰਕ ਵਿੱਚ ਰਿਹਾ। ਹਾਕਿੰਗ ਵੈਸਟਰਨ ਕਲਾਸੀਕਲ ਸੰਗੀਤ ਦਾ ਸ਼ੌਕੀਨ ਸੀ। ਉਦੋਂ ਉਸ ਦੀ ਸਿਹਤ ਆਮ ਵਾਂਗ ਸੀ। ਹਾਕਿੰਗ ਨਾਰਲੀਕਰ ਨਾਲ ਟੈਨਿਸ ਖੇਡਿਆ ਕਰਦਾ ਸੀ। ਹਾਕਿੰਗ 1963-64 ਦੌਰਾਨ ਬਿਮਾਰ ਰਹਿਣ ਲੱਗ ਪਿਆ ਸੀ। ਉਸ ਨੂੰ ਸੋਟੀ ਅਤੇ ਵ੍ਹੀਲ ਚੇਅਰ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ ਸੀ।
ਨਾਰਲੀਕਰ ਦੇ ਘਰ ਦੇ ਬੂਹੇ ’ਤੇ ਲਾਈਨ: ‘ਬਿੱਗ ਬੈਂਗ ਇੱਕ ਵਿਸਫੋਟਕ ਫਰਜ਼ੀ ਢਕੌਂਸਲਾ’ ਲਿਖੀ ਹੋਈ ਸੀ। ਇਸ ਬਾਰੇ ਉਹ ਦੱਸਦਾ ਸੀ ਕਿ ਉਹ ਵੱਡੇ ਧਮਾਕੇ ਨੂੰ ਬ੍ਰਹਿਮੰਡ ਦੀ ਉਤਪਤੀ ਦਾ ਕਾਰਨ ਨਹੀਂ ਮੰਨਦਾ। ਉਹ ਕਹਿੰਦਾ ਸੀ- ਮੈਂ ਸਟੈਡੀ ਸਟੇਟ ਥਿਊਰੀ ਦੀ ਖੋਜ ਨਹੀਂ ਕੀਤੀ। ਇਸ ਨੂੰ ਤਾਂ 1948 ਵਿੱਚ ਹੋਇਲ ਅਤੇ ਦੋ ਹੋਰ ਵਿਗਿਆਨੀਆਂ ਨੇ ਰਲ ਕੇ ਖੋਜਿਆ ਸੀ। 1960 ਵਿੱਚ ਮੈਂ ਫਰੈਡਰਿਕ ਹੋਇਲ ਨਾਲ ਮਿਲ ਕੇ ਇਸ ਥਿਊਰੀ ਵਿੱਚ ਬਹੁਤ ਸਾਰੀ ਗਣਿਤਕ ਸਮੱਗਰੀ ਸ਼ਾਮਲ ਕੀਤੀ ਸੀ।
ਨਾਰਲੀਕਰ ਨੂੰ ਗਣਿਤ ਅਤੇ ਵਿਗਿਆਨ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਤਿਆਰ ਕਰਨ ਲਈ ਐੱਨ.ਸੀ.ਈ.ਆਰ.ਟੀ. ਨਵੀਂ ਦਿੱਲੀ ਵੱਲੋਂ ਬਣਾਈ ਕਮੇਟੀ ਦਾ ਚੇਅਰਮੈਨ ਵੀ ਬਣਾਇਆ ਗਿਆ ਸੀ। ਉਸ ਨੂੰ ਬਹੁਤ ਸਾਰੇ ਪੁਰਸਕਾਰ ਮਿਲੇ ਅਤੇ ਕਈ ਯੂਨੀਵਰਸਿਟੀਆਂ ਨੇ ਉਸ ਨੂੰ ਮਾਣ ਵਜੋਂ ਡਾਕਟਰੇਟ ਦੀਆਂ ਡਿਗਰੀਆਂ ਵੀ ਪ੍ਰਦਾਨ ਕੀਤੀਆਂ। ਉਸ ਨੂੰ ਮਿਲੇ ਮੁੱਖ ਸਨਮਾਨਾਂ ਵਿੱਚ: ਸਮਿੱਥ ਐਵਾਰਡ, ਪਦਮ ਭੂਸ਼ਨ, ਐਡਮਜ਼ ਪੁਰਸਕਾਰ, ਸ਼ਾਂਤੀ ਸਰੂਪ ਪੁਰਸਕਾਰ, ਇੰਦਰਾ ਗਾਂਧੀ ਪੁਰਸਕਾਰ, ਕਲਿੰਗਾ ਪੁਰਸਕਾਰ, ਪਦਮ ਵਿਭੂਸ਼ਨ ਪੁਰਸਕਾਰ ਅਤੇ ਮਹਾਰਾਸ਼ਟਰ ਭੂਸ਼ਨ ਪੁਰਸਕਾਰ ਹਨ।
ਨਾਰਲੀਕਰ ਰੇਡੀਓ, ਟੈਲੀਵਿਜ਼ਨ ਤੇ ਵਿਗਿਆਨਕ ਪ੍ਰੋਗਰਾਮਾਂ ਦਾ ਵਧੀਆ ਸੰਚਾਰਕ ਸੀ। ਤੁਸੀਂ ਉਸ ਨੂੰ ਕਦੀ ਦੂਰਦਰਸ਼ਨ, ਰੇਡੀਓ ’ਤੇ ਲੋਕ ਰੁਚੀ ਵਾਲਾ ਕੋਈ ਲੈਕਚਰ ਦਿੰਦਿਆਂ ਜਾਂ ਦੇਖਣ ਸੁਣਨ ਵਾਲਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਜ਼ਰੂਰ ਦੇਖਿਆ ਹੋਵੇਗਾ। ਉਸ ਨੂੰ ਸਾਲ 1989 ਵਿੱਚ ਕਾਰਵ ਸਾਗਾਨ ਦੇ ਟੀ.ਵੀ. ਸ਼ੋਅ ‘ਕੌਸਮੌਸ’ ਵਿੱਚ ਇੱਕ ਨਿੱਜੀ ਜਲ ਯਾਤਰਾ ਵਿੱਚ ਫਿਲਮਾਇਆ ਵੀ ਗਿਆ ਸੀ। ਉਸ ਦੀ ਮਰਾਠੀ ਵਿੱਚ ਲਿਖੀ ਸਵੈ ਜੀਵਨੀ ‘ਚਾਰ ਨਾਗਰਾਨ ਟੇਲ ਮਾਂਜੇ ਵਿਸ਼ਵਾ’ ’ਤੇ ਸਾਹਿਤ ਅਕਾਦਮੀ ਦਾ ਐਵਾਰਡ ਵੀ ਮਿਲਿਆ ਸੀ।
ਨਾਰਲੀਕਰ ਨੇ ਵਿਗਿਆਨ ਨਾਲ ਸਬੰਧਤ ਕਾਲਪਨਿਕ ਅਤੇ ਅਕਲਪਿਤ ਦੋਵੇਂ ਤਰ੍ਹਾਂ ਦੀਆਂ ਪੁਸਤਕਾਂ ਲਿਖੀਆਂ। ‘ਧੂਮ ਕੇਤੂ’ ਉਸ ਦੀ ਹਿੰਦੀ ਵਿੱਚ ਕਲਪਿਤ ਕਹਾਣੀਆਂ ਦੀ ਪੁਸਤਕ ਹੈ। ‘ਵਾਮਨ ਕੀ ਵਾਪਸੀ’, ‘ਵਿਸਫੋਟ’, ‘ਯਕਸ਼ੋਪਹਾਰ’, ‘ਕ੍ਰਿਸ਼ਨ ਵਿਵਰ ਔਰ ਅਨਯ ਵਿਗਿਆਨ ਕਥਾਏ’ ਉਸ ਦੀਆਂ ਚਰਚਿਤ ਪੁਸਤਕਾਂ ਹਨ। ਅੰਗਰੇਜ਼ੀ ਵਿੱਚ ਲਿਖੀਆਂ ਉਸ ਦੀਆਂ ਪੁਸਤਕਾਂ ‘ਫੈਕਟਸ ਐਂਡ ਸਪੈਕੂਲੇਸ਼ਨਜ਼ ਇਨ ਕੌਸਮੋਲੋਜੀ’ (facts and speculations in cosmology), ‘ਫਰੈਡ ਹੋਇਲ’ਜ਼ ਯੂਨੀਵਰਸ’ (Fred Hoyle’s Universe), ‘ਸੀਰੇਨ ਲਾਈਫ ਐਜ਼’ (Serein life edge), ‘ਸਾਇੰਟੇਫਿਕ ਐਜ਼’ (Scientific edge), ‘ਇੰਡੀਅਨ ਸਾਇੰਟਿਸਟ’ (Indian Scientist) ਅਤੇ ‘ਫਰੌਮ ਵੇਦਾਜ਼ ਮਿਜਰੇਬਲ ਟਾਈਮਜ਼’ (from vedics miserable times) ਕਾਫ਼ੀ ਚਰਚਿਤ ਰਹੀਆਂ ਹਨ।
ਨਾਰਲੀਕਰ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਗਣਿਤ ਦੀ ਖੋਜੀ ਮੰਗਲਾ ਨਾਰਲੀਕਰ ਨਾਲ ਵਿਆਹਿਆ ਗਿਆ ਸੀ। ਉਨ੍ਹਾਂ ਦੇ ਤਿੰਨ ਬੇਟੀਆਂ ਵਿੱਚੋਂ ਗੀਤਾ ਯੂਨੀਵਰਸਿਟੀ ਆਫ ਕੈਲੀਫੋਰਨੀਆ ਸਾਂ ਫਰਾਂਸਿਸਕੋ ਵਿੱਚ ਬਾਇਓ ਮੈਡੀਕਲ ਖੋਜੀ ਹੈ। ਉਹ ਬਹੁਤਾ ਸਮਾਂ ਵਿਗਿਆਨ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਲਈ ਵਾਰਤਕ ਲਿਖਦਾ ਰਿਹਾ। ਲੈਕਚਰ ਦਿੰਦਾ ਰਿਹਾ। ਕਿਤਾਬਾਂ ਲਿਖੀਆਂ, ਪਰ ਉਹ ਸਾਲਾਨਾ ਸਾਇੰਸ ਕਾਂਗਰਸ ਵਿੱਚ ਕਦੀ ਸ਼ਾਮਲ ਨਹੀਂ ਹੁੰਦਾ ਸੀ। ਇਸ ਬਾਰੇ ਉਹ ਕਹਿੰਦਾ ਸੀ- ਅਜਿਹੇ ਪ੍ਰੋਗਰਾਮ ਕਈ ਵਾਰ ਕਿਸੇ ਚੋਟੀ ਦੇ ਵਿਗਿਆਨੀ ਦੀ ਸ਼ੁਹਰਤ ਨੂੰ ਵਧਾਉਣ ਦੀ ਥਾਂ ਨੁਕਸਾਨ ਪਹੁੰਚਾਉਂਦੇ ਸਨ। ਭਾਰਤ ਦਾ ਇਹ ਹੋਣਹਾਰ ਵਿਗਿਆਨੀ ਵਿਸ਼ਵ ਵਿਗਿਆਨ ਸਮਾਜ ਨੂੰ ਆਪਣੇ ਖੋਜ ਅਨੁਭਵਾਂ ਨਾਲ ਮਾਲਾਮਾਲ ਕਰਦਾ ਅੰਤ 20 ਮਈ 2025 ਨੂੰ ਸਾਥੋਂ ਸਦਾ ਲਈ ਵਿੱਛੜਾ ਗਿਆ। ਨਾਰਲੀਕਰ ਖੋਜਾਂ ਜ਼ਰੀਏ, ਵਿਗਿਆਨ ਸਾਹਿਤ ਜ਼ਰੀਏ, ਰੇਡੀਓ ਤੇ ਦੂਰਦਰਸ਼ਨ ’ਤੇ ਨਸ਼ਰ ਜਾਣਕਾਰੀਆਂ ਕਰਕੇ ਸਦਾ ਸਾਡੇ ਚੇਤਿਆਂ ਵਿੱਚ ਜਿਊਂਦਾ ਰਹੇਗਾ।
ਸੰਪਰਕ: 97806-67686